ਮੰਡੀ ਬੋਰਡ ਦੇ ਨਿਯਮਾਂ ਮੁਤਾਬਿਕ ਪੈਸੇ ਮੋੜਨ ਦੀ ਕੋਈ ਵੀ ਪ੍ਰੋਵੀਜ਼ਨ ਨਹੀਂ : ਜੀ ਐਮ
ਮਨਪ੍ਰੀਤ ਜਲਪੋਤ ਤਪਾ ਮੰਡੀ/ ਬਰਨਾਲਾ 1 ਜੁਲਾਈ 2020
ਪੰਜਾਬ ਮੰਡੀ ਬੋਰਡ ਮੋਹਾਲੀ ਦੇ ਅਧਿਕਾਰੀਆਂ ਵੱਲੋਂ ਬੋਰਡ ਦੇ ਨਿਯਮਾਂ ਨੂੰ ਛਿੱਕੇ ਤੇ ਟੰਗ ਕੇ ਪਿਛਲੇ ਪੰਜ ਵਰ੍ਹਿਆਂ ਤੋਂ ਪੰਜਾਬ ਦੀਆਂ ਅਨਾਜ ਮੰਡੀਆਂ ਅੰਦਰ ਵੇਚੀਆਂ ਗਈਆਂ ਦੁਕਾਨਾਂ ਦੇ ਪੈਸੇ ਆੜ੍ਹਤੀਆਂ ਨੂੰ ਵਾਪਸ ਕੀਤੇ ਜਾ ਰਹੇ ਹਨ। ਪੰਜਾਬ ਦੀਆਂ ਵੱਖ ਵੱਖ ਅਨਾਜ ਮੰਡੀਆਂ ਅੰਦਰ ਆੜ੍ਹਤੀਆਂ ਨੇ ਬੋਲੀ ਰਾਹੀਂ ਬਾਜ਼ਾਰੀ ਕੀਮਤ ਤੋਂ ਵੱਧ ਕੀਮਤ ਤੇ ਦੁਕਾਨਾਂ ਦੀ ਖ਼ਰੀਦ ਕੀਤੀ ਸੀ। ਪਿਛਲੇ ਕੁੱਝ ਸਾਲਾਂ ਤੋਂ ਜਾਇਦਾਦ ਦੀਆਂ ਕੀਮਤਾਂ ਵਿੱਚ ਭਾਰੀ ਮੰਦੀ ਆਉਣ ਦੇ ਕਾਰਨ ਖਰੀਦ ਕੀਤੀਆਂ ਦੁਕਾਨਾਂ ਦੀ ਕੀਮਤ ਖਰੀਦ ਮੁੱਲ ਦੇ ਮੁਕਾਬਲੇ 25 ਪ੍ਰਤੀਸ਼ਤ ਰਹਿ ਗਈ ਹੈ।
ਮੰਡੀ ਬੋਰਡ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਬੋਰਡ ਨੂੰ ਲਾਇਆ ਗਿਆ ਚੂਨਾ
ਦੁਕਾਨਦਾਰਾਂ ਨੇ ਮੰਡੀ ਬੋਰਡ ਦੇ ਕੁਝ ਅਧਿਕਾਰੀਆਂ ਨਾਲ ਕਥਿਤ ਮਿਲੀਭੁਗਤ ਕਰਕੇ ਮੰਡੀ ਬੋਰਡ ਨੂੰ ਦੁਕਾਨਾਂ ਸਰੰਡਰ ਕਰ ਦਿੱਤੀਆਂ ਗਈਆਂ ਅਤੇ ਬੋਰਡ ਵਿੱਚ ਭਰੇ ਗਏ ਪੈਸੇ ਵਾਪਸ ਮੁੜਵਾ ਲਏ ਗਏ ਹਨ। ਇਸ ਡੀਲ ਵਿਚ ਮੰਡੀ ਬੋਰਡ ਨੂੰ ਕਰੋੜਾਂ ਰੁਪਏ ਵਾਪਿਸ ਕਰਨੇ ਪਏ ਹਨ ਅਤੇ ਸਰਕਾਰ ਦਾ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ । ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਮੰਡੀ ਬੋਰਡ ਨੇ ਪਿਛਲੇ ਪੰਜ ਸਾਲ ਅੰਦਰ ਪੂਰੇ ਪੰਜਾਬ ਚ 118 ਦੁਕਾਨਦਾਰਾਂ ਤੋਂ ਦੁਕਾਨਾਂ ਵਾਪਸ ਲਈਆਂ ਹਨ । ਪੂਰੀ ਜਾਣਕਾਰੀ ਲੈਣ ਲਈ ਸਤਪਾਲ ਗੋਇਲ ਵੱਲੋਂ ਆਰਟੀਈ ਐਕਟ 2005 ਤਹਿਤ ਪੰਜਾਬ ਮੰਡੀ ਬੋਰਡ ਮੋਹਾਲੀ ਦਫਤਰ ਤੋਂ ਜਾਣਕਾਰੀ ਦੀ ਮੰਗ ਕੀਤੀ ਗਈ ਸੀ । ਮੰਡੀ ਬੋਰਡ ਦੇ ਦਫ਼ਤਰ ਦੇ ਅਧਿਕਾਰੀ ਪਹਿਲਾਂ ਤਾਂ ਜਾਣਕਾਰੀ ਦੇਣ ਤੋਂ ਟਾਲ ਮਟੋਲ ਕਰਦੇ ਰਹੇ , ਜਦੋਂ ਮਾਮਲਾ ਰਾਜ ਸੂਚਨਾ ਅਧਿਕਾਰ ਕਮਿਸ਼ਨ ਚੰਡੀਗੜ੍ਹ ਕੋਲ ਪੁੱਜਿਆ ਤਾਂ ਮੰਡੀ ਬੋਰਡ ਦੇ ਜੀ ਐਮ ਸਟੇਟ ਮੋਹਾਲੀ ਨੇ ਆਪਣੇ ਪੱਤਰ ਨੰਬਰ 1748 ਰਾਹੀਂ ਜੋ ਜਾਣਕਾਰੀ ਭੇਜੀ , ਉਹ ਬਹੁਤ ਹੈਰਾਨੀਜਨਕ ਸੀ।
ਆਰਟੀਆਈ ਚ, ਭੇਜ਼ੀ ਜਾਣਕਾਰੀ ਨੇ ਖੋਹਲਿਆ ਭੇਦ
ਮੰਡੀਕਰਨ ਬੋਰਡ ਦੇ ਜੀ.ਐੱਮ ਸਟੇਟ ਵੱਲੋਂ ਭੇਜੀ ਜਾਣਕਾਰੀ ਮੁਤਾਬਕ ਪੰਜਾਬ ਮੰਡੀ ਬੋਰਡ ਮੋਹਾਲੀ ਦੇ ਰੂਲ ਵਿੱਚ ਕੋਈ ਵੀ ਅਜਿਹੀ ਪ੍ਰੋਵੀਜ਼ਨ ਹੀ ਨਹੀਂ ਹੈ । ਜਿਸ ਤਹਿਤ ਦੁਕਾਨਦਾਰਾਂ ਵੱਲੋਂ ਬੋਲੀ ਰਾਹੀਂ ਜਾਂ ਅਲਾਟਮੈਂਟ ਰਾਹੀਂ ਖਰੀਦ ਕੀਤੀਆਂ ਦੁਕਾਨਾਂ ਵਾਪਸ ਲੈ ਕੇ ਉਨ੍ਹਾਂ ਦੇ ਭਰੇ ਪੈਸੇ ਵਾਪਸ ਕੀਤੇ ਜਾ ਸਕਣ। ਇੱਥੇ ਇਹ ਸੋਚਣ ਵਾਲੀ ਗੱਲ ਹੈ ਕਿ ਅਗਰ ਪੰਜਾਬ ਮੰਡੀ ਬੋਰਡ ਦੇ ਨਿਯਮਾਂ ਅਨੁਸਾਰ ਪੈਸੇ ਵਾਪਸ ਕਰਨ ਦੀ ਕੋਈ ਪ੍ਰੋਵੀਜ਼ਨ ਹੀ ਨਹੀਂ ਹੈ ਤਾਂ ਕਰੋੜਾਂ ਰੁਪਏ ਦੀ ਰਕਮ ਕਿਹੜੇ ਨਿਯਮਾਂ ਤਹਿਤ 118 ਦੁਕਾਨਦਾਰਾਂ ਨੂੰ ਵਾਪਸ ਕੀਤੀ ਗਈ । ਇਹ ਦਾਲ ਵਿਚ ਕਾਲਾ ਹੋਣ ਦੀ ਬਜਾਏ ਪੂਰੀ ਦਾਲ ਹੀ ਕਾਲੀ ਹੋਣ ਵਾਲੀ ਗੱਲ ਹੈ। ਇਸ ਸਬੰਧੀ ਪੂਰੇ ਮਾਮਲੇ ਦੀ ਜਾਂਚ ਲਈ ਮਾਣਯੋਗ ਸ੍ਰੀ ਬੀ ਕੇ ਉੱਪਲ ਮੁੱਖ ਡਾਇਰੈਕਟਰ ਪੰਜਾਬ ਵਿਜੀਲੈਂਸ ਬਿਊਰੋ ਮੁਹਾਲੀ ਤੋਂ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਗਈ ਹੈ।
ਜੇ ਜਾਂਚ ਸਹੀ ਨਾ ਹੋਈ ਤਾਂ,,ਪੀਆਈਐਲ ਦੀ ਤਿਆਰੀ
ਆਰਟੀਆਈ ਐਕਟੀਵਿਸਟ ਸਤਪਾਲ ਗੋਇਲ ਤਪਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਗਰ ਮੰਡੀ ਬੋਰਡ ਦੇ ਇਸ ਮਾਮਲੇ ਦੀ ਸਹੀ ਜਾਂਚ ਨਹੀਂ ਹੁੰਦੀ ਤਾਂ ਉਹ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵਿਖੇ ਜਨਹਿੱਤ ਪਟੀਸ਼ਨ ਪਾ ਕੇ ਕਰੋੜਾਂ ਰੁਪਏ ਦੇ ਘਪਲੇ ਦੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਕਰਨਗੇ। ਮਾਰਕੀਟ ਕਮੇਟੀ ਤਪਾ ਦੀ ਸਕੱਤਰ ਮੈਡਮ ਗਿਆਨ ਨੇ ਦੱਸਿਆ ਕਿ ਇਹ ਉਨ੍ਹਾਂ ਆੜ੍ਹਤੀਆਂ ਦੀਆਂ ਦੁਕਾਨਾਂ ਕਬਜੇ ’ਚ ਲਈਆਂ ਗਈਆਂ ਹਨ , ਜਿਨ੍ਹਾਂ ਨੇ ਅਲਾਟਮੈਂਟ ਦੇ ਪੈਸੇ ਨਹੀ ਭਰੇ ਸਨ।