* ਜ਼ਿਲ੍ਹਾ ਬਰਨਾਲਾ ਅੰਦਰ ਹੁਣ ਤੱਕ 2077 ਵਿਅਕਤੀ ਕਰ ਰਹੇ ਨੇ ਕੋਵਾ ਐਪ ਦੀ ਵਰਤੋਂ
* ‘ਮਿਸ਼ਨ ਫਤਿਹ ਯੋਧਾ’ ਮੁਕਾਬਲੇ ਵਿਚ ਹੁਣ ਤੱਕ ਇਕ ਨੇ ਸਿਲਵਰ ਅਤੇ 5 ਨੇ ਕਾਂਸੇ ਦੇ ਮੈਡਲ ਜਿੱਤੇ
ਅਜੀਤ ਸਿੰਘ ਕਲਸੀ ਬਰਨਾਲਾ
ਪੰਜਾਬ ਸਰਕਾਰ ਵੱਲੋਂ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਸ਼ੁਰੂ ਕੀਤੇ ‘ਮਿਸ਼ਨ ਫਤਿਹ’ ਤਹਿਤ ਵਧੀਆ ਯੋਗਦਾਨ ਪਾਉਣ ਵਾਲਿਆਂ ਨੂੰ ਸਨਮਾਨਿਤ ਕਰਨ ਲਈ ਕੋਵਾ ਐਪ ’ਤੇ ‘ਮਿਸ਼ਨ ਫਤਿਹ ਯੋਧਾ’ ਮੁਕਾਬਲਾ ਚਲਾਇਆ ਗਿਆ ਹੈ।
ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਜ਼ਿਲ੍ਹੇ ਦੇ 2077 ਵਸਨੀਕ ਕੋਵਾ ਐਪ ਦੀ ਵਰਤੋਂ ਕਰ ਰਹੇ ਹਨ ਅਤੇ 582 ਕੋਰੋਨਾ ਯੋਧਿਆਂ ਦੀਆਂ ਤਸਵੀਰਾਂ ਕੋਵਾ ਐਪ ’ਤੇ ਅਪਲੋਡ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚੋਂ ਕੋਰੋਨਾ ਖਿਲਾਫ ਜੰਗ ਵਿਚ ਵਧੀਆ ਭੂਮਿਕਾ ਨਿਭਾਉਣ ਵਾਲੇ ਇਕ ਵਰਤੋਕਾਰ ਸਿਲਵਰ ਮੈਡਲ ਅਤੇ 5 ਵਰਤੋਂਕਾਰ ਬਰੋਨਜ਼ ਮੈਡਲ ਜਿੱਤ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਯੋਧਿਆਂ ਦਾ ਟੀ ਸ਼ਰਟਾਂ ਅਤੇ ਮੁੱਖ ਮੰਤਰੀ ਦੇ ਦਸਤਖਤਾਂ ਵਾਲੇ ਸਰਟੀਫਿਕੇਟਾਂ ਨਾਲ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਹ ਮੁਕਾਬਲਾ ਅਜੇ ਜਾਰੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮਿਸ਼ਨ ਫਤਿਹ ਯੋਧਾ ਮੁਕਾਬਲੇ ਵਿਚ ਭਾਗ ਲੈਣ ਲਈ ਸਭ ਤੋਂ ਪਹਿਲਾਂ ਆਪਣੇ ਮੋਬਾਇਲ ਫੋਨ ’ਤੇ ਕੋਵਾ ਐਪ ਡਾਊਨਲੋਡ ਕੀਤੀ ਜਾਵੇ ਅਤੇ ਫਿਰ ਕੋਵਾ ਐਪ ਰਾਹੀਂ ਮਿਸ਼ਨ ਫਤਿਹ ਨਾਲ ਜੁੜਨ ਅਤੇ ਕੋਵਾ ਐਪ ਮੁਕਾਬਲੇ ਲਈ ਆਪਣਾ ਨਾਮ ਰਜਿਸਟਰ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਕੋਵਿਡ-19 ਤੋਂ ਬਚਾਅ ਪ੍ਰਤੀ ਸਾਵਧਾਨੀਆਂ ਵਰਤਦਿਆਂ ਤੁਹਾਡੇ ਵੱਲੋਂ ਰੋਜ਼ਾਨਾ ਕੋਵਾ ਐਪ ਵਿਚ ਅਪਲੋਡ ਕੀਤੀਆਂ ਤੁਹਾਡੀਆਂ ਗਤੀਵਿਧੀਆਂ ਦੇ ਅੰਕ ਜੁੜਨਗੇ। ਇਸ ਤੋਂ ਇਲਾਵਾ ਜੇਕਰ ਤੁਸੀਂ ਕਿਸੇ ਦੂਸਰੇ ਵਿਅਕਤੀ ਨੂੰ ਆਪਣੇ ਰੈਫਰਲ ਰਾਹੀਂ ਕੋਵਾ ਐਪ ਡਾਊਨਲੋਡ ਕਰਾ ਕੇ ਮਿਸ਼ਨ ਫਤਿਹ ਨਾਲ ਜੋੜਦੇ ਹੋ ਤਾਂ ਤੁਹਾਨੂੰ ਇਸ ਦੇ ਵਾਧੂ ਅੰਕ ਮਿਲਣਗੇ। ਉਨ੍ਹਾਂ ਕਿਹਾ ਕਿ ਕੋਵਾ ਐਪ ’ਤੇ ਰਜਿਸਟਰੇਸ਼ਨ ਕਰਨ ਵਾਲੇ ਵਿਅਕਤੀ ਰੋਜ਼ਾਨਾ ਸਾਵਧਾਨੀਆਂ ਵਰਤਣ ਜਿਵੇਂ ਮਾਸਕ ਪਾਉਣਾ, ਹੱਥ ਧੋਣਾ, ਸਮਾਜਿਕ ਦੂਰੀ ਆਦਿ ਇਹ ਸਭ ਗਤੀਵਿਧੀਆਂ ਤੁਹਾਡੇ ਕੋਵਾ ਐਪ ਵਿਚ ਅੰਕ ਜੋੜਨ ਲਈ ਸਹਾਈ ਹੋਣਗੀਆਂ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕੋਵਾ ਪੰਜਾਬ ਐਪ ਪੰਜਾਬ ਸਰਕਾਰ ਵੱਲੋਂ 9 ਮਾਰਚ 2020 ਨੂੰ ਲਾਂਚ ਕੀਤੀ ਗਈ ਸੀ, ਜੋ ਦੇਸ਼ ਦੀ ਪਹਿਲੀ ਐਪ ਹੈ, ਜਿਸ ਵਿੱਚ ਜੀਓਟੈਗਿੰਗ ਅਤੇ ਜੀਓਫੈਂਸਿੰਗ ਫੀਚਰਜ਼ ਹਨ। ਇਸ ਐਪ ਵਿੱਚ ਕਈ ਵਿਲੱਖਣ ਫੀਚਰਜ਼ ਹਨ। ਇਹ ਐਪ ਸਾਨੂੰ ਨੇੜੇ ਦੇ ਕੋਵਿਡ ਮਰੀਜ਼ ਤੋਂ ਦੂਰੀ ਬਾਰੇ ਦੱਸ ਦਿੰਦੀ ਹੈ। ਇਸ ਐਪ ’ਤੇ ਕੋਵਿਡ ਸਬੰਧੀ ਸਹੀ ਤੇ ਸਟੀਕ ਜਾਣਕਾਰੀ ਮਿਲਦੀ ਹੈ। ਇਸ ਤੋਂ ਇਲਾਵਾ ਈ-ਪਾਸ , ਡਾਕਟਰੀ ਸਹਾਇਤਾ ਆਦਿ ਸਣੇ ਕਈ ਲਾਹੇਵੰਦ ਫੀਚਰਜ਼ ਹਨ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਦਾ ਮਕਸਦ ਹੈ ਕਿ ਹਰ ਘਰ, ਹਰ ਵਿਅਕਤੀ ਤੱਕ ਇਹ ਗੱਲ ਪਹੁੰਚਦੀ ਹੋਵੇ ਕਿ ਕੋਰੋਨਾ ਤੋਂ ਸਾਵਧਾਨ ਕਿਵੇਂ ਰਹਿਣਾ ਹੈ। ਇਸ ਲਈ ਹਰ ਵਿਅਕਤੀ ਕਰੋਨਾ ਸਬੰਧੀ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰੇ।