ਲੌਕਡਾਉਨ ਭਾਂਵੇ ਖੁੱਲ੍ਹ ਚੁੱਕਿਐ, ਪਰ ਕੋਰੋਨਾ ਦਾ ਖਤਰਾ ਹਾਲੇ ਟਲਿਆ ਨਹੀਂ- ਸਿਵਲ ਸਰਜ਼ਨ
ਹਰਿੰਦਰ ਨਿੱਕਾ ਬਰਨਾਲਾ 27 ਜੂਨ 2020
ਸ਼ਹਿਰ ਦੇ ਐਸਡੀ ਕਾਲਜ ਦੇ ਨੇੜੇ ਰਹਿੰਦੇ ਇੱਕੋ ਪਰਿਵਾਰ ਦੇ 3 ਜੀਆਂ ਸਣੇ ਜਿਲ੍ਹੇ ਦੇ ਕੁੱਲ 4 ਹੋਰ ਬੰਦਿਆਂ ਨੂੰ ਕੋਰੋਨਾ ਵਾਇਰਸ ਨੇ ਡੰਗ ਲਿਆ ਹੈ। ਇਸ ਦੀ ਪੁਸ਼ਟੀ ਗੌਰਮਿੰਟ ਮੈਡੀਕਲ ਕਾਲਜ ਦੇ ਡਾਕਟਰਾਂ ਵੱਲੋਂ ਭੇਜੀ ਗਈ ਰਿਪੋਰਟ ਤੋਂ ਹੋਈ ਹੈ। ਰਿਪੋਰਟ ਅਨੁਸਾਰ ਕੱਚਾ ਕਾਲਜ਼ ਰੋਡ ਦੀ ਗਲੀ ਨੰਬਰ 1 ਚ, ਰਹਿੰਦੇ ਧੌਲੇ ਵਾਲਿਆਂ ਦੇ ਪਰਿਵਾਰ ਚੋਂ 28 ਵਰ੍ਹਿਆਂ ਦੇ ਰੌਕੀ ਸਿੰਗਲਾ, 22 ਵਰ੍ਹਿਆਂ ਦੇ ਰਾਹੁਲ ਸਿੰਗਲਾ ਤੇ ਨਸੀਬ ਚੰਦ ਸਿੰਗਲਾ ਅਤੇ ਸਹਿਜੜਾ ਦੇ 45 ਕੁ ਵਰ੍ਹਿਆਂ ਦੇ ਰਾਜ ਸਿੰਘ ਦੇ ਸੈਂਪਲਾਂ ਦੀ ਰਿਪੋਰਟ ਕੋਰੋਨਾ ਪੌਜੇਟਿਵ ਆਈ ਹੈ। ਧੌਲੇ ਵਾਲਿਆਂ ਦਾ ਇਹ ਪਰਿਵਾਰ ਰੰਗਾਂ ਵਾਲਿਆਂ ਦੇ ਤੌਰ ਤੇ ਪ੍ਰਸਿੱਧ ਹੈ। ਇਹ ਜਾਣਕਾਰੀ ਮਿਲਦਿਆਂ ਹੀ ਪੂਰੇ ਸ਼ਹਿਰ ਤੋਂ ਇਲਾਵਾ ਖਾਸ ਤੌਰ ਤੇ ਕੱਚਾ ਕਾਲਜ ਰੋਡ ਖੇਤਰ ਦੀ ਗਲੀ ਨੰਬਰ 1 ਅਤੇ ਆਸਪਾਸ ਦੇ ਲੋਕਾਂ ਚ, ਸਹਿਮ ਪਾਇਆ ਜਾ ਰਿਹਾ ਹੈ।
ਐਸਐਮਉ ਡਾਕਟਰ ਜੋਤੀ ਕੌਸ਼ਲ ਨੇ ਦੱਸਿਆ ਕਿ ਕੋਰੋਨਾ ਪੌਜੇਟਿਵ ਇੱਨਾਂ 4 ਮਰੀਜ਼ਾਂ ਦੇ ਸੰਪਰਕ ਦੀ ਹਿਸਟਰੀ ਖੰਗਾਲੀ ਜਾ ਰਹੀ ਹੈ। ਚਾਰੋਂ ਮਰੀਜ਼ਾਂ ਨੂੰ ਅੱਜ ਆਈਸੋਲੇਸ਼ਨ ਸੈਂਟਰ ਚ, ਭਰਤੀ ਕਰਨ ਦੀ ਪ੍ਰਕ੍ਰਿਆ ਆਰੰਭ ਦਿੱਤੀ ਗਈ ਹੈ। ਇੱਨ੍ਹਾਂ ਮਰੀਜਾਂ ਦੇ ਹੋਰ ਸੰਪਰਕ ਚ, ਆਏ ਵਿਅਕਤੀਆਂ ਬਾਰੇ ਵੀ ਸੂਚੀ ਤਿਆਰ ਕੀਤੀ ਜਾ ਰਹੀ ਹੈ। ਜਿਨ੍ਹਾਂ ਦੇ ਸੈਂਪਲ ਵੀ ਲੈ ਕੇ ਜਾਂਚ ਲਈ ਭੇਜ਼ੇ ਜਾਣਗੇ। ਉਨ੍ਹਾਂ ਦੱਸਿਆ ਕਿ ਸ਼ੁਕਰਵਾਰ ਨੂੰ ਆਈ ਰਿਪੋਰਟ ਚ, 6 ਸ਼ੱਕੀ ਮਰੀਜਾਂ ਦੇ ਸੈਂਪਲਾਂ ਦੀ ਰਿਪੋਰਟ ਨੈਗੇਟਿਵ ਵੀ ਆਈ ਹੈ।
ਵਰਨਣਯੋਗ ਹੈ ਕਿ ਹੁਣ ਤੱਕ ਜਿਲ੍ਹੇ ਦੇ 7 ਹਜ਼ਾਰ ਦੇ ਕਰੀਬ ਸ਼ੱਕੀ ਮਰੀਜਾਂ ਦੇ ਸੈਂਪਲ ਜਾਂਚ ਲਈ ਭੇਜੇ ਗਏ। ਜਿਨ੍ਹਾਂ ਚੋਂ ਕੁੱਲ 50 ਜਣਿਆਂ ਦੀ ਰਿਪੋਰਟ ਪੌਜੇਟਿਵ ਤੇ ਬਾਕੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ। 50 ਵਿੱਚੋਂ ਮਹਿਲ ਕਲਾਂ ਦੀ ਇੱਕ ਔਰਤ ਤੇ ਬਰਨਾਲਾ ਸ਼ਹਿਰ ਦੇ ਇੱਕ ਨੌਜਵਾਨ ਦੀ ਮੌਤ ਹੋ ਚੁੱਕੀ ਹੈ। ਜਦੋਂ ਕਿ 38 ਕੋਰੋਨਾ ਪੌਜੇਟਿਵ ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਆਪਣੇ ਘਰੀਂ ਪਰਤ ਚੁੱਕੇ ਹਨ। 26 ਜੂਨ ਤੱਕ ਸਿਰਫ 6 ਮਰੀਜ਼ ਹੀ ਆਈਸੋਲੇਸ਼ਨ ਸੈਂਟਰ ਚ, ਭਰਤੀ ਸਨ। ਜਦੋਂ ਕਿ 4 ਨਵੇਂ ਮਰੀਜਾਂ ਨੂੰ ਵੀ ਅੱਜ ਆਈਸੋਲੇਸ਼ਨ ਸੈਂਟਰ ਚ, ਭਰਤੀ ਕੀਤਾ ਜਾਵੇਗਾ।
ਸਿਵਲ ਸਰਜਨ ਡਾਕਟਰ ਗੁਰਿੰਦਰਬੀਰ ਸਿੰਘ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੌਕਡਾਉਨ ਭਾਂਵੇ ਖੁੱਲ੍ਹ ਚੁੱਕਾ ਹੈ। ਪਰੰਤੂ ਕੋਰੋਨਾ ਦਾ ਖਤਰਾ ਹਾਲੇ ਟਲਿਆ ਨਹੀਂ ਹੈ। ਕੋਰੋਨਾ ਦੇ ਮਰੀਜ ਲਗਾਤਾਰ ਵਧਣ ਨਾਲ ਇਸ ਵਾਇਰਸ ਦੇ ਫੈਲਣ ਦੀਆਂ ਸੰਭਾਵਨਾਵਾਂ ਵੀ ਪਹਿਲਾਂ ਤੋਂ ਵੱਧ ਗਈਆਂ ਹਨ। ਇਸ ਲਈ ਲੋਕਾਂ ਨੂੰ ਬਿਨ੍ਹਾਂ ਕਿਸੇ ਜਰੂਰੀ ਕੰਮ ਤੋਂ ਘਰਾਂ ਤੋਂ ਬਾਹਰ ਨਹੀਂ ਨਿੱਕਲਣਾ ਚਾਹੀਦਾ। ਘਰੋਂ ਬਾਹਰ ਨਿੱਕਲਦੇ ਸਮੇਂ ਮਾਸਕ ਪਹਿਣਨਾ ਚਾਹੀਦਾ ਹੈ। ਸ਼ੋਸ਼ਲ ਦੂਰੀ ਨੂੰ ਨਜਰਅੰਦਾਜ਼ ਨਹੀਂ ਕਰਨਾ ਚਾਹੀਦਾ ਹੈ। ਸਿਹਤ ਵਿਭਾਗ ਵੱਲੋਂ ਜਾਰੀ ਹਿਦਾਇਤਾਂ ਦੀ ਪਾਲਣਾ ਕਰਨ ਚ, ਹੀ ਕੋਰੋਨਾ ਵਾਇਰਸ ਤੋਂ ਬਚਿਆ ਜਾ ਸਕਦਾ ਹੈ।