ਮੀਤ ਨੇ ਕਿਹਾ, ਸੂਬਾ ਸਰਕਾਰ ਦੇ ਸੜਕ ਸੁਰੱਖਿਆ ਫੋਰਸ ਦੇ ਉਪਰਾਲੇ ਸਦਕਾ ਸੜਕ ਹਾਦਸਿਆਂ ‘ਚ ਘਟੀ ਮੌਤ ਦੀ ਦਰ
ਰਘਵੀਰ ਹੈਪੀ, ਬਰਨਾਲਾ, 12 ਦਸੰਬਰ 2024
ਦੇਸ਼ ਅੰਦਰ ਵੱਧ ਰਹੇੇ ਸੜਕ ਹਾਦਸਿਆਂ ‘ਚ ਹੋ ਰਹੀ ਮੌਤਾਂ ਦੀ ਗਿਣਤੀ ਦਾ ਮੁੱਦਾ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਲੋਕ ਸਭਾ ਚ ਬੜੀ ਬੁਲੰਦ ਅਵਾਜ ਵਿੱਚ ਚੁੱਕਿਆ।
ਮੀਤ ਹੇਅਰ ਨੇ ਸੜਕੀ ਆਵਜਾਈ ਅਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਨੂੰ ਸਵਾਲ ਕੀਤਾ ਕਿ ਬਾਹਰਲੇ ਦੇਸ਼ਾਂ ਜਿਵੇਂ ਜਾਪਾਨ, ਸਵੀਡਨ, ਆਸਟ੍ਰੇਲੀਆ ਦੀ ਤਰ੍ਹਾਂ ਸਾਡੇ ਦੇਸ਼ ਵਿੱਚ ਸਰਕਾਰ ਨੇ ਜ਼ੀਰੋ ਸੜਕ ਹਾਦਸਿਆਂ ਲਈ ਕੋਈ ਸਮਾ – ਸੀਮਾਂ ਮਿੱਥੀ ਹੈ?
ਇਸ ਮੌਕੇ ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਪਿਛਲੇ ਇਕ ਸਾਲ ਵਿਚ ਪੰਜਾਬ ਸਰਕਾਰ ਦੇ ਉਪਰਾਲੇ ਸੜਕ ਸੁਰਖਿਆ ਫੋਰਸ ਸਦਕਾ ਸੜਕ ਹਾਦਸਿਆਂ ਵਿੱਚ ਮੌਤ ਦਰ 47 ਫੀਸਦੀ ਘਟੀ ਹੈ। ਇਸ ਫੋਰਸ ਵਿਚ 1600 ਪੁਲੀਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਤੇ ਹਰ 30 ਕਿਲੋਮੀਟਰ ਦੀ ਦੂਰੀ ‘ਤੇ ਸੜਕ ਸੁਰਖਿਆ ਫੋਰਸ ਦੀ ਗੱਡੀ ਲਗਾਈ ਗਈ ਹੈ।
ਉਨ੍ਹਾਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਸਵਾਲ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਕੀ, ਕੇਂਦਰ ਸਰਕਾਰ ਵੀ ਅਜਿਹੀ ਫੋਰਸ ਦਾ ਗਠਨ ਕਰੇਗੀ। ਇਸ ‘ਤੇ ਕੇਂਦਰੀ ਮੰਤਰੀ ਨੇ ਪੰਜਾਬ ਸਰਕਾਰ ਦੇ ਉਪਰਾਲੇ ਦੀ ਸ਼ਲਾਘਾ ਕੀਤੀ।
ਇਸ ਮੌਕੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਦੇਸ਼ ਭਰ ਵਿਚ ਹਾਈਵੇਜ਼ ਦਾ ਜਾਲ ਵਿਛਾਇਆ ਗਿਆ ਹੈ, ਜਿੱਥੇ ਵਾਹਨ ਤੇਜ਼ ਰਫ਼ਤਾਰ ‘ਤੇ ਚਲਦੇ ਹਨ। ਨਿਤਿਨ ਗਡਕਰੀ ਨੇ ਜ਼ਿਕਰ ਕੀਤਾ ਹੈ ਕਿ ਹਰ ਸਾਲ ਦੇਸ਼ ਵਿਚ ਕਰੀਬ ਪੌਣੇ ਦੋ ਲੱਖ ਜਾਨਾਂ ਸਿਰਫ ਸੜਕ ਹਾਦਸਿਆਂ ਵਿਚ ਜਾਂਦੀਆਂ ਹਨ ਅਤੇ ਪਿਛਲੇ 10 ਸਾਲਾਂ ਵਿਚ 15 ਲੱਖ ਕੀਮਤੀ ਜਾਨਾਂ ਸੜਕ ਹਾਦਸਿਆਂ ਵਿੱਚ ਗਈਆਂ ਹਨ। ਮੀਤ ਹੇਅਰ ਨੇ ਕੇਂਦਰ ਸਰਕਾਰ ਨੂੰ ਸਵਾਲ ਕੀਤਾ ਕਿ ਪੰਜਾਬ ਸਰਕਾਰ ਦੀ ਤਰ੍ਹਾਂ ਕੇਂਦਰ ਸਰਕਾਰ ਕਿਸੇ ਫੋਰਸ ਦਾ ਗਠਨ ਕਰੇਗੀ ਜਾਂ ਜ਼ੀਰੋ ਸੜਕ ਹਾਦਸੇ ਕਰਨ ਲਈ ਕੋਈ ਸਮਾਂ ਸੀਮਾ ਤੈਅ ਕਰੇਗੀ।