ਗੱਡੀ ਘੇਰ ਕੇ ਬੇਸਵਾਲ ਅਤੇ ਕਿਰਪਾਨਾਂ ਨਾਲ ਕੀਤਾ ਹਮਲਾ,ਕੇਸ ਦਰਜ਼, ਦੋਸ਼ੀਆਂ ਦੀ ਤਲਾਸ਼ ਚ, ਲੱਗੀ ਪੁਲਿਸ
ਹਰਿੰਦਰ ਨਿੱਕਾ ਬਰਨਾਲਾ 22 ਜੁਲਾਈ 2020
ਬਠਿੰਡਾ-ਫਿਰੋਜਪੁਰ ਸਾਈਡ ਤੋਂ ਗਊਆਂ ਦਾ ਟਰਾਲਾ ਭਰ ਕੇ ਹਰਿਆਣਾ ਦੇ ਮੇਵਾੜ ਖੇਤਰ ਵਿੱਚ ਗਊਆਂ ਵੱਢਣ ਲਈ ਲਿਜਾਂਦੇ ਵਿਅਕਤੀਆਂ ਦਾ ਪਿੱਛਾ ਕਰ ਰਹੇ ਗਊ ਰੱਖਿਆ ਦਲ ਦੇ ਮੈਂਬਰ ਰਾਜੀਵ ਨਿਵਾਸੀ ਬੰਗਾ, ਥਾਣਾ ਮੂਣਕ ਜਿਲ੍ਹਾ ਸੰਗਰੂਰ ਤੇ ਦੋਸ਼ੀਆਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਪੁਲਿਸ ਨੂੰ ਦਿੱਤੇ ਬਿਆਨ ਚ, ਰਾਜੀਵ ਨੇ ਕਿਹਾ ਕਿ ਉਸ ਨੂੰ ਗਊ ਰੱਖਿਆ ਦਲ ਦੇ ਪ੍ਰਧਾਨ ਸਤੀਸ਼ ਕੁਮਾਰ ਤੋਂ ਪਤਾ ਲੱਗਿਆ ਕਿ ਟਰਾਲੇ ਚ, ਗਊਆਂ ਭਰ ਕੇ ਹਰਿਆਣਾ ਦੇ ਮੇਵਾੜ ਖੇਤਰ ਚ, ਵੱਢਣ ਲਈ ਲੈ ਕੇ ਜਾ ਰਹੇ ਹਨ।
ਸੂਚਨਾ ਮਿਲਦਿਆਂ ਹੀ ਮੁਦਈ ਆਪਣੇ ਹੋਰ ਸਾਥੀਆਂ ਨਾਲ ਗੱਡੀ ਨੰਬਰ ਐਚਆਰ 01 ਏ.ਐਨ. 2385 ਮਾਰਕਾ ਟਾਟਾ ਸਫਾਰੀ ਤੇ ਸਵਾਰ ਹੋ ਕੇ ਪਾਤੜਾਂ ਤੋਂ ਟਰੱਕ ਦੀ ਤਲਾਸ਼ ਸਬੰਧੀ ਬਰਨਾਲਾ ਸਾਈਡ ਆ ਰਹੇ ਸੀ। ਗਊਆਂ ਦੇ ਭਰੇ ਟਰਾਲੇ ਦਾ ਪਿੱਛਾ ਕਰਦੇ ਕਰਦੇ ਜਦੋਂ ਉਹ ਫੌਜੀ ਢਾਬਾ ਧਨੌਲਾ ਵਿਖੇ ਰੋਟੀ ਖਾਣ ਲਈ ਰੁਕੇ ਤਾਂ ਇੱਕ ਸਕਾਰਪਿਉ ਗੱਡੀ ਨੰਬਰ ਪੀ.ਬੀ.11 ਬੀ.ਵਾਈ 0617 ਰੰਗ ਚਿੱਟਾ ਵੀ ਸਾਡੇ ਕੋਲ ਢਾਬੇ ਤੇ ਹੀ ਆ ਕੇ ਰੁਕੀ। ਗੱਡੀ ਚ, ਸਵਾਰ ਬਿੰਨੀ ਠੇਕੇਦਾਰ ਵਾਸੀ ਮੁਕਤਸਰ ਸਾਹਿਬ, ਸ਼ਲਿੰਦਰ ਸਿੰਘ ਵਾਸੀ ਬੰਗਾ ਅਤੇ ਗੁਰਵਿੰਦਰ ਸਿੰਘ ਭੁੱਲਰ ਵਾਸੀ ਬਖੋਰਾ ਨੇ ਗੱਡੀ ਚੋਂ ਉਤਰਦਿਆਂ ਹੀ ਸਾਡੀ ਗੱਡੀ ਤੇ ਬੇਸਵਾਲ ਤੇ ਕਿਰਪਾਨਾਂ ਨਾਲ ਜਾਨ ਤੋਂ ਮਾਰ ਦੇਣ ਦੀ ਨੀਯਤ ਨਾਲ ਹਮਲਾ ਕਰ ਦਿੱਤਾ।
ਦੋਸ਼ੀਆਂ ਦੀ ਇੱਕ ਹੋਰ ਗੱਡੀ ਚ, ਸਵਾਰ 4/5 ਹੋਰ ਬੰਦਿਆਂ ਨੇ ਵੀ ਉੱਤਰ ਕੇ ਮੁਦਈ ਨੂੰ ਘੇਰ ਲਿਆ ਤੇ ਜਾਨੋ ਮਾਰਨ ਦੀ ਮੰਸ਼ਾ ਨਾਲ ਹਮਲਾ ਕਰ ਦਿੱਤਾ। ਰੌਲਾ ਪਾਉਣ ਤੇ ਸਾਰੇ ਦੋਸ਼ੀ ਜਾਨ ਤੋਂ ਮਾਰਨ ਦੀਆਂ ਧਮਕੀਆਂ ਦਿੰਦੇ ਘਟਨਾ ਵਾਲੀ ਜਗ੍ਹਾ ਤੋਂ ਹਥਿਆਰਾਂ ਸਹਿਤ ਫਰਾਰ ਹੋ ਗਏ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ ਬਲਕਾਰ ਸਿੰਘ ਨੇ ਦੱਸਿਆ ਕਿ ਰਾਜੀਵ ਕੁਮਾਰ ਦੇ ਬਿਆਨ ਤੇ ਉਕਤ ਨਾਮਜ਼ਦ 3 ਦੋਸ਼ੀਆਂ ਤੇ ਉਨਾਂ ਦੇ 4/5 ਹੋਰ ਅਣਪਛਾਤੇ ਸਾਥੀਆਂ ਖਿਲਾਫ ਜੁਰਮ 307/323/341/506/ 147/ 148/149 ਆਈਪੀਸੀ ਤਹਿਤ ਥਾਣਾ ਧਨੌਲਾ ਵਿਖੇ ਦਰਜ਼ ਕਰਕੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਉਨਾਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।