ਲੱਖਾਂ ਹੀ ਨਸ਼ੀਲੀਆਂ ਗੋਲੀਆਂ ਤੇ ਡਰੱਗ ਮਨੀ ਸਣੇ ਕਈ ਤਸਕਰ ਚੜ੍ਹੇ ਪੁਲਿਸ ਦੇ ਹੱਥੇ !
ਡਰੱਗ ਮਨੀ ਦੀ ਗਿਣਤੀ ਲਈ ਵਰਤੀਆਂ ਜਾ ਰਹੀਆਂ ਨੋਟ ਗਿਣਨ ਵਾਲੀਆਂ ਮਸ਼ੀਨਾਂ
ਹਿਰਾਸਤ ਚ, ਲਏ ਨਸ਼ਾ ਤਸਕਰਾਂ ਚ, ਪੰਜਾਬ ਅਤੇ ਬਾਹਰੀ ਰਾਜਾਂ ਦੇ ਤਸਕਰ ਵੀ ਸ਼ਾਮਿਲ
ਹਰਿੰਦਰ ਨਿੱਕਾ ਬਰਨਾਲਾ 24 ਜੁਲਾਈ 2020
ਜਿਲ੍ਹੇ ਤੋਂ ਬਾਹਰੀ ਸ਼ਹਿਰਾਂ ਵਿੱਚੋਂ ਭਾਰੀ ਮਾਤਰਾ ਚ, ਨਸ਼ੀਲੀਆਂ ਗੋਲੀਆਂ ਅਤੇ ਕਰੋੜਾਂ ਰੁਪਏ ਦੀ ਡਰੱਗ ਮਨੀ ਫੜ੍ਹਨ ਦੇ ਮਾਮਲੇ ਚ, ਪੰਜਾਬ ਭਰ ਚੋਂ ਪਹਿਲਾ ਦਰਜਾ ਪ੍ਰਾਪਤ ਕਰ ਚੁੱਕੀ ਬਰਨਾਲਾ ਪੁਲਿਸ ਦੇ ਹੱਥ ਇੱਕ ਹੋਰ ਵੱਡੀ ਸਫਲਤਾ ਲੱਗੀ ਹੈ। ਪਰੰਤੂ ਪੁਲਿਸ ਕਿਸੇ ਤਕਨੀਕੀ ਵਜ੍ਹਾ ਕਾਰਣ ਹਾਲੇ ਤੱਕ ਇਸ ਵੱਡੇ ਨਸ਼ਾ ਰੈਕਟ ਦਾ ਖੁਲਾਸਾ ਕਰਨ ਤੋਂ ਟਾਲਾ ਵੱਟ ਰਹੀ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਪੁਲਿਸ ਨੇ ਹੁਣ ਜਲਦ ਹੀ ਇਸ ਵੱਡੇ ਨਸ਼ਾ ਰੈਕਟ ਦਾ ਖੁਲਾਸਾ ਕਰਨ ਦੀ ਵਿਊਂਤਬੰਦੀ ਘੜ ਲਈ ਹੈ। ਪਰੰਤੂ ਪੁਲਿਸ ਅਧਿਕਾਰੀਆਂ ਨੇ ਇਹ ਸਾਰਾ ਆਪਰੇਸ਼ਨ ਪੂਰੀ ਤਰਾਂ ਗੁਪਤ ਰੱਖਿਆ ਹੋਇਆ ਹੈ।
ਅਪੁਸ਼ਟ ਸੂਚਨਾ ਮੁਤਾਬਿਕ ਸੀਆਈਏ ਬਰਨਾਲਾ ਦੀ ਟੀਮ ਨੇ ਕੁਝ ਦਿਨ ਪਹਿਲਾਂ ਦਰਜ਼ ਨਸ਼ਾ ਤਸਕਰੀ ਦੇ ਇੱਕ ਕੇਸ ਦੀਆਂ ਤੰਦਾਂ ਜੋੜ ਕੇ ਨਸ਼ਾ ਸਪਲਾਇਰਾਂ ਦੀ ਪੈੜ ਲੱਭ ਲੱਭ ਕੇ ਵੱਡੇ ਨਸ਼ਾ ਰੈਕਟ ਤੱਕ ਪਹੁੰਚ ਕਰ ਲਈ ਹੈ । ਜਿਸ ਦੇ ਤਹਿਤ ਪੁਲਿਸ ਨੇ ਲੱਖਾਂ ਦੀ ਗਿਣਤੀ ਚ, ਨਸ਼ੀਲੀਆਂ ਗੋਲੀਆਂ ਅਤੇ ਵੱਡੀ ਸੰਖਿਆ ਚ, ਡਰੱਗ ਮਨੀ ਵੀ ਬਰਾਮਦ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ। ਇਹ ਸਾਰੇ ਆਪਰੇਸ਼ਨ ਨੂੰ ਐਸਐਸਪੀ ਸੰਦੀਪ ਗੋਇਲ ਦੀ ਸੁਪਰਵੀਜਨ ਅਤੇ ਐਸਪੀ ਡੀ ਸੁਖਦੇਵ ਸਿੰਘ ਵਿਰਕ, ਏ.ਐਸ.ਪੀ. ਮਹਿਲ ਕਲਾਂ ਪ੍ਰੱਗਿਆ ਜੈਨ , ਡੀਐਸਪੀ ਡੀ ਰਮਨਿੰਦਰ ਦਿਉਲ ਅਤੇ ਸੀਆਈਏ ਇੰਚਾਰਜ਼ ਬਲਜੀਤ ਸਿੰਘ ਦੀ ਅਗਵਾਈ ਚ, ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।
ਹੁਣ ਇੰਤਜ਼ਾਰ ਹੈ ਤਾਂ ਬੱਸ ਸਿਰਫ ਇਸ ਰੈਕਟ ਦੀ ਪੇਸ਼ਕਾਰੀ ਅਤੇ ਸਹੀ ਸਮੇਂ ਤੇ ਖੁਲਾਸਾ ਕਰਨ ਦਾ । ਨਸ਼ੇ ਦੀ ਵੱਡੀ ਖੇਪ ਫੜ੍ਹ ਲੈਣ ਦੀ ਚੁੰਝ ਚਰਚਾ ਪਿਛਲੇ ਇੱਕ ਹਫਤੇ ਤੋਂ ਹਰ ਪੁਲਿਸ ਕਰਮਚਾਰੀ ਦੀ ਜੁਬਾਨ ਤੇ ਹੈ। ਪਰੰਤੂ ਪੁਲਿਸ ਦਾ ਕੋਈ ਵੀ ਵੱਡਾ ਜਾਂ ਛੋਟਾ ਅਧਿਕਾਰੀ ਇਸ ਨਸ਼ਾ ਰੈਕਟ ਬਾਰੇ ਮੂੰਹ ਖੋਹਲਣ ਲਈ ਤਿਆਰ ਨਹੀਂ ਹੈ । ਹਰ ਕੋਈ ਦਬੀ ਜੁਬਾਨ ਨਾਲ ਇੱਨਾਂ ਜਰੂਰ ਕਹਿ ਰਿਹਾ ਹੈ ਕਿ ਨਸ਼ੇ ਦੀ ਹੁਣ ਬਰਾਮਦ ਹੋਈ ਵੱਡੀ ਖੇਪ ਅਤੇ ਡਰੱਗ ਮਨੀ, ਬਰਨਾਲਾ ਪੁਲਿਸ ਦੇ ਸਿਰ ਪਹਿਲਾ ਸਜੇ ਤਾਜ਼ ਦਾ ਰਿਕਾਰਡ ਜਰੂਰ ਤੋੜ ਦੇਵੇਗੀ। ਵਰਨਣਯੋਗ ਹੈ ਪਿਛਲੇ ਕਈ ਦਿਨਾਂ ਤੋਂ ਸੀਆਈਏ ਚ, ਬਾਹਰੀ ਜਿਲ੍ਹਿਆਂ ਤੋਂ ਆਉਣ ਵਾਲੀਆਂ ਗੱਡੀਆਂ ਦੀ ਕਾਫੀ ਭਰਮਾਰ ਹੈ। ਗੱਲ ਇੱਥੇ ਹੀ ਬੱਸ ਨਹੀਂ ,ਸੀਆਈਏ ਅੰਦਰ ਨੋਟ ਗਿਣਨ ਲਈ ਬਕਾਇਦਾ ਮਸ਼ੀਨਾਂ ਦਾ ਸਹਾਰਾ ਵੀ ਲੈਣਾ ਪੈ ਰਿਹਾ ਹੈ।
ਕੁਝ ਦਿਨਾਂ ਤੋਂ ਐਸਐਸਪੀ ਗੋਇਲ ਤੇ ਹੋਰ ਆਲ੍ਹਾ ਅਧਿਕਾਰੀਆਂ ਦੀ ਉਨਾਂ ਦੇ ਦਫਤਰ ਤੋਂ ਜਿਆਦਾ ਸੀਆਈਏ , ਚ ਹਾਜ਼ਰੀ , ਵੱਡੀ ਸਫਲਤਾ ਵੱਲ ਇਸ਼ਾਰਾ ਜਰੂਰ ਕਰ ਰਹੀ ਹੈ। ਯਾਨੀ ਇਹ ਗੱਲ ਚਿੱਟੇ ਦਿਨ ਵਾਂਗ ਸਾਫ ਹੈ ਕਿ ਬਰਨਾਲਾ ਪੁਲਿਸ ਨੇ ਇੱਕ ਵਾਰ ਫਿਰ ਵੱਡਾ ਮਾਰਕਾ ਮਾਰ ਲਿਆ ਹੈ। ਜਿਹੜਾ ਪਿਛਲੇ ਕੁਝ ਸਮੇਂ ਤੋਂ ਜਿਲ੍ਹਾ ਪੁਲਿਸ ਮੁਖੀ ਗੋਇਲ ਦੀ ਕਾਰਗੁਜਾਰੀ ਤੇ ਉੱਠ ਰਹੇ ਸਵਾਲਾਂ ਦਾ ਮੂੰਹ ਤੋੜ ਜੁਆਬ ਹੋ ਸਕਦਾ ਹੈ।
ਹਿਰਾਸਤ ਚ, ਚੱਲ ਰਹੇ ਮਾਝੇ ਦੇ ਤਸਕਰ ਦੀ ਰਿਪੋਰਟ ਪੌਜੇਟਿਵ
ਪੁਲਿਸ ਦੁਆਰਾ ਕਥਿਤ ਤੌਰ ਤੇ ਮਾਝੇ ਇਲਾਕੇ ਵਿੱਚੋਂ ਪੁੱਛਗਿੱਛ ਲਈ ਹਿਰਾਸਤ ਚ, ਲਏ ਇੱਕ ਵਿਅਕਤੀ ਦੀ ਰਿਪੋਰਟ ਕੋਰੋਨਾ ਪੌਜੇਟਿਵ ਹੋਣ ਦੀ ਗੱਲ ਵੀ ਪੂਰੀ ਸਖਤੀ ਦੇ ਬਾਵਜੂਦ ਬਾਹਰ ਨਿੱਕਲ ਕੇ ਆ ਰਹੀ ਹੈ। ਪਰੰਤੂ ਇਸ ਦੀ ਪੁਸ਼ਟੀ ਨਾ ਕੋਈ ਸਿਹਤ ਵਿਭਾਗ ਦਾ ਅਧਿਕਾਰੀ ਤੇ ਕਰਮਚਾਰੀ ਕਰ ਰਿਹਾ ਹੈ ਅਤੇ ਨਾ ਹੀ ਕੋਈ ਪੁਲਿਸ ਅਧਿਕਾਰੀ ਜਾਂ ਕਰਮਚਾਰੀ । ਇੱਨਾਂ ਜਰੂਰ ਹੈ ਕਿ ਇਸ ਗੱਲ ਦੀ ਪੁਸ਼ਟੀ ਐਸਪੀਡੀ ਸੁਖਦੇਵ ਸਿੰਘ ਵਿਰਕ ਦੀ ਕੋਰੋਨਾ ਪੌਜੇਟਿਵ ਰਿਪੋਰਟ ਤੋਂ ਅਣਅਧਿਕਾਰਿਤ ਤੌਰ ਤੇ ਜਰੂਰ ਹੁੰਦੀ ਹੈ। ਕਿਉਂਕਿ ਸਿਹਤ ਵਿਭਾਗ ਦੇ ਅਧਿਕਾਰੀ ਵੀ ਇਹ ਖੁਲਾਸਾ ਨਹੀਂ ਕਰ ਰਹੇ ਕਿ ਐਸਪੀ ਡੀ ਆਖਿਰ ਕਿਸ ਕੋਰੋਨਾ ਪੌਜੇਟਿਵ ਵਿਅਕਤੀ ਦੇ ਸੰਪਰਕ ਚ,ਆਉਣ ਕਾਰਣ ਪੌਜੇਟਿਵ ਆ ਗਏ ਹਨ।