ਪੁਲਿਸ ਨੇ 2 ਘੰਟਿਆਂ ਬਾਅਦ ਹੀ ਇੱਕ ਮੋਟਰ ਤੋਂ ਜਾਹ ਲੱਭਿਆ
ਜੱਗੇ ਨੂੰ ਫੜ੍ਹ ਕੇ ਲਿਆਉਣ ਵਾਲੇ ਪੁਲਿਸ ਮੁਲਾਜਿਮ ਵੀ ਕਰਨੇ ਪੈ ਸਕਦੇ ਨੇ ਕੋਆਰੰਟੀਨ
ਹਰਿੰਦਰ ਨਿੱਕਾ ਬਰਨਾਲਾ 4 ਜੁਲਾਈ 2020
ਥਾਣਾ ਧਨੌਲਾ ਦੇ ਪਿੰਡ ਅਸਪਾਲ ਕਲਾਂ ਦੇ ਰਹਿਣ ਵਾਲੇ ਤੇ ਘਰ ਚ, ਹੀ ਕੋਆਰੰਟੀਨ ਕੀਤੇ ਕਰੀਬ 50 ਵਰ੍ਹਿਆਂ ਦੇ ਜੱਗਾ ਸਿੰਘ ਨੂੰ ਜਦੋਂ ਕੋਰੋਨਾ ਪੈਜੇਟਿਵ ਹੋਣ ਦੀ ਭਿਣਕ ਪਈ ਤਾਂ ਉਹ ਘਰੋਂ ਭੱਜ ਨਿੱਕਲਿਆ। ਜਦੋਂ ਸਿਹਤ ਵਿਭਾਗ ਦੀ ਟੀਮ ਉਸ ਨੂੰ ਆਈਸੋਲੇਟ ਸੈਂਟਰ ਚ, ਲੈ ਕੇ ਜਾਣ ਲਈ ਉਸ ਦੇ ਘਰ ਪਹੁੰਚੀ ਤਾਂ ਉਹ ਘਰੋਂ ਗਾਇਬ ਮਿਲਿਆ। ਸਿਹਤ ਕਰਮਚਾਰੀਆਂ ਨੇ ਇਸ ਦੀ ਇਤਲਾਹ ਤੁਰੰਤ ਪੁਲਿਸ ਨੂੰ ਦਿੱਤੀ। ਥਾਣਾ ਧਨੌਲਾ ਦੇ ਪੁਲਿਸ ਕਰਮਚਾਰੀਆਂ ਦੀਆਂ ਟੀਮਾਂ ਉਸ ਨੂੰ ਲੱਭਣ ਲੱਗ ਪਈਆਂ। ਆਖਿਰ ਕਰੀਬ 2 ਘੰਟਿਆਂ ਬਾਅਦ ਪੁਲਿਸ ਨੇ ਜੱਗਾ ਸਿੰਘ ਨੂੰ ਖੇਤ ਦੀ ਇੱਕ ਮੋਟਰ ਤੋਂ ਜਾ ਕੇ ਗਿਰਫਤਾਰ ਕਰ ਲਿਆ। ਜੱਗਾ ਸਿੰਘ ਨੂੰ ਸਿਹਤ ਵਿਭਾਗ ਦੀ ਟੀਮ ਨੇ ਆਈਸੋਲੇਸ਼ਨ ਸੈਂਟਰ ਚ, ਭਰਤੀ ਕਰਕੇ ਉਸ ਦਾ ਇਲਾਜ਼ ਸ਼ੁਰੂ ਕਰ ਦਿੱਤਾ। ਸਿਵਲ ਸਰਜ਼ਨ ਡਾਕਟਰ ਗੁਰਿੰਦਰਬੀਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਪੌਜੇਟਿਵ ਆਉਣ ਤੋਂ ਬਾਅਦ ਵੀ ਲੋਕਾਂ ਨੂੰ ਡਰ ਕੇ ਘਰੋਂ ਭੱਜ ਕੇ ਹੋਰ ਲੋਕਾਂ ਤੱਕ ਵਾਇਰਸ ਨਹੀਂ ਪਹੁੰਚਾਉਣਾ ਚਾਹੀਦਾ। ਕਿਉਂਕਿ ਇਸ ਤਰਾਂ ਕਰਨ ਨਾਲ ਜਿੱਥੇ ਵਾਇਰਸ ਹੋਰ ਲੋਕਾਂ ਤੱਕ ਪਹੁੰਚਣ ਦਾ ਖਤਰਾ ਬਣਦਾ ਹੈ। ਉੱਥੇ ਹੀ ਅਪਰਾਧਿਕ ਕੇਸ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਤੋਂ ਡਰਨ ਦੀ ਬਜਾਏ ਸਾਵਧਾਨ ਰਹਿਣ ਅਤੇ ਸਿਹਤ ਵਿਭਾਗ ਵੱਲੋਂ ਸੁਝਾਏ ਬਚਾਉ ਦੇ ਉਪਾਅ ਕਰਨ ਦੀ ਲੋੜ ਹੈ।