ਕਿਰਪਾਨਾਂ ਤੇ ਬੇਸਵਾਲ ਨਾਲ ਕੀਤਾ ਹਮਲਾ, ਹਾਲਤ ਗੰਭੀਰ,ਪਟਿਆਲਾ ਰੈਫਰ
ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਹਮਲਾਵਰ ਹੋਏ ਫਰਾਰ
ਜਖਮੀ ਦੇ ਬਿਆਨ ਤੇ ਕਰਾਂਗੇ ਕੇਸ ਦਰਜ਼, ਬਖਸ਼ੇ ਨਹੀਂ ਜਾਣਗੇ ਦੋਸ਼ੀ-ਐਸ.ਆਈ. ਸੰਧੂ
ਅਜੀਤ ਸਿੰਘ ਕਲਸੀ/ ਸੋਨੀ ਪਨੇਸਰ ਬਰਨਾਲਾ 24 ਜੁਲਾਈ 2020
ਫਤਿਹਗੜ੍ਹ ਛੰਨਾ ਲਿੰਕ ਰੋਡ ਤੇ ਸ਼ੈਲਰਾਂ ਚੋਂ ਪਨਸਪ ਦੀ ਕਣਕ ਦੀ ਸਪੈਸ਼ਲ ਢੁਆਈ ਚ, ਲੱਗੇ ਪੱਲੇਦਾਰ ਮਜਦੂਰ ਰੂਪ ਸਿੰਘ ਨਿਵਾਸੀ ਬਾਬਾ ਜੀਵਨ ਸਿੰਘ ਨਗਰ ਹੰਡਿਆਇਆ ਨੂੰ ਬਲੈਰੋ ਗੱਡੀ ਵਿੱਚ ਸਵਾਰ ਹਮਲਾਵਰਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਗੰਭੀਰ ਜਖਮੀ ਕਰ ਦਿੱਤਾ। ਗੰਭੀਰ ਹਾਲਤ ਚ, ਰੂਪ ਸਿੰਘ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ । ਪਰੰਤੂ ਅਤੀ ਨਾਜੁਕ ਹਾਲਤ ਦੇ ਮੱਦੇਨਜਰ ਉਸ ਨੂੰ ਡਾਕਟਰਾਂ ਨੇ ਰਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਲੇਬਰ ਠੇਕੇਦਾਰ ਅਮਨਦੀਪ ਸਿੰਘ ਨੇ ਦੱਸਿਆ ਕਿ ਉਸ ਕੋਲ ਕਲਸਟਰ-2 ਦੀ ਲੇਬਰ ਦਾ ਠੇਕਾ ਹੈ। ਕੁਝ ਦਿਨਾਂ ਤੋਂ ਸ਼ੈਲਰਾਂ ਵਿੱਚੋਂ ਪਨਸਪ ਦੀ ਕਣਕ ਦੀ ਢੁਆਈ ਦਾ ਕੰਮ ਉਸ ਦੀ ਲੇਬਰ ਕਰ ਰਹੀ ਸੀ।
ਵੀਰਵਾਰ ਸ਼ਾਮ ਉਹ ਆਪਣੇ ਬਲੈਰੋ ਗੱਡੀ ਚ, ਆਪਣੇ ਸਾਥੀ ਬਲਵੀਰ ਸਿੰਘ ਸਣੇ ਲੇਬਰ ਦੀ ਪੇਮੈਂਟ ਦੇਣ ਲਈ ਗਿਆ ਤਾਂ ਅਚਾਣਕ ਹੀ ਇੱਕ ਹੋਰ ਚਿੱਟੇ ਰੰਗ ਦੀ ਬਲੈਰੋ ਚ, ਹਥਿਆਰਾਂ ਸਮੇਤ ਸਵਾਰ ਹੋ ਕੇ ਆਏ 6/7 ਜਣਿਆਂ ਨੇ ਉਸ ਦੀ ਗੱਡੀ ਤੇ ਬੇਸਵਾਲ ਨਾਲ ਹਮਲਾ ਕਰ ਦਿੱਤਾ। ਆਪਣੇ ਬਚਾਅ ਲਈ ਮੈਂ ਗੱਡੀ ਲੈ ਕੇ ਪੁਲਿਸ ਚੌਂਕੀ ਹੰਡਿਆਇਆ ਚ, ਝਗੜੇ ਸਬੰਧੀ ਇਤਲਾਹ ਦੇਣ ਪਹੁੰਚ ਗਿਆ। ਜਦੋਂ ਪੁਲਿਸ ਪਾਰਟੀ ਘਟਨਾ ਵਾਲੀ ਥਾਂ ਤੇ ਪਹੁੰਚੀ ਤਾਂ ਹਮਲਾਵਰ ਉੱਥੋਂ ਫਰਾਰ ਹੋ ਚੁੱਕੇ ਸਨ। ਪਰੰਤੂ ਉੱਥੇ ਸਾਡੀ ਲੇਬਰ ਦਾ ਪੱਲੇਦਾਰ ਰੂਪ ਸਿੰਘ ਖੂਨ ਨਾਲ ਲੱਥਪੱਥ ਹੋਇਆ ਬਚਾਉ ਬਚਾਉ ਦਾ ਰੌਲਾ ਪਾ ਰਿਹਾ ਸੀ। ਤੁਰੰਤ ਹੀ ਰੂਪ ਸਿੰਘ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਉਨਾਂ ਪੁਲਿਸ ਤੋਂ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਕੇ ਉਨਾਂ ਨੂੰ ਗਿਰਫਤਾਰ ਕੀਤਾ ਜਾਵੇ। ਪੁਲਿਸ ਚੌਂਕੀ ਹੰਡਿਆਇਆ ਦੇ ਇੰਚਾਰਜ ਐਸਆਈ ਗੁਰਵਿੰਦਰ ਸਿੰਘ ਸੰਧੂ ਨੇ ਕਿਹਾ ਕਿ ਜਖਮੀ ਰੂਪ ਸਿੰਘ ਦੇ ਬਿਆਨ ਅਤੇ ਮੈਡੀਕਲ ਰਿਪੋਰਟ ਦੇ ਅਧਾਰ ਦੇ ਨਾਮਜ਼ਦ ਦੋਸ਼ੀਆਂ ਖਿਲਾਫ ਕੇਸ ਦਰਜ਼ ਕਰਕੇ ਉਨਾਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।