ਖੁੱਲ੍ਹਿਆ ਭੇਦ-ਕਿਹੜੀ ਗੱਲੋਂ ਮਾਰਿਆ ਨਿਹੰਗ ਜਸਵਿੰਦਰ ਸਿੰਘ ਨੂੰ…!

Advertisement
Spread information

ਹਰਿੰਦਰ ਨਿੱਕਾ, ਬਰਨਾਲਾ 8 ਜੁਲਾਈ 2024 

     ਲੰਘੀ 30 ਜੂਨ ਅਤੇ ਇੱਕ ਜੁਲਾਈ ਦੀ ਦਰਮਿਆਨੀ ਰਾਤ ਨੂੰ ਕਾਹਨੇਕੇ ਪਿੰਡ ‘ਚ ਨਿਹੰਗ ਜਸਵਿੰਦਰ ਸਿੰਘ ਦੇ ਕਤਲ ਦੀਆਂ ਤਾਰਾਂ ਕਰੀਬ ਸੱਤ ਵਰ੍ਹੇ ਪਹਿਲਾਂ ਇਸੇ ਹੀ ਪਿੰਡ ‘ਚ ਰਹਿੰਦੇ ਨਿਹੰਗ ਬਹਾਦਰ ਸਿੰਘ ਦੀ ਹੋਈ ਹੱਤਿਆ ਨਾਲ ਜੁੜਦੀਆਂ ਨਜ਼ਰ ਆ ਰਹੀਆਂ ਹਨ। ਪੁਲਿਸ ਨੇ ਨਿਹੰਗ ਜਸਵਿੰਦਰ ਸਿੰਘ ਨੂੰ ਮੌਤ ਦੇ ਘਾਟ ਉਤਾਰਨ ਵਾਲੇ ਦੋ ਨਾਮਜ਼ਦ ਦੋਸ਼ੀਆਂ ਨੂੰ ਗਿਰਫਤਾਰ ਵੀ ਕਰ ਲਿਆ ਹੈ,ਜਦੋਂਕਿ ਰਹਿੰਦੇ ਦੋ ਦੋਸ਼ੀਆਂ ਦੀ ਗਿਰਫਤਾਰੀ ਲਈ, ਪੁਲਿਸ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਹੈ। ਨਿਹੰਗ ਸਿੰਘ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ ਸਬੰਧੀ ਜਿਲ੍ਹਾ ਪੁਲਿਸ ਮੁਖੀ ਸੰਦੀਪ ਮਲਿਕ ਨੇ ਮੀਡੀਆ ਕੋਲ ਖੁਲਾਸਾ ਕੀਤਾ ਹੈ।                                                             

Advertisement

      ਸੰਦੀਪ ਕੁਮਾਰ ਮਲਿਕ, ਆਈ.ਪੀ.ਐੱਸ. ਸੀਨੀਅਰ ਕਪਤਾਨ ਪੁਲਿਸ, ਬਰਨਾਲਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 1.07.2024 ਨੂੰ ਜਸਵਿੰਦਰ ਸਿੰਘ (ਨਿਹੰਗ ਸਿੰਘ) ਪੁੱਤਰ ਜਰਨੈਲ ਸਿੰਘ ਵਾਸੀ ਕਾਹਨੇਕੇ ਜੋ ਪਿਛਲੇ ਕਰੀਬ 07 ਸਾਲ ਤੋਂ ਪਿੰਡ ਵਿੱਚ ਬਣੇ ਆਪਣੇ ਪੁਰਾਣੇ ਘਰ ਵਿੱਚ ਇਕੱਲਾ ਹੀ ਰਹਿੰਦਾ ਸੀ। ਜਿਸ ਦਾ ਕਿਸੇ ਨਾ-ਮਾਲੂਮ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਉਸ ਦੇ ਮੂੰਹ ਅਤੇ ਗਰਦਨ ਪਰ ਵਾਰ ਕਰਕੇ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਨੇ ਮ੍ਰਿਤਕ ਦੇ ਪਿਤਾ ਜਰਨੈਲ ਸਿੰਘ ਵਾਸੀ ਕਾਹਨੇਕੇ ਦੇ ਬਿਆਨ ਦੇ ਆਧਾਰ ਪਰ ਅਣਪਛਾਤਿਆਂ ਖਿਲਾਫ ਮੁਕੱਦਮਾ ਨੰਬਰ 54 ਮਿਤੀ 01.07.2024 ਅ/ਧ 103 (1),3(5) BNS ਥਾਣਾ ਰੂੜੇਕੇ ਕਲਾਂ ਵਿਖੇ ਕੇਸ ਦਰਜ ਕੀਤਾ ਗਿਆ।                                                                       

     ਐਸਐਸਪੀ ਮਲਿਕ ਨੇ ਦੱਸਿਆ ਕਿ ਇਸ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਣ ਲਈ ਸਨਦੀਪ ਸਿੰਘ ਮੰਡ, ਪੀ.ਪੀ.ਐੱਸ. ਕਪਤਾਨ ਪੁਲਿਸ (ਡੀ) ਬਰਨਾਲਾ, ਰਾਜਿੰਦਰਪਾਲ ਸਿੰਘ, ਪੀ.ਪੀ.ਐੱਸ. ਉਪ ਕਪਤਾਨ ਪੁਲਿਸ (ਡੀ) ਬਰਨਾਲਾ, ਮਾਨਵਜੀਤ ਸਿੰਘ ਸਿੱਧੂ, ਪੀ.ਪੀ.ਐਸ. ਉਪ ਕਪਤਾਨ ਪੁਲਿਸ, ਸਬ ਡਵੀਜਨ ਤਪਾ, ਇੰਸਪੈਕਟਰ ਬਲਜੀਤ ਸਿੰਘ, ਇੰਚਾਰਜ ਸੀ.ਆਈ.ਏ. ਸਟਾਫ਼ ਬਰਨਾਲਾ ਅਤੇ ਇੰਸਪੈਕਟਰ ਜਗਜੀਤ ਸਿੰਘ, ਮੁੱਖ ਅਫ਼ਸਰ ਥਾਣਾ ਰੂੜਕੇ ਕਲਾਂ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਬਣਾਈਆਂ ਗਈਆਂ। ਟੈਕਨੀਕਲ ਸੈੱਲ ਬਰਨਾਲਾ ਦੀ ਮੱਦਦ ਨਾਲ ਕੇਸ ਦੀ ਤਫ਼ਤੀਸ਼ ਤਕਨੀਕੀ ਢੰਗ ਨਾਲ ਅਮਲ ਵਿੱਚ ਲਿਆਂਦੀ ਗਈ। ਸ੍ਰੀ ਮਲਿਕ ਨੇ ਦੱਸਿਆ ਕਿ ਦੌਰਾਨੇ ਤਫ਼ਤੀਸ਼ ਪਰਮਜੀਤ ਸਿੰਘ ਉਰਫ ਪੰਮਾ ਪੁੱਤਰ ਬਲਦੇਵ ਸਿੰਘ ਵਾਸੀ ਬੋਪਾਰਾਏ, ਜ਼ਿਲ੍ਹਾ ਲੁਧਿਆਣਾ, ਜਸਪ੍ਰੀਤ ਸਿੰਘ ਉਰਫ ਹੈਪੀ ਪੁੱਤਰ ਪਰਗਟ ਸਿੰਘ ਵਾਸੀ ਨੰਗਲ, ਥਾਣਾ ਸੁਧਾਰ, ਜ਼ਿਲ੍ਹਾ ਲੁਧਿਆਣਾ, ਮਨਿੰਦਰ ਸਿੰਘ ਉਰਫ ਮਨੀ ਪੁੱਤਰ ਗੁਰਮੇਲ ਸਿੰਘ ਵਾਸੀ ਅੱਬੂਵਾਲ, ਜ਼ਿਲ੍ਹਾ ਲੁਧਿਆਣਾ ਅਤੇ ਸੁਖਵੀਰ ਸਿੰਘ ਉਰਫ ਸੁੱਖਾ ਪੁੱਤਰ ਦਵਿੰਦਰ ਸਿੰਘ ਵਾਸੀ ਭਿੰਡਰ ਕਲਾਂ, ਜ਼ਿਲ੍ਹਾ ਮੋਗਾ ਨੂੰ ਦੋਸ਼ੀ ਨਾਮਜ਼ਦ ਕੀਤਾ ਗਿਆ। ਪੁਲਿਸ ਪਾਰਟੀ ਨੇ ਹੱਤਿਆ ਦੇ ਜ਼ੁਰਮ ਵਿੱਚ ਪਰਮਜੀਤ ਸਿੰਘ ਉਰਫ ਪੰਮਾ ਅਤੇ ਜਸਪ੍ਰੀਤ ਸਿੰਘ ਉਰਫ ਹੈਪੀ ਨੂੰ ਗਿਰਫਤਾਰ ਵੀ ਕਰ ਲਿਆ। ਗ੍ਰਿਰਫਤਾਰ ਦੋਸ਼ੀਆਂ ਦੇ ਕਬਜੇ ਵਿੱਚੋਂ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਮੋਟਰ ਸਾਇਕਲ ਨੰਬਰ HR-01-4130 ਮਾਰਕਾ ਹੀਰੋ ਹੌਂਡਾ ਸਪਲੈਂਡਰ ਰੰਗ ਲਾਲ,ਕ੍ਰਿਪਾਨ ਲੋਹਾ ਅਤੇ ਇੱਕ ਲੋਹੇ ਦਾ ਖੰਡਾ ਬਰਾਮਦ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫਤਾਰ ਕੀਤੇ ਦੋਵੇਂ ਦੋਸ਼ੀਆਂ ਨੂੰ ਮਾਨਯੋਗ ਇਲਾਕਾ ਮੈਜਿਸਟ੍ਰੇਟ ਦੀ ਅਦਾਲਤ ਵਿੱਚ ਪੇਸ਼ ਕਰਕੇ, ਉਨਾਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਅਗਲੀ ਤਫ਼ਤੀਸ਼ ਅਮਲ ਵਿੱਚ ਲਿਆਂਦੀ ਜਾ ਰਹੀ ਹੈ। 

     ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਨਿਹੰਗ ਜਸਵਿੰਦਰ ਸਿੰਘ ਦੀ ਹੱਤਿਆ ਦੇ ਤਾਰ ਸਾਲ 2017 ਵਿੱਚ ਪਿੰਡ ਵਿੱਚ ਹੀ ਹੋਏ ਨਿਹੰਗ ਬਹਾਦਰ ਸਿੰਘ ਦੇ ਕਤਲ ਨਾਲ ਜੁੜੇ ਹੋਏ ਹਨ। ਨਿਹੰਗ ਜਸਵਿੰਦਰ ਸਿੰਘ , ਨਿਹੰਗ ਬਹਾਦਰ ਸਿੰਘ ਦੇ ਕਤਲ ਕੇਸ ਦਾ ਗਵਾਹ ਵੀ ਸੀ, ਜਿਹੜਾ ਅਦਾਲਤ ਵਿੱਚ ਆਪਣੀ ਗਵਾਹੀ ਤੋਂ ਮੁੱਕਰ ਗਿਆ ਸੀ। ਹੁਣ ਨਿਹੰਗ ਜਸਵਿੰਦਰ ਸਿੰਘ ਦੇ ਕਤਲ ਵਿੱਚ ਗਿਰਫਤਾਰ ਦੋਸ਼ੀ, ਪਹਿਲਾਂ ਕਤਲ ਹੋਏ ਨਿਹੰਗ ਬਹਾਦਰ ਸਿੰਘ ਦੇ ਪਿੰਡ ਦੇ ਹੀ ਰਹਿਣ ਵਾਲੇ ਹਨ। ਦੋਸ਼ੀਆਂ ਦਾ ਸਬੰਧ ਨਿਹੰਗ ਬਹਾਦਰ ਸਿੰਘ ਨਾਲ ਜੁੜੇ ਹੋਣ ਦੇ ਤੱਥ ਸਾਹਮਣੇ ਆਉਣ ਕਾਰਣ, ਲੋਕਾਂ ਵਿੱਚ ਇਹ ਚਰਚਾ ਨੇ ਵੀ ਜ਼ੋਰ ਫੜ੍ਹ ਲਿਆ ਕਿ ਇਹ ਵੀ ਹੋ ਸਕਦਾ ਹੈ ਕਿ ਨਿਹੰਗ ਜਸਵਿੰਦਰ ਸਿੰਘ ਦੇ ਕਾਤਿਲਾਂ ਨੇ ਨਿਹੰਗ ਬਹਾਦਰ ਸਿੰਘ ਦੀ ਹੱਤਿਆ ਦੇ ਗਵਾਹ ਵਜੋਂ ਅਦਾਲਤ ਵਿੱਚ ਮੁਕਰਨ ਤੋਂ ਬਾਅਦ ਦੋਸ਼ੀਆਂ ਦੇ ਬਰੀ ਹੋ ਜਾਣ ਦਾ ਗੁੱਸਾ, ਹੁਣ ਗਵਾਹ ਨਿਹੰਗ ਜਸਵਿੰਦਰ ਸਿੰਘ ਦਾ ਕਤਲ ਕਰਕੇ ਹੀ ਲਿਆ ਹੈ। ਇਸ ਤੱਥ ਦੀ ਪੁਸ਼ਟੀ ਹਾਲੇ ਕਿਸੇ ਪੁਲਿਸ ਅਧਿਕਾਰੀ ਨੇ ਨਹੀਂ ਕੀਤੀ। ਪਰੰਤੂ ਅਜਿਹਾ ਖੁਲਾਸਾ ਦੂਸਰੇ ਨਾਮਜ਼ਦ ਦੋਸ਼ੀਆਂ ਦੀ ਗਿਰਫਤਾਰੀ ਤੋਂ ਬਾਅਦ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

Advertisement
Advertisement
Advertisement
Advertisement
Advertisement
error: Content is protected !!