ਹਰਿੰਦਰ ਨਿੱਕਾ, ਨਵੀਂ ਦਿੱਲੀ 25 ਜੂਨ 2024
ਲੋਕ ਸਭਾ ਹਲਕਾ ਸੰਗਰੂਰ ਤੋਂ ਪਹਿਲੀ ਵਾਰ ਐਮ.ਪੀ. ਚੁਣ ਕੇ ਦੇਸ਼ ਦੀ ਪਾਰਲੀਮੈਂਟ ਵਿੱਚ ਪਹੁੰਚੇ ਅਤੇ ਬਰਨਾਲਾ ਤੋਂ ਲਗਾਤਾਰ ਦੋ ਵਾਰ ਵਿਧਾਇਕ ਰਹਿ ਚੁੱਕੇ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਆਪਣੇ ਅਹੁਦੇ ਦੀ ਸੌਂਹ ਚੁੱਕ ਲਈ ਹੈ। ਐਮ.ਪੀ. ਮੀਤ ਹੇਅਰ ਨੇ ਠੇਠ ਪੰਜਾਬੀ ਭਾਸ਼ਾ ਵਿੱਚ ਸੌਂਹ ਚੁੱਕੀ। ਮੀਤ ਹੇਅਰ ਨੇ ਸੌਂਹ ਚੁੱਕਣ ਉਪਰੰਤ ਪਹਿਲਾਂ “ਇਨਕਲਾਬ ਜਿੰਦਾਬਾਦ” ਅਤੇ ਫਿਰ “ਜੈ ਜਵਾਨ, ਜੈ ਕਿਸਾਨ” ਦਾ ਨਾਅਰਾ ਬੁਲੰਦ ਕੀਤਾ। ਇਸ ਮੌਕੇ ਸੰਸਦ ਭਵਨ ਚ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਅਤੇ ਮੀਤ ਹੇਅਰ ਦੇ ਮਾਤਾ-ਪਿਤਾ ਅਤੇ ਪਤਨੀ ਵੀ ਹਾਜ਼ਰ ਸਨ। ਮੀਤ ਹੇਅਰ ਦੇ ਸੌਂਹ ਚੁੱਕ ਲੈਣ ਦੀ ਵੀਡੀਓ ਵੀ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਮੀਤ ਹੇਅਰ ਵੱਲੋਂ ਪੰਜਾਬੀ ਵਿੱਚ ਸੌਂਹ ਚੁੱਕੇ ਜਾਣ ਲਈ ਪ੍ਰਸਿੱਧ ਨੌਜਵਾਨ ਸਹਿਤਕਾਰ ਤੇ ਅਲੀਗੜ੍ਹ ਯੂਨੀਵਰਸਿਟੀ ਦੇ ਸਕੌਲਰ ਪ੍ਰੋਫੈਸਰ ਬੇਅੰਤ ਸਿੰਘ ਬਾਜ਼ਵਾ ਨੇ ਭਰਭੂਰ ਸ਼ਲਾਘਾ ਕੀਤੀ। ਬਾਜਵਾ ਨੇ ਕਿਹਾ ਕਿ ਮੀਤ ਹੇਅਰ ਵੱਲੋਂ ਅਜਿਹਾ ਕਰਨ ਨਾਲ,ਮੀਤ ਹੇਅਰ ਦਾ ਰਾਜਸੀ ਕੱਦ ਵੀ ਹੋਰ ਉੱਚਾ ਹੋਇਆ ਹੈ, ਕਿਉਂਕਿ ਉਨ੍ਹਾਂ ਆਪਣੀ ਮਾਂ ਬੋਲੀ ਦਾ ਸੰਸਦ ਵਿੱਚ ਮਾਣ ਵਧਾਇਆ ਹੈ। ਬਾਜਵਾ ਨੇ ਕਿਹਾ ਮੈਨੂੰ ਪੂਰਨ ਉਮੀਦ ਹੈ ਕਿ ਮੀਤ ਹੇਅਰ , ਸਿਰਫ ਬਰਨਾਲਾ ਇਲਾਕੇ ਜਾਂ ਸੰਗਰੂਰ ਲੋਕ ਸਭਾ ਹਲਕੇ ਦੀ ਹੀ ਨਹੀਂ, ਬਲਕਿ ਪੂਰੇ ਪੰਜਾਬ ਦੀ ਨੌਜਵਾਨੀ ਦੀ ਵੀ ਸੰਸਦ ਵਿੱਚ ਪ੍ਰਤਿਨਿਧਤਾ ਕਰੇਗਾ। ਤਰਕਭਾਰਤੀ ਪ੍ਰਕਾਸ਼ਨ ਸਮੂਹ ਦੇ ਐਮਡੀ ਅਮਿਤ ਮਿੱਤਰ ਨੇ ਕਿਹਾ ਕਿ ਚੰਗੀ ਗੱਲ ਹੈ ਕਿ ਮੀਤ ਹੇਅਰ ਨੇ ਸੰਸਦ ਵਿੱਚ ਸੌਂਹ ਚੁੱਕਣ ਤੋਂ ਤੁੰਰਤ ਬਾਅਦ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦਾ , ਇਨਕਲਾਬ ਜਿੰਦਾਬਾਦ ਦਾ ਨਆਰਾ, ਲਾਇਆ ਹੈ ਤੇ ਹੁਣ ਉਸ ਨੂੰ ਸ਼ਹੀਦ ਭਗਤ ਸਿੰਘ ਤੇ ਹੋਰ ਇਨਕਲਾਬੀਆਂ ਦੀ ਸੋਚ ਤੇ ਚਲਦਿਆਂ ਜਗੀਰੂ/ਧਨਾਢ ਸੋਚ ਦੇ ਖਿਲਾਫ ਅਤੇ ਮਿਹਨਤਕਸ਼ ਵਰਗਾਂ ਦੇ ਹੱਕ ਵਿੱਚ ਹਿੱਕ ਡਾਹ ਕੇ,ਲੜਨ ਦੀ ਲੋੜ ਹੈ। ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਅਤੇ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਾਮ ਤੀਰਥ ਮੰਨਾ ਨੇ ਕਿਹਾ ਕਿ ਮੀਤ ਹੇਅਰ ਬਰਨਾਲਾ ਸ਼ਹਿਰ ਦਾ ਮਾਣ ਹੈ। ਉਨਾਂ ਇਨਕਲਾਬ ਜਿੰਦਾਬਾਦ ਅਤੇ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਲਾ ਕੇ, ਆਪਣੀ ਸੋਚ ਦਾ ਪ੍ਰਗਟਾਵਾ ਕਰ ਦਿੱਤਾ ਹੈ ਕਿ ਉਹ ਸੰਸਦ ਵਿੱਚ ਆਮ ਲੋਕਾਈ ਦੀ ਅਵਾਜ ਹਮੇਸ਼ਾ ਬੁਲੰਦ ਕਰਨਗੇ। ਵਰਨਣਯੋਗ ਹੈ ਕਿ ਬਰਨਾਲਾ ਸ਼ਹਿਰ ਦੇ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਸੁਰਜੀਤ ਸਿੰਘ ਬਰਨਾਲਾ, 1998 ਵਿੱਚ ਲੋਕ ਸਭਾ ਹਲਕਾ ਸੰਗਰੂਰ ਤੋਂ ਐਮ.ਪੀ. ਬਣ ਕੇ, ਐਨਡੀਏ ਦੀ 13 ਮਹੀਨਿਆਂ ਦੀ ਸਰਕਾਰ ਵਿੱਚ ਕੇਂਦਰੀ ਵਜੀਰ ਰਹੇ ਸਨ, ਉਸ ਤੋਂ ਕਰੀਬ 26 ਸਾਲਾਂ ਬਾਅਦ, ਇਸ ਵਾਰ ਫਿਰ ਲੋਕ ਸਭਾ ਹਲਕਾ ਸੰਗਰੂਰ ਦੀ ਨੁਮਾਇੰਦਗੀ ਕਰਨ ਦਾ ਮੌਕਾ ਬਰਨਾਲਾ ਸ਼ਹਿਰ ਦੇ ਨੌਜਵਾਨ ਲੀਡਰ ਗੁਰਮੀਤ ਸਿੰਘ ਮੀਤ ਹੇਅਰ ਨੂੰ ਸੰਸਦ ਵਿੱਚ ਜਾਣ ਦਾ ਮੌਕਾ ਮਿਲਿਆ ਹੈ। ਬਰਨਾਲਾ ਦੇ ਹੀ ਰਹਿਣ ਵਾਲੇ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਨੂੰ ਸਾਲ 1989 ਵਿੱਚ ਅਤੇ 1990 ਵਿੱਚ ਗੁਰਚਰਨ ਸਿੰਘ ਦੱਧਾਹੂਰ ਵੀ ਲੋਕ ਸਭਾ ਹਲਕਾ ਸੰਗਰੂਰ ਦੀ ਨੁਮਾਇੰਦਗੀ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ।