ਹਰਿੰਦਰ ਨਿੱਕਾ, ਬਰਨਾਲਾ 4 ਫਰਵਰੀ 2025
ਕੈਨੇਡਾ ਸਰਕਾਰ ਵੱਲੋਂ ਕੁੱਝ ਸਮਾਂ ਪਹਿਲਾਂ +2 ਤੋਂ ਬਾਅਦ ਸਟੱਡੀ ਵੀਜਾ ਦੇਣ ਤੋਂ ਹੱਥ ਪਿੱਛੇ ਖਿੱਚ ਲਏ ਜਾਣ ਉਪਰੰਤ, ਖੁੰਭਾ ਵਾਂਗ ਉੱਗ ਰਹੇ ਆਈਲੈਟਸ ਕੋਚਿੰਗ ਸੈਂਟਰਾਂ ਨੇ ਹੁਣ ਖੁਦ ਵੀ ਸੈਂਟਰ ਬੰਦ ਕਰਨੇ ਸ਼ੁਰੂ ਕਰ ਦਿੱਤੇ ਹਨ। ਨਤੀਜੇ ਵਜੋਂ ਆਈਲੈਟਸ ਕੋਚਿੰਗ ਸੈਂਟਰਾਂ ਦੀ ਹੱਬ ਵਜ਼ੋਂ ਸਥਾਪਿਤ ਰਹੇ 16 ਏਕੜ ਖੇਤਰ ‘ਚ ਵੀ ਬਹੁਤੇ ਸੈਂਟਰਾਂ ਨੂੰ ਜਿੰਦੇ ਲਟਕਣ ਲੱਗ ਪਏ ਹਨ। ਭੀੜਾਂ ਦੀ ਥਾਂ ਹੁਣ ਚੁਫੇਰੇ ਸੁੰਨ ਪਸਰੀ ਪਈ ਹੈ। ਹਾਲਤ ਤਾਂ ਇਹ ਵੀ ਹੋ ਗਏ ਹਨ ਕਿ ਆਈਲੈਟਸ ਸੈਂਟਰਾਂ ਵਾਲੇ ਖੁਦ ਹੀ ਪ੍ਰਸ਼ਾਸ਼ਨ ਨੂੰ ਦੁਰਖਾਸਤਾਂ ਦੇ ਕੇ, ਆਪਣੇ ਲਾਈਸੈਂਸ ਰੱਦ ਕਰਵਾਉਣ ਦੇ ਰਾਹ ਪੈ ਗਏ ਹਨ। ਇਸ ਦੀ ਤਾਜ਼ਾ ਉਦਾਹਰਣ ਬਣਿਆ ਹੈ, ਸੀ ਵਰਲਡ ਐਜੁਕੇਸ਼ਨ ਪੁਆਇੰਟ, ਆਈਲੈਟਸ ਇੰਸਟੀਚਿਊਟ। ਜਿਸ ਦਾ ਲਾਈਸੈਂਸ ਰੱਦ ਕਰ ਦਿੱਤਾ ਗਿਆ ਹੈ।
ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ ਸੀ ਵਰਲਡ ਐਜੁਕੇਸ਼ਨ ਪਾਇੰਟ, ਆਈਲੈਟਸ ਇੰਸਟੀਚਿਊਟ ਦੇ ਨਾਮ ’ਤੇ ਜਾਰੀ ਹੋਇਆ ਲਾਇਸੈਂਸ ਰੱਦ ਕਰ ਦਿੱਤਾ ਗਿਆ ਹੈ। ਉਨਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੀ ਫਰਮ ਸੀ ਵਰਲਡ ਐਜੁਕੇਸ਼ਨ ਪੁਆਇੰਟ ਦੇ ਨਾਮ ’ਤੇ ਆਈਲੈਟਸ ਕੋਚਿੰਗ ਇੰਸਟੀਚਿਊਟ ਦਾ ਲਾਇਸੈਂਸ ਜਾਰੀ ਹੋਇਆ ਸੀ ਜਿਸ ਦੀ ਮਿਆਦ ਹਾਲੇ 12 ਜੁਲਾਈ 2028 ਤੱਕ ਰਹਿੰਦੀ ਸੀ, ਜੋ ਪ੍ਰਾਰਥੀ ਦੀ ਬੇਨਤੀ ਦੇ ਆਧਾਰ ’ਤੇ ਇਹ ਲਾਈਸੈਂਸ ਰੱਦ ਕੀਤਾ ਗਿਆ ਹੈ।