ਕੁੱਟ-ਮਾਰ ਕਰਕੇ ਜਹਿਰੀਲੀ ਦਵਾਈ ਪਿਲਾਈ,4 ਦਿਨ ਬਾਅਦ ਹੋਈ ਮੌਤ, ਹੱਤਿਆ ਦਾ ਕੇਸ ਦਰਜ਼
ਹਰਿੰਦਰ ਨਿੱਕਾ ਬਰਨਾਲਾ 5 ਜੁਲਾਈ 2020
ਪਤਨੀ ਦੀ ਮੌਤ ਤੋਂ ਬਾਅਦ ਪਤਨੀ ਸੁੱਖ ਦੀ ਲਾਲਸਾ 50 ਵਰ੍ਹਿਆਂ ਦੇ ਸੁਰੇਸ਼ ਨੂੰ ਰਾਸ ਨਹੀ ਆਈ। ਦੂਜੀ ਪਤਨੀ ਨੇ ਆਪਣੇ ਪਹਿਲੇ ਵਿਆਹ ਦੇ ਪੁੱਤਰ ਨਾਲ ਮਿਲ ਕੇ ਪਤੀ ਨੂੰ ਕੋਈ ਜਹਿਰੀਲੀ ਦਵਾਈ ਧੱਕੇ ਨਾਲ ਦੇ ਦਿੱਤੀ। ਜਿੰਦਗੀ ਲਈ ਮੌਤ ਨਾਲ 4 ਦਿਨ ਲੜਾਈ ਤੋਂ ਬਾਅਦ ਸੁਰੇਸ਼ ਕੁਮਾਰ ਸਿਵਲ ਹਸਪਤਾਲ ਚ, ਜਿੰਦਗੀ ਦੀ ਜੰਗ ਹਾਰ ਗਿਆ। ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨ ਦੇ ਅਧਾਰ ਤੇ ਉਸ ਦੀ ਪਤਨੀ ਤੇ ਸੌਤੇਲੇ ਪੁੱਤਰ ਦੇ ਖਿਲਾਫ ਹੱਤਿਆ ਦਾ ਕੇਸ ਦਰਜ਼ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਪੁਲਿਸ ਨੂੰ ਦਿੱਤੇ ਬਿਆਨ ਚ, ਵਿਜੇ ਕੁਮਾਰ ਪੁੱਤਰ ਸ਼ਿਵਜੀ ਰਾਮ ਨਿਵਾਸੀ 16 ਏਕੜ ਬਰਨਾਲਾ ਨੇ ਦੱਸਿਆ ਕਿ ਉਸ ਦਾ ਵੱਡਾ ਭਰਾ ਸੁਰੇਸ਼ ਕੁਮਾਰ ਵੀ 16 ਏਕੜ ਖੇਤਰ ਚ, ਹੀ ਰਹਿੰਦਾ ਸੀ।
ਸਾਲ 2016 ਵਿੱਚ ਸੁਰੇਸ਼ ਕੁਮਾਰ ਦੀ ਪਤਨੀ ਸੁਨੀਤਾ ਰਾਣੀ ਦੀ ਮੌਤ ਹੋ ਗਈ ਸੀ। ਪਤਨੀ ਦੀ ਮੌਤ ਤੋਂ ਬਾਅਦ ਸੁਰੇਸ਼ ਨੇ ਦੂਜਾ ਵਿਆਹ ਦੀਪਿਕਾ ਬਾਂਸਲ ਨਾਲ ਕਰਵਾ ਲਿਆ ਸੀ। ਦੀਪਿਕਾ ਦੇ ਪਹਿਲੇ ਵਿਆਹ ਦਾ ਪੁੱਤਰ ਅਸ਼ੀਸ਼ ਸਿੰਗਲਾ ਵੀ ਆਪਣੀ ਮਾਂ ਦੇ ਨਾਲ ਆਪਣੇ ਸੌਤੇਲੇ ਪਿਉ ਦੇ ਘਰ ਹੀ ਰਹਿ ਰਿਹਾ ਸੀ। ਵਿਆਹ ਤੋਂ ਥੋੜੇ ਸਮੇਂ ਬਾਅਦ ਹੀ ਇੱਨ੍ਹਾ ਦਾ ਆਪਸ ਚ, ਝਗੜਾ ਹੋਣ ਲੱਗ ਪਿਆ। ਕਰੀਬ 10 ਕੁ ਦਿਨ ਪਹਿਲਾਂ ਦੀਪਿਕਾ ਤੇ ਉਸ ਦੇ ਪੁੱਤਰ ਨੇ ਸੁਰੇਸ਼ ਕੁਮਾਰ ਦੀ ਕੁੱਟਮਾਰ ਕਰਕੇ ਧਨੌਲਾ ਰੋਡ ਖੇਤਰ ਚ, ਪੈਂਦੇ ਮਕਾਨ ਦੀ ਰਜਿਸਟਰੀ ਧੱਕੇ ਨਾਲ ਅਸ਼ੀਸ਼ ਸਿੰਗਲਾ ਦੇ ਨਾਮ ਕਰਵਾ ਲਈ ਸੀ। ਰਜਿਸਟਰੀ ਕਰਵਾਉਣ ਤੋਂ ਕੁਝ ਦਿਨ ਬਾਅਦ 30 ਜੂਨ ਨੂੰ ਮਾਂ- ਪੁੱਤ ਨੇ ਮਿਲ ਕੇ ਸੁਰੇਸ਼ ਕੁਮਾਰ ਦੀ ਕੁੱਟਮਾਰ ਕੀਤੀ ਅਤੇ ਧੱਕੇ ਨਾਲ ਉਸ ਨੂੰ ਕੋਈ ਜਹਿਰੀਲੀ ਦਵਾਈ ਦੇ ਦਿੱਤੀ। ਗੰਭੀਰ ਹਾਲਤ ਚ, ਉਸ ਨੂੰ ਸਿਵਲ ਹਸਪਤਾਲ ਚ, ਦਾਖਿਲ ਕਰਵਾਇਆ ਗਿਆ।
3 ਜੁਲਾਈ ਨੂੰ ਸੁਰੇਸ਼ ਕੁਮਾਰ ਦੀ ਸਿਵਲ ਹਸਪਤਾਲ ਚ, ਇਲਾਜ਼ ਦੌਰਾਨ ਹੀ ਮੌਤ ਹੋ ਗਈ। ਵਜ੍ਹਾ ਰੰਜਿਸ਼ ਪਰਿਵਾਰਿਕ ਝਗੜਾ ਹੈ। ਮਾਮਲੇ ਦੇ ਤਫਤੀਸ਼ ਅਧਿਕਾਰੀ ਤੇ ਐਸਐਚਉ ਸਿਟੀ 1 ਬਰਨਾਲਾ ਐਸਆਈ ਬਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਦੇ ਬਿਆਨ ਤੇ ਉਸ ਦੀ ਪਤਨੀ ਦੀਪਿਕਾ ਬਾਂਸਲ ਤੇ ਪੁੱਤਰ ਅਸ਼ੀਸ਼ ਸਿੰਗਲਾ ਦੇ ਖਿਲਾਫ ਹੱਤਿਆ ਦਾ ਕੇਸ ਦਰਜ਼ ਕਰ ਦਿੱਤਾ। ਪੋਸਟਮਾਰਟਮ ਉਪਰੰਤ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪ ਦਿੱਤੀ। ਉਨ੍ਹਾਂ ਕਿਹਾ ਕਿ ਦੋਸ਼ੀਆਂ ਦੀ ਤਲਾਸ਼ ਜਾਰੀ ਹੈ, ਜਲਦ ਹੀ ਦੋਵਾਂ ਨੂੰ ਗਿਰਫਤਾਰ ਕਰ ਲਿਆ ਜਾਵੇਗਾ।