ਡੀਐਸਪੀ ਛਿੱਬਰ ਦੀ ਬਦਲੀ ਤੋਂ ਬਾਅਦ ਦਫਤਰ ਨੂੰ ਲੱਗਿਆ ਰਿਹਾ ਜਿੰਦਾ
ਰੀਡਰ ਬਿਨਾਂ ਹੀ ਬੀਤਿਆ ਡੀਐਸਪੀ ਦਾ ਪਹਿਲਾ ਦਿਨ
ਹਰਿੰਦਰ ਨਿੱਕਾ ਬਰਨਾਲਾ 26 ਜੂਨ 2020
ਸਬ ਡਿਵੀਜਨ ਬਰਨਾਲਾ ਦੇ ਡੀਐਸਪੀ ਰਾਜੇਸ਼ ਛਿੱਬਰ ਦੀ ਬਦਲੀ ਹੋ ਜਾਣ ਤੋਂ ਬਾਅਦ ਕਰੀਬ ਇੱਕ ਮਹੀਨੇ ਤੱਕ ਬੰਦ ਰਹੀ ਸੁਪਰਡੈਂਟੀ ਯਾਨੀ ਡੀਐਸਪੀ ਦੇ ਦਫਤਰ ਚ, ਅੱਜ ਤੋਂ ਫਿਰ ਉਸ ਸਮੇਂ ਰੋਣਕ ਪਰਤ ਆਈ, ਜਦੋਂ ਨਵ ਨਿਯੁਕਤ ਡੀਐਸਪੀ ਲਖਵੀਰ ਸਿੰਘ ਟਿਵਾਣਾ ਨੇ ਤਬਾਦਲਾ ਹੋਣ ਤੋਂ ਕਾਫੀ ਦਿਨ ਬਾਅਦ ਆਪਣਾ ਅਹੁਦਾ ਸੰਭਾਲ ਲਿਆ। ਹੁਣ ਤੱਕ ਡੀਐਸਪੀ ਸਬ ਡਿਵੀਜਨ ਦਾ ਕੰਮ ਆਰਜੀ ਤੌਰ ਤੇ ਡੀਐਸਪੀ ਬਲਜੀਤ ਸਿੰਘ ਬਰਾੜ ਸੰਭਾਲ ਰਹੇ ਸਨ।
ਡੀਐਸਪੀ ਲਖਵੀਰ ਸਿੰਘ ਟਿਵਾਣਾ ਦਾ ਪਹਿਲਾ ਦਿਨ ਰੀਡਰ ਤੋਂ ਬਿਨਾਂ ਹੀ ਬੀਤਿਆ। ਕਿਉਂਕਿ ਡੀਐਸਪੀ ਛਿੱਬਰ ਦੇ ਤਬਾਦਲੇ ਤੋਂ ਬਾਅਦ ਕਾਰਜਕਾਰੀ ਡੀਐਸਪੀ ਬਰਾੜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਚ, ਸਥਿਤ ਆਪਣੇ ਦਫਤਰ ਚ, ਬੈਠ ਕੇ ਹੀ ਸਬ ਡਿਵੀਜਨ ਦਾ ਕੰਮ ਚਲਾਉਂਦੇ ਰਹੇ ਹਨ। ਨਵੇਂ ਡੀਐਸਪੀ ਦੀ ਤਾਇਨਾਤੀ ਨਾ ਹੋਣ ਕਾਰਣ ਡੀਐਸਪੀ ਦਫਤਰ ਚ, ਲੰਬੇ ਅਰਸੇ ਤੱਕ ਰੀਡਰ ਦੇ ਤੌਰ ਤੇ ਸੇਵਾ ਨਿਭਾ ਰਿਹੇ ਹਰਗੋਬਿੰਦ ਸਿੰਘ ਤੇ ਹੋਰ ਅਮਲੇ ਨੂੰ ਵੀ ਵੱਖ ਵੱਖ ਥਾਵਾਂ ਤੇ ਤਾਇਨਾਤ ਕਰ ਦਿੱਤਾ ਗਿਆ ਸੀ। ਜਿਸ ਕਾਰਣ ਕਰੀਬ ਇੱਕ ਮਹੀਨਾ ਡੀਐਸਪੀ ਦੇ ਦਫਤਰ ਨੂੰ ਤਾਲਾ ਲਟਕਦਾ ਰਿਹਾ। ਅਜਿਹਾ ਡੀਐਸਪੀ ਦਫਤਰ ਦੇ ਹੋਂਦ ਚ, ਆਉਣ ਤੋਂ ਬਾਅਦ ਪਹਿਲੀ ਵਾਰ ਹੋਇਆ।
ਸਬ ਡਿਵੀਜਨ ਦੇ ਡੀਐਸਪੀ ਦੇ ਤੌਰ ਦੇ ਆਪਣਾ ਅਹੁਦਾ ਸੰਭਾਲਣ ਤੋਂ ਬਾਅਦ ਡੀਐਸਪੀ ਲਖਵੀਰ ਸਿੰਘ ਟਿਵਾਣਾ ਨੇ ਕਿਹਾ ਕਿ ਉਹ ਐਸਐਸਪੀ ਸ੍ਰੀ ਸੰਦੀਪ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇਲਾਕੇ ਚੋਂ ਨਸ਼ਾ ਤਸਕਰਾਂ ਅਤੇ ਗੁੰਡਾਗਰਦੀ ਦੇ ਖਾਤਮੇ ਲਈ ਦਿਨ ਰਾਤ ਇੱਕ ਕਰ ਦੇਣਗੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਨਸਾਫ ਦੇਣਾ ਉਨ੍ਹਾਂ ਦੀ ਪਹਿਲ ਰਹੇਗੀ। ਵਰਨਣਯੋਗ ਹੈ ਕਿ ਡੀਐਸਪੀ ਲਖਵੀਰ ਸਿੰਘ ਟਿਵਾਣਾ ਹੁਣ ਜਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਡੀਐਸਪੀ ਵਿਜੀਲੈਂਸ ਦੇ ਅਹੁਦੇ ਤੋਂ ਬਦਲ ਕੇ ਇੱਥੇ ਆਏ ਹਨ। ਜਦੋਂ ਕਿ ਉਸ ਤੋਂ ਪਹਿਲਾ ਉਹ ਡੀਐਸਪੀ ਬਟਾਲਾ, ਸਾਹਨੇਵਾਲ ਅਤੇ ਏਸੀਪੀ ਲੁਧਿਆਣਾ ਵਿਖੇ ਸ਼ਾਨਦਾਰ ਸੇਵਾਵਾਂ ਵੀ ਨਿਭਾ ਚੁੱਕੇ ਹਨ।