ਹੁਣ ਅੱਖਾਂ ਵਿੱਚੋਂ, ਰੋ-ਰੋ ਕੇ ਹੰਝੂ ਮੁੱਕ ਗਏ, ਘਰੇ ਹਨ੍ਹੇਰ ਪੈ ਗਿਆ-ਵਰਿੰਦਰਪਾਲ ਕੌਰ
ਹਰਿੰਦਰ ਨਿੱਕਾ 7 ਜੁਲਾਈ 2020
ਮੈਂ 8/9 ਦਿਨ ਤੋਂ ਰੁਲਦੀ ਫਿਰਦੀ ਆਂ, ਕਦੇ ਥਾਣਿਆਂ ਦੇ ਵਿੱਚ, ਕਦੇ ਕਚਿਹਰੀਆਂ ਦੇ ਵਿੱਚ,,,ਹੁਣ ਅੱਖਾਂ ਵਿੱਚੋਂ, ਰੋ-ਰੋ ਕੇ ਹੰਝੂ ਮੁੱਕ ਗਏ, ਘਰ ਹਨ੍ਹੇਰ ਪੈ ਗਿਆ,ਜਿਊਣ ਦਾ ਕੋਈ ਰਾਹ ਨਹੀਂ ਰਹਿ ਗਿਆ। ਬੱਸ ਮੌਤ ਦਾ ਹੀ ਇੰਤਜ਼ਾਰ ਐ, ਉਹ ਕਦੋਂ ਆਉਂਦੀ ਹੈ। ਇਹ ਸ਼ਬਦ ਪਿਛਲੇ ਇੱਕ ਹਫਤੇ ਚ, ਹੀ ਆਪਣੇ ਪਤੀ ਹਰਪ੍ਰੀਤ ਸਿੰਘ ਮਹਿਲ ਕਲਾਂ ਦੇ ਖਿਲਾਫ 2 ਕੇਸ ਦਰਜ਼ ਹੋਣ ਤੋਂ ਬਾਅਦ ਮੀਡੀਆ ਅੱਗੇ ਆਪਣਾ ਦਰਦ ਬਿਆਨ ਕਰਦਿਆਂ ਵਰਿੰਦਰਪਾਲ ਕੌਰ ਨੇ ਕਹੇ। ਵਰਿੰਦਰ ਪਾਲ ਕੌਰ ਸਰਕਾਰੀ ਪ੍ਰਾਈਮਰੀ ਸਕੂਲ ਮਹਿਲ ਕਲਾਂ ਚ,ਕੰਟਰੈਕਟ ਤੇ ਬਤੌਰ ਈ.ਜੀ.ਐਸ. ਟੀਚਰ ਡਿਊਟੀ ਕਰ ਰਹੀ ਹੈ ਤੇ ਉਸ ਦਾ ਪਤੀ ਹਰਪ੍ਰੀਤ ਸਿੰਘ ਰਾਏਕੋਟ ਦੇ ਵੇਰਕਾ ਮਿਲਕ ਪਲਾਂਟ ਚ, 7600 ਰੁਪਏ ਤੇ ਨੌਕਰੀ ਕਰਦਾ ਸੀ। ਬਕੌਲ ਵਰਿੰਦਰਪਾਲ ਕੌਰ ਉਹ ਗਰੀਬੀ ਦਾਵੇ 2 ਡੰਗ ਦੀ ਸੋਹਣੀ ਰੋਟੀ ਖਾਂਦੇ ਸੀ। 30 ਜੂਨ ਦੀ ਕਲਿਹਣੀ ਰਾਤ ਉਸ ਸਮੇਂ ਉਸ ਦੇ 2 ਜੀਆਂ ਦੇ ਟੱਬਰ ਤੇ ਦੁੱਖਾਂ ਦਾ ਪਹਾੜ ਬਣ ਕੇ ਟੁੱਟ ਪਈ, ਜਦੋਂ ਘਰੇ ਨਹਾਉਂਦੇ ਹੋਏ ਉਸ ਦੇ ਪਤੀ ਹਰਪ੍ਰੀਤ ਨੂੰ ਪੁਲਿਸ ਬਿਨਾਂ ਕੱਪੜਿਆਂ ਤੋਂ ਹੀ ਚੁੱਕ ਕੇ ਲੈ ਗਈ। ਉਹ ਰਾਤ ਤੋਂ ਬਾਅਦ ਹਾਲੇ ਤੱਕ ਉਹ ਆਪਣੇ ਪਤੀ ਨੂੰ ਮਿਲ ਕੇ ਕੋਈ ਗੱਲ ਵੀ ਨਹੀਂ ਕਰ ਸਕੀ। ਇੱਨ੍ਹਾਂ ਦਿਨਾਂ ਚ, ਉਹ ਵੱਖ ਵੱਖ ਪੁਲਿਸ ਅਫਸਰਾਂ ਦੇ ਦਫਤਰਾਂ ਚ, ਜਾ ਜਾ ਧੱਕੇ ਖਾ ਚੁੱਕੀ ਹੈ। ਪਰ ਕਿਸੇ ਨੇ ਇਨਸਾਫ ਦੇਣਾ ਤਾਂ ਦੂਰ ਉਸ ਦੀ ਗੱਲ ਸੁਣਨ ਲਈ ਵੀ 2 ਮਿੰਟ ਦਾ ਟਾਈਮ ਵੀ ਨਹੀਂ ਦਿੱਤਾ।
ਪਹਿਲਾਂ ਫੜ੍ਹਿਆ, ਫਿਰ ਕੀਤਾ ਕੇਸ ਦਰਜ਼
ਵਰਿੰਦਰਪਾਲ ਕੌਰ ਨੇ ਭਰੇ ਮਨ ਨਾਲ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦੇ ਪਤੀ ਹਰਪ੍ਰੀਤ ਸਿੰਘ ਨੂੰ ਪੁਲਿਸ ਨੇ ਇੱਕ ਹਫਤੇ ਅੰਦਰ ਹੀ 2 ਝੂਠੇ ਕੇਸਾਂ ਚ, ਫਿੱਟ ਕਰਕੇ ਉਸ ਦਾ ਹੱਸਦਾ ਵੱਸਦਾ ਘਰ ਬਰਬਾਦ ਕਰ ਦਿੱਤਾ ਹੈ। ਅਚਾਣਕ ਹੀ ਪੁਲਿਸ ਨੇ 30 ਜੂਨ ਦੀ ਰਾਤ ਕਰੀਬ 11 ਵਜੇ ਉਨਾਂ ਦੇ ਘਰ ਛਾਪਾ ਮਾਰਿਆ ਤੇ ਨਹਾ ਰਹੇ ਹਰਪ੍ਰੀਤ ਨੂੰ ਗਿਰਫਤਾਰ ਕਰ ਲਿਆ। ਪੁਲਿਸ ਪਾਰਟੀ ਨੇ ਘਰ ਦੀ ਤਲਾਸ਼ੀ ਵੀ ਲਈ, ਪਰ ਕੋਈ ਵੀ ਇਤਰਾਜ਼ਯੋਗ ਚੀਜ਼ ਨਹੀਂ ਮਿਲੀ। ਪੁਲਿਸ ਬਿਨਾਂ ਕੁਝ ਦੱਸੇ ਹੀ ਹਰਪ੍ਰੀਤ ਨੂੰ ਆਪਣੇ ਨਾਲ ਲੈ ਗਈ। ਉਨ੍ਹਾਂ ਨੂੰ ਬਾਅਦ ਚ, ਪਤਾ ਲੱਗਿਆ ਕਿ ਠੁੱਲੀਵਾਲ ਥਾਣੇ ਦੀ ਪੁਲਿਸ ਨੇ ਉਸ ਦੇ ਪਤੀ ਨੂੰ ਮਾਂਗੇਵਾਲ-ਮਨਾਲ ਏਰੀਏ ਵਿੱਚੋਂ ਆਉਂਦਾ ਦਿਖਾ ਕੇ ਪੀ.ਬੀ.10 ਡੀ- 3572 ਵਰਨਾ ਕਾਰ ਚੋਂ ਹੋਰ ਦੋਸ਼ੀਆਂ ਨਾਲ ਝੂਠਾ ਹੀ ਗਿਰਫਤਾਰ ਕੀਤਾ ਦਿਖਾ ਦਿੱਤਾ। ਉਨ੍ਹਾਂ ਕਿਹਾ ਕਿ ਉਨਾਂ ਦੇ ਘਰ ਨੇੜਲੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਘਟਨਾ ਦਾ ਸੱਚ ਜਾਣਨ ਲਈ ਵੇਖੀ ਜਾ ਸਕਦੀ ਹੈ।
ਉਨਾਂ ਕਿਹਾ ਕਿ ਹੈਰਾਨੀ ਤੇ ਪੁਲਿਸ ਦੇ ਅੱਤਿਆਚਾਰ ਦੀ ਹੱਦ ਉਦੋਂ ਹੋਰ ਵੀ ਟੱਪ ਗਈ, ਜਦੋਂ ਉਸ ਨੂੰ ਪਤਾ ਲੱਗਿਆ ਕਿ ਪੁਲਿਸ ਨੇ ਉਸ ਦੇ ਪਤੀ ਨੂੰ ਗਗਨਦੀਪ ਸਿੰਘ ਦੀ ਉਵਰਡੋਜ ਨਾਲ ਹੋਈ ਮੌਤ ਦੇ ਦੋਸ਼ ਚ, ਵੀ ਨਾਮਜ਼ਦ ਕਰ ਦਿੱਤਾ ਹੈ। ਉਨ੍ਹਾਂ ਪੁਲਿਸ ਦੀ ਕਹਾਣੀ ਨੂੰ ਮਨਘੜਤ ਕਰਾਰ ਦਿੰਦਿਆਂ ਕਿਹਾ ਕਿ ਜੇਕਰ ਉਸ ਦਾ ਪਤੀ ਸੱਚਮੁੱਚ ਹੀ ਦੋਸ਼ੀ ਸੀ, ਫਿਰ 30 ਜੂਨ ਨੂੰ ਹੀ ਉਸ ਦੇ ਖਿਲਾਫ ਕੇਸ ਦਰਜ਼ ਕਿਉਂ ਨਹੀਂ ਕੀਤਾ ਗਿਆ। ਫਿਰ 2 ਦਿਨ ਪੁਲਿਸ ਇੰਤਜ਼ਾਰ ਕਿਸ ਗੱਲ ਦਾ ਕਰਦੀ ਰਹੀ। ਉਨਾਂ ਕਿਹਾ ਕਿ ਗਾਇਕ ਗਗਨਦੀਪ ਦੀ ਮੌਤ ਵਾਲੇ ਦਿਨ ਵੀ ਹਰਪ੍ਰੀਤ ਆਪਣੇ ਭਰਾ ਦੇ ਇਲਾਜ਼ ਲਈ, ਬਰਨਾਲਾ ਦੇ ਇੱਕ ਨਿੱਜੀ ਹਸਪਤਾਲ ਚ, ਵੀ ਆਇਆ ਸੀ, ਉੱਥੇ ਵੀ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇਖੀ ਜਾ ਸਕਦੀ ਹੈ। ਜੇ ਉਹ ਚਿੱਟਾ ਵੇਚਦਾ ਹੁੰਦਾ, ਫਿਰ ਅਸੀਂ ਗੱਡੀਆਂ ਚ, ਨਾ ਘੁੰਮਦੇ,
ਵਰਿੰਦਰਪਾਲ ਕੌਰ ਨੇ ਕਿਹਾ ਕਿ ਜੇ ਹਰਪ੍ਰੀਤ ਚਿੱਟਾ ਵੇਚਦਾ ਹੁੰਦਾ, ਫਿਰ ਅਸੀਂ ਵੀ ਗੱਡੀਆਂ ਚ, ਨਾ ਘੁੰਮਦੇ, ਹੁਣ ਨਾ ਕੋਈ ਪਿੱਛੇ ਪੈਸੇ ਲਾਉਣ ਵਾਲਾ ਹੈ ਤੇ ਨਾ ਹੀ ਨਾਲ ਖੜ੍ਹਣ ਵਾਲਾ, ਇਕੱਲੀ ਧੱਕੇ ਖਾਂਦੀ ਫਿਰਦੀ ਹਾਂ। ਉਨ੍ਹਾਂ ਕਿਹਾ ਕਿ 9 ਦਿਨ ਚ, ਪੁਲਿਸ ਨੇ ਇੱਕ ਵਾਰ ਵੀ ਉਸ ਦੇ ਪਤੀ ਨੂੰ ਮਿਲਣ ਤੱਕ ਨਹੀਂ ਦਿੱਤਾ। ਜਦੋਂ ਕਿ ਨਸ਼ਾ ਵੇਚਣ ਵਾਲਿਆਂ ਨੂੰ ਤਾਂ ਪੁਲਿਸ ਉਨ੍ਹਾਂ ਦੇ ਸਾਹਮਣੇ 2/2 ਹਜ਼ਾਰ ਰੁਪੱਈਏ ਲੈ ਕੇ ਉਨ੍ਹਾਂ ਦੇ ਪਰਿਵਾਰ ਨੂੰ ਮਿਲਾਉਂਦੀ ਵੀ ਰਹੀ ਹੈ।
ਕੇਸ ਲੜਨ ਨੂੰ ਵਕੀਲ ਕਰਨ ਯੋਗੇ ਪੈਸੇ ਵੀ ਨਹੀਂ
ਉਨਾਂ ਕਿਹਾ ਕਿ ਮੇਰੇ ਕੋਲ ਤਾਂ ਮੇਰੇ ਪਤੀ ਦਾ ਕੇਸ ਲੜਨ ਲਈ ਵਕੀਲ ਕਰਨ ਯੋਗੇ ਪੈਸੇ ਵੀ ਨਹੀਂ ਹਨ। ਜੇ ਸੱਚਮੁੱਚ ਹੀ ਉਹ ਚਿੱਟਾ ਵੇਚਦਾ ਹੁੰਦਾ, ਫਿਰ ਮੈਂ ਉਹਦੀ ਪੈਰਵੀ ਲਈ 10 ਵਕੀਲ ਖੜ੍ਹੇ ਕਰ ਲੈਂਦੀ। ਪਰ ਮੈਨੂੰ ਤਾਂ ਆਉਣ ਜਾਣ ਲਈ ਕਿਰਾਏ-ਭਾੜੇ ਅਤੇ ਦੋ ਡੰਗ ਦੀ ਰੋਟੀ ਦਾ ਫਿਕਰ ਪਿਆ ਹੋਇਆ ਹੈ।
ਜੇ ਇਨਸਾਫ ਨਾ ਮਿਲਿਆ ਤਾਂ ਕਰ ਲਵਾਂਗੀ ਆਤਮ ਹੱਤਿਆ,,
ਵਰਿੰਦਰਪਾਲ ਕੌਰ ਨੇ ਬਹੁਤ ਹੀ ਭਾਵੁਕ ਲਹਿਜ਼ੇ ਚ, ਕਿਹਾ ਕਿ ਜੇ ਪੁਲਿਸ ਨੇ ਉਸ ਦੇ ਨਿਰਦੋਸ਼ ਪਤੀ ਨੂੰ ਰਿਹਾ ਕਰਕੇ ਇਨਸਾਫ ਨਾ ਦਿੱਤਾ ਤਾਂ ਉਹ ਆਤਮ ਹੱਤਿਆ ਕਰਨ ਨੂੰ ਮਜਬੂਰ ਹੋ ਜਾਵੇਗੀ। ਕਿਉਂਕਿ ਉਸ ਦਾ ਆਪਣੇ ਪਤੀ ਬਿਨਾਂ ਕੋਈ ਹੋਰ ਸਹਾਰਾ ਹੀ ਨਹੀਂ ਹੈ, ਪਹਿਲਾਂ ਹੀ ਦੋ ਬੱਚਿਆਂ ਦੀ ਮੌਤ ਦੇ ਦੁੱਖ ਕਾਰਣ ਉਹ ਧੁਰ ਅੰਦਰੋਂ ਟੁੱਟ ਚੁੱਕੀ ਹੈ। ਉਨਾਂ ਕਿਹਾ ਕਿ ਮੈਂ ਤਾਂ ਅਖਬਾਰਾਂ ਚ, ਐਸਐਸਪੀ ਸੰਦੀਪ ਗੋਇਲ ਨੂੰ ਫਰਿਸ਼ਤਾ ਲਿਖਿਆ ਪੜ੍ਹਦੀ ਰਹੀ ਹਾਂ। ਪਰ 9 ਦਿਨਾਂ ਚ, ਮੈਂ ਕਈ ਵਾਰ ਐਸਐਸਪੀ, ਡੀਐਸਪੀ ਮਹਿਲ ਕਲਾਂ ਤੇ ਐਸਐਚਉ ਦੇ ਦਫਤਰਾਂ ਦੇ ਦਰਾਂ ਤੇ ਧੱਕੇ ਖਾ ਖਾ ਮੁੜ ਚੁੱਕੀ ਹਾਂ। ਅਫਸੋਸ ਕੋਈ ਫਰਿਸ਼ਤਾ ਬਣ ਕੇ ਹੀ ਉਸ ਦਾ ਸੱਚ ਸੁਣ ਕੇ 2 ਝੂਠੇ ਕੇਸਾਂ ਚ, ਫਿੱਟ ਕੀਤੇ ਉਹ ਦੇ ਬੇਗੁਨਾਹ ਪਤੀ ਨੂੰ ਛੁਡਾ ਦਿੰਦਾ। ਉਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਮਹਾਰਾਣੀ ਪ੍ਰਨੀਤ ਕੌਰ ਤੋਂ ਮੰਗ ਕੀਤੀ ਕਿ ਕਿਸੇ ਇਮਾਨਦਾਰ ਪੁਲਿਸ ਅਧਿਕਾਰੀ ਤੋਂ ਦੋਵਾਂ ਕੇਸਾਂ ਦੀ ਜਾਂਚ ਕਰਵਾ ਕੇ ਮੇਰਾ ਸੱਚ ਤੇ ਪੁਲਿਸ ਦਾ ਝੂਠ ਸਾਹਮਣੇ ਲਿਆ ਦਿਉ। ਉਨਾਂ ਇਲਾਕੇ ਦੀਆਂ ਸੰਘਰਸ਼ਸ਼ੀਲ ਜਥੇਬੰਦੀਆਂ ਤੋਂ ਇਨਸਾਫ ਦਿਵਾਉਣ ਲਈ ਸਮਰਥਨ ਵੀ ਮੰਗਿਆ, ਉਨਾਂ ਕਿਹਾ ਕਿ ਜੇਕਰ ਮੇਰੀ ਗੱਲ ਝੂਠ ਹੋਵੇ ਤਾਂ ਚਾਹੇ ਮੈਨੂੰ ਵੀ ਮੇਰੇ ਪਤੀ ਦੇ ਨਾਲ ਫਾਂਸੀ ਦੀ ਸਜ਼ਾ ਦੇ ਦਿਉ।