ਆਤਮ ਹੱਤਿਆ ਤੋਂ ਪਹਿਲਾਂ ਮਾਂ ਤੇ ਘਰਵਾਲੀ ਨੂੰ ਘਰੋਂ ਭੇਜਿਆ
ਹਰਿੰਦਰ ਨਿੱਕਾ ਬਰਨਾਲਾ 24 ਜੁਲਾਈ 2020
ਆਰਥਿਕ ਮੰਦਹਾਲੀ ਦੀ ਚੱਕੀ ਚ, ਪਿਸ ਰਹੇ ਕਰੀਬ 32 ਕੁ ਵਰ੍ਹਿਆਂ ਦੇ ਨੌਜਵਾਨ ਗੁਰਜੀਤ ਸਿੰਘ ਨੇ ਵੀਰਵਾਰ ਰਾਤ ਆਪਣੇ ਘਰ ਅੰਦਰ ਹੀ ਗਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਹੰਡਿਆਇਆ ਪੁਲਿਸ ਚੌਂਕੀ ਦੇ ਇੰਚਾਰਜ਼ ਐਸ.ਆਈ. ਗੁਰਵਿੰਦਰ ਸਿੰਘ ਸੰਧੂ ਨੇ ਪੁਲਿਸ ਪਾਰਟੀ ਸਮੇਤ ਮੌਕੇ ਵਾਲੀ ਥਾਂ ਦਾ ਦੌਰਾ ਕੀਤਾ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਅਨੁਸਾਰ ਨੌਜਵਾਨ ਕਿਸਾਨ ਗੁਰਜੀਤ ਸਿੰਘ ਪੁੱਤਰ ਬਲਵੀਰ ਸਿੰਘ ਨਿਵਾਸੀ ਦਿਉਲ ਪੱਤੀ ਖੁੱਡੀ ਕਲਾਂ ਕਰਜੇ ਦਾ ਵਿੰਨ੍ਹਿਆ ਆਰਥਿਕ ਮੰਦਹਾਲੀ ਨਾਲ ਜੂਨ ਗੁਜਾਰਾ ਕਰ ਰਿਹਾ ਸੀ।
ਵੀਰਵਾਰ ਨੂੰ ਦਿਨ ਵੇਲੇ ਉਹ ਕਾਫੀ ਮਾਨਸਿਕ ਪਰੇਸ਼ਾਨ ਸੀ, ਜਿਸ ਕਰਕੇ ਉਸ ਨੇ ਆਪਣੀ ਮਾਂ ਅਤੇ ਘਰਵਾਲੀ ਨਾਲ ਵੀ ਤਕਰਾਰ ਕਰਕੇ ਉਨਾਂ ਨੂੰ ਘਰੋਂ ਭੇਜ ਦਿੱਤਾ ਸੀ। ਰਾਤ ਨੂੰ ਉਹ ਘਰ ਚ, ਇਕੱਲਾ ਹੀ ਸੀ। ਪਤਾ ਇਹ ਵੀ ਲੱਗਿਆ ਹੈ ਕਿ ਉਸ ਨੇ ਕਰਜੇ ਤੋਂ ਥੋੜ੍ਹੀ ਰਾਹਤ ਪਾਉਣ ਦੀ ਉਮੀਦ ਨਾਲ ਆਪਣੀ ਗੱਡੀ ਵੀ ਵੇਚ ਦਿੱਤੀ ਸੀ। ਗੁਰਜੀਤ ਸਿੰਘ ਦਾ ਦੋਸਤ ਵੀਰਵਾਰ ਰਾਤ ਕਰੀਬ ਸਾਢੇ 8 ਕੁ ਵਜੇ, ਜਦੋਂ ਉਸ ਨੂੰ ਇਹ ਦੱਸਣ ਲਈ ਪਹੁੰਚਿਆ ਕਿ ਉਸ ਦੀ ਵੇਚੀ ਗੱਡੀ ਸ਼ੁਕਰਵਾਰ ਨੂੰ ਲੈਣ ਆਉਣਗੇ ਤਾਂ ਉਦੋਂ ਉਸ ਨੇ ਦੇਖਿਆ ਕਿ ਗੁਰਜੀਤ ਸਿੰਘ ਨੇ ਗਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਹੈ। ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ। ਚੌਂਕੀ ਇੰਚਾਰਜ਼ ਐਸ.ਆਈ. ਗੁਰਵਿੰਦਰ ਸਿੰਘ ਸੰਧੂ ਨੇ ਪੁੱਛਣ ਤੇ ਦੱਸਿਆ ਕਿ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੌਰਚਰੀ ਚ, ਰੱਖ ਦਿੱਤੀ ਹੈ। ਉਨਾਂ ਕਿਹਾ ਕਿ ਮ੍ਰਿਤਕ ਦੇ ਵਾਰਿਸਾਂ ਦੇ ਬਿਆਨ ਅਨੁਸਾਰ ਅਗਲੀ ਕਾਨੂੰਨੀ ਕਾਰਵਾਈ ਅਮਲ ਚ, ਲਿਆਂਦੀ ਜਾਵੇਗੀ।