ਐਸੋਸੀਏਸ਼ਨ ਦੀਆਂ ਸ਼ਰਤਾਂ ਮੰਨ ਕੇ ਖੁਦ ਲਿਖਤ ਦੇਣ ਤੋਂ ਸੋਨੀ ਨੇ ਕਰਿਆ ਕਿਨਾਰਾ
ਪਹਿਲਾਂ ਹੋਏ ਸਮਝੌਤੇ ਦੀ ਸ਼ਰਤ ਨੰਬਰ 10 ਨੂੰ ਦੂਜੇ ਸਮਝੌਤੇ ਚ, ਬਦਲਿਆ
ਹਰਿੰਦਰ ਨਿੱਕਾ ਬਰਨਾਲਾ 5 ਜੁਲਾਈ 2020
ਕੁਝ ਦਿਨ ਪਹਿਲਾਂ ਆਸਥਾ ਇਨਕਲੇਵ ਦਾ ਇੱਕ ਹੋਰ ਗੇਟ ਅਕਾਲਗੜ੍ਹ ਬਸਤੀ ਵਾਲੀ ਸਾਈਡ ਸਰਕਾਰੀ ਰਾਹ ਤੇ ਕਲੋਨਾਈਜ਼ਰ ਦੁਆਰਾ ਗੈਰਕਾਨੂੰਨੀ ਢੰਗ ਨਾਲ ਕੱਢ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਤੋਂ ਬਾਅਦ ਸੁਰਖੀਆਂ ਚ, ਆਈ ਆਸਥਾ ਕਲੋਨੀ ਦੀਆਂ ਬੇਨਿਯਮੀਆਂ ਤੇ ਵੀ ਹੁਣ ਕਲੋਨੀ ਦੇ ਬਾਸ਼ਿੰਦਿਆਂ ਨੇ ਉਂਗਲੀਆਂ ਚੁੱਕਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਤਰਾਂ ਆਸਥਾ ਇਨਕਲੇਵ ਦੇ ਬਾਸ਼ਿੰਦੇ ਅਤੇ ਕਲੋਨਾਈਜ਼ਰ ਪਹਿਲੀ ਵਾਰ ਸਿੱਧੇ ਤੌਰ ਤੇ ਆਹਮਣੇ ਸਾਹਮਣੇ ਹੋ ਗਏ ਹਨ। ਇਸ ਘਟਨਾਕ੍ਰਮ ਨਾਲ ਜਿੱਥੇ ਕਲੋਨੀ ਦੇ ਬਾਸ਼ਿੰਦਿਆਂ ਚ, ਅਸੁਰੱਖਿਆ ਦਾ ਮਾਹੌਲ ਪੈਦਾ ਹੋ ਗਿਆ ਹੈ। ਉੱਥੇ ਹੀ ਆਸਥਾ ਦੇ ਐਮਡੀ ਦੀਪਕ ਸੋਨੀ ਦਾ ਕਥਿਤ ਤੌਰ ਤੇ ਸਮਾਜ਼ ਸੇਵੀ ਦੇ ਬੁਰਕੇ ਹੇਠ ਲੁਕਿਆ ਅਸਲੀ ਚਿਹਰਾ ਵੀ ਬੇਨਕਾਬ ਹੋ ਗਿਆ ਹੈ। ਬਰਨਾਲਾ ਟੂਡੇ ਦੁਆਰਾ ਕਲੋਨਾਈਜ਼ਰ ਦੇ ਸਰਕਾਰੀ ਗਲੀ ਤੇ ਕਬਜ਼ਾ ਕਰਨ ਦੇ ਯਤਨਾਂ ਨੂੰ ਪ੍ਰਮੁੱਖਤਾ ਨਾਲ ਨਸ਼ਰ ਕਰਕੇ ਇੱਕ ਵਾਰ ਰੋਕ ਦਿੱਤਾ ਗਿਆ ਹੈ। ਪਰੰਤੂ ਕਲੋਨਾਈਜ਼ਰ ਦੇ ਪ੍ਰਤੀ ਕਲੋਨੀ ਵਾਸੀਆਂ ਦੇ ਮਨਾਂ ਚ, ਭਰਿਆ ਗੁੱਸਾ ਕਦੇ ਵੀ ਵੱਡੇ ਸੰਘਰਸ਼ ਦੇ ਰੂਪ ਚ, ਬਾਹਰ ਨਿੱਕਲ ਸਕਦਾ ਹੈ।
-ਆਖਿਰ ਕਿਉਂ ਪੈਦਾ ਹੋਈ ਕਲੋਨਾਈਜ਼ਰ ਦੇ ਪ੍ਰਤੀ ਬੇਭਰੋਸਗੀ
ਆਸਥਾ ਇਨਕਲੇਵ ਵੈਲਫੇਅਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਅਤੇ ਕਲੋਨਾਈਜ਼ਰ ਦੁਆਰਾ ਲੰਬੇ ਵਿਚਾਰ ਵਟਾਂਦਰੇ ਤੋਂ ਬਾਅਦ 19 ਮਾਰਚ 2020 ਨੂੰ ਸਹੀਬੰਦ ਕੀਤੇ ਗਏ ਸਮਝੌਤੇ ਅਨੁਸਾਰ ਕੁਝ ਨਿਯਮ ਤੇ ਸ਼ਰਤਾਂ ਦੋਵਾਂ ਧਿਰਾਂ ਦੀ ਸਹਿਮਤੀ ਨਾਲ ਤੈਅ ਹੋਈਆਂ ਸਨ। ਸਹੀਬੰਦ ਕੀਤੇ ਸਮਝੌਤੇ ਨੂੰ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਆਪਣੇ ਲੈਟਰ ਹੈਡ ਤੇ ਲਿਖ ਕੇ ਕਲੋਨਾਈਜ਼ਰ ਨੂੰ ਦੇਣਾ ਸੀ, ਜਦੋਂ ਕਿ ਕਲੋਨਾਈਜ਼ਰ ਦੁਆਰਾ ਅਪਣੀ ਫਰਮ ਦੇ ਲੈਟਰ ਹੈਡ ਤੇ ਦੋਵਾਂ ਧਿਰਾਂ ਦਰਮਿਆਨ ਤੈਅ ਹੋਈਆਂ ਸ਼ਰਤਾਂ ਤੇ ਨਿਯਮ ਲਿਖ ਕੇ ਦਿੱਤੇ ਜਾਣੇ ਸਨ। ਸ਼ਰਤਾਂ ਲਾਗੂ ਹੋਣਾ ਤਾਂ ਦੂਰ ਕਲੋਨਾਈਜ਼ਰ ਧਿਰ ਨੇ ਬੜੀ ਹੀ ਚਲਾਕੀ ਨਾਲ ਐਸੋਸੀਏਸ਼ਨ ਦੀ ਲਿਖਤ ਤਾਂ ਡਿਪਟੀ ਡਾਇਰੈਕਟਰ ਪਟਿਆਲਾ ਦੇ ਪੇਸ਼ ਕਰਨ ਦਾ ਬਹਾਨੇ ਲੈ ਲਈ। ਪਰੰਤੂ ਜੋ ਲਿਖਤ ਕਲੋਨਾਈਜ਼ਰ ਨੇ ਆਪਣੀ ਫਰਮ ਦੇ ਲੈਟਰ ਹੈਡ ਤੇ ਲਿਖ ਕੇ ਐਸੋਸੀਏਸ਼ਨ ਨੂੰ ਦੇਣੀ ਸੀ, ਉਹ ਹਾਲੇ ਤੱਕ ਵੀ ਨਹੀਂ ਦਿੱਤੀ ਗਈ। ਉਲਟਾ ਕਲੋਨਾਈਜ਼ਰ ਧਿਰ ਨੇ ਐਸੋਸੀਏਸ਼ਨ ਨਾਲ ਹੋਏ ਸਮਝੌਤੇ ਤੋਂ ਪਿੱਛੇ ਹਟਣ ਲਈ ਕਲੋਨੀ ਦੇ ਕੁਝ ਆਪਣੇ ਕਰੀਬੀ ਬੰਦਿਆਂ ਨਾਲ ਇੱਕ ਹੋਰ ਨਵੀਂ ਲਿਖਤ / ਇਕਰਾਰਨਾਮਾ ਸਾਦਾ ਕਾਗਜ਼ ਤੇ ਲਿਖਵਾ ਕੇ ਉਨ੍ਹਾਂ ਦੇ ਦਸਤਖਤ ਕਰਵਾ ਲਏ। ਕਲੋਨਾਈਜ਼ਰ ਧਿਰ ਦੁਆਰਾ ਆਪਣਾ ਹਿੱਤ ਪੂਰਾ ਕਰਨ ਲਈ ਕੀਤੀ ਗਈ ਇਸ ਵਾਅਦਾ ਖਿਲਾਫੀ ਨੇ ਕਲੋਨੀ ਦੇ ਬਾਸ਼ਿੰਦਿਆਂ ਚ, ਬੇਭਰੋਸਗੀ ਪੈਦਾ ਕਰ ਦਿੱਤੀ।
-ਨਵੀਂ ਲਿਖਤ ਚ, 10 ਨੰਬਰ ਸ਼ਰਤ ਨੂੰ ਬਦਲਿਆ
ਭਾਂਵੇ ਦੋਵਾਂ ਧਿਰਾਂ ਦਰਮਿਆਨ ਹੋਈ ਪਹਿਲੀ ਲਿਖਤ ਵਾਲੀਆਂ ਸ਼ਰਤਾਂ ਦੂਸਰੀ ਲਿਖਤ ਚ, ਵੀ ਮੌਜੂਦ ਹਨ। ਪਰ ਸ਼ਰਤ ਨੰਬਰ 10 ਚ, ਕਲੋਨਾਈਜ਼ਰ ਨੇ ਆਪਣੇ ਫਾਇਦੇ ਲਈ ਕੁਝ ਬਦਲਾਅ ਕਰ ਲਿਆ ਹੈ। ਐਸੋਸੀਏਸ਼ਨ ਨਾਲ ਹੋਏ ਸਮਝੌਤੇ ਤਹਿਤ ਹੋਈ ਪਹਿਲੀ ਲਿਖਤ ਦੀ ਸ਼ਰਤ ਨੰਬਰ 10 ਚ, ਲਿਖਿਆ ਗਿਆ ਸੀ ਕਿ ਦੋਵੋਂ ਧਿਰਾਂ ਵਿੱਚ ਐਮਟੀਐਸ ਸਕੂਲ ਦੀ ਬੈਕਸਾਈਡ ਤੇ 1.60 ਏਕੜ ਐਕਸਟੈਂਸ਼ਨ-1 ਨੂੰ ਆਸਥਾ ਕਲੋਨੀ ਵਿੱਚ ਵਾਧਾ ਕਰਨ ਵਾਸਤੇ ਅਤੇ ਵਾਧੇ ਵਾਲੇ ਰਕਬੇ ਨੂੰ ਚਾਰਦੀਵਾਰੀ ਕਰਵਾਕੇ ਭਾਵ ਅਕਾਲਗੜ ਬਸਤੀ ਵੱਲੋਂ ਆਉਂਦੇ ਰਾਸਤੇ ਵਾਲੀ ਕੰਧ ਕੱਢ ਕੇ ਅਤੇ ਇਸ ਰਕਬੇ ਨੂੰ ਐਂਟਰੀ ਗੇਟ ਡਾਕਟਰ ਅਨੀਸ਼ ਦੀ ਕੋਠੀ ਦੇ ਸਾਹਮਣੇ ਗਾਰਡ ਰੂਮ ਨੂੰ ਹਟਾ ਕੇ ਐਮਟੀਐਸ ਸਕੂਲ ਦੀ ਕੰਧ ਨਾਲ ਰਾਸਤਾ ਦਿੱਤਾ ਜਾਵੇਗਾ ਅਤੇ ਹੁਣ ਲੱਗਿਆ ਕਲੋਨੀ ਦਾ ਗੇਟ ਡਾਕਟਰ ਅਨੀਸ਼ ਦੀ ਕੋਠੀ ਦੀ ਚਾਰਦੀਵਾਰੀ ਨਾਲ ਲਗਾਉਣ ਤੋਂ ਬਾਅਦ ਪੁਰਾਣਾ ਗੇਟ ਚੁੱਕਿਆ ਜਾਵੇਗਾ।
-ਨਵੀਂ ਲਿਖਤ ਅਨੁਸਾਰ ਸ਼ਰਤ ਨੰਬਰ 10 ਦੇ ਅਨੁਸਾਰ ਐਮਟੀਐਸ ਸਕੂਲ ਦੀ ਬੈਕਸਾਈਡ ਤੇ 1. 35 ਏਕੜ ਐਕਸਟੈਂਸ਼ਨ ਜੋ ਪਹਿਲੀ ਧਿਰ ਯਾਨੀ ਕਲੋਨਾਈਜਰ ਧਿਰ ਨੇ ਪੁੱਡਾ ਐਕਟ ਅਧੀਨ ਕੰਪੀਟੈਂਟ ਅਥਾਰਟੀ ਤੋਂ 30 ਸਿਤੰਬਰ 2019 ਰਾਹੀਂ ਪਾਸ ਕਰਵਾਈ ਹੋਈ ਹੈ। ਉਸੇ ਮੁਤਾਬਿਕ ਜੋ ਸਕੂਲ ਦੇ ਨਾਲ ਰਾਸਤੇ ਉੱਤੇ ਲੱਗਿਆ ਗੇਟ ਅਤੇ ਗਾਰਡ ਰੂਮ ਹਟਾ ਕੇ ਨੌਹਰ ਸਿੰਘ ਜਾਗਲ ਦੀ ਕੋਠੀ ਦੇ ਗੇਟ ਪਾਸ ਨਵਾਂ ਗੇਟ ਅਤੇ ਗਾਰਡ ਰੂਮ ਬਣਾਇਆ ਜਾਵੇਗਾ। ਇਹ ਸ਼ਰਤ ਚ, ਬਦਲਾਉ ਨਾਲ ਕਲੋਨਾਈਜਰ ਨੂੰ ਸਰਕਾਰੀ ਰਾਹ ਤੇ ਕਬਜ਼ਾ ਕਰਨ ਦਾ ਮੌਕਾ ਮਿਲਦਾ ਹੈ। ਜਦੋਂ ਕਿ ਪਹਿਲੀ ਲਿਖਤ ਦੀ ਇਹੋ ਰਾਸਤੇ ਦੀ ਸ਼ਰਤ ਅਨੁਸਾਰ ਕਲੋਨਾਈਜ਼ਰ ਨੇ ਆਪਣੀ ਖਰੀਦੀ ਜਗ੍ਹਾ ਚ, ਹੀ ਰਾਸਤਾ ਦੇ ਕੇ ਐਕਸਟੈਂਸ਼ਨ ਲਈ ਰਾਸਤਾ ਦੇਣਾ ਸੀ। ਜਿਸ ਨਾਲ ਉਸਦੀ ਪ੍ਰਸਤਾਵਿਤ ਕਲੋਨੀ ਦੀ ਜਗ੍ਹਾ ਚ, ਕਾਫੀ ਸੰਨ੍ਹ ਲੱਗਦਾ ਹੈ।
-ਨਵੀਂ ਲਿਖਤ ਚ, ਕੋਈ ਰਜਿਸਟਰਡ ਐਸੋਸੀਏਸ਼ਨ ਦਾ ਅਧਿਕਾਰੀ ਸ਼ਾਮਿਲ ਨਹੀਂ
ਆਸਥਾ ਇਨਕਲੇਵ ਵੈਲਫੇਅਰ ਐਸੋਸੀਏਸ਼ਨ ਦੇ ਵਾਈਸ ਪ੍ਰਧਾਨ ਐਡਵੋਕੇਟ ਕੁਸ਼ਲ ਬਾਂਸਲ ਨੇ ਕਿਹਾ ਕਿ ਕਲੋਨਾਈਜ਼ਰ ਦਾ ਐਸੋਸੀਏਸ਼ਨ ਨਾਲ ਸਹੀਬੰਦ ਹੋਏ ਸਮਝੌਤੇ ਤੋਂ ਭੱਜਣਾ ਹੀ ਉਸ ਦੀ ਬਦਨੀਯਤ ਜਾਹਿਰ ਕਰਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਦੇ ਦਸਤਖਤ ਨਵੀਂ ਲਿਖਤ ਤੇ ਕਰਵਾਏ ਗਏ ਹਨ, ਉਹ ਕਲੋਨੀ ਦੀ ਐਸੋਸੀਏਸ਼ਨ ਦੇ ਅਹੁਦੇਦਾਰ ਹੀ ਨਹੀਂ ਹਨ। ਨਾ ਹੀ ਇਹ ਲਿਖਤ ਕਿਸੇ ਲੈਟਰ ਹੈਡ ਤੇ ਕੀਤੀ ਗਈ ਹੈ।