ਪਾਜ਼ੀਟਿਵ ਮਰੀਜ਼ਾਂ ਲਈ ਭੋਜਨ ਅਤੇ ਸਾਫ਼ ਸਫ਼ਾਈ ਦੇ ਪ੍ਰਬੰਧਾਂ ਦਾ ਲਿਆ ਜਾਇਜ਼ਾ
*ਜੇਰੇ ਇਲਾਜ ਮਰੀਜ਼ਾਂ ਵੱਲੋਂ ਪ੍ਰਬੰਧਾਂ ’ਤੇ ਤਸੱਲੀ ਦਾ ਪ੍ਰਗਟਾਵਾ
ਹਰਪ੍ਰੀਤ ਕੌਰ ਸੰਗਰੂਰ, 26 ਜੂਨ: 2020
ਕੋਵਿਡ ਕੇਅਰ ਸੈਂਟਰ ਘਾਬਦਾਂ ਵਿਖੇ ਜੇਰੇ ਇਲਾਜ ਇੱਕ ਵਿਅਕਤੀ ਵੱਲੋਂ ਖਾਣੇ ਦੇ ਪ੍ਰਬੰਧਾਂ ਅਤੇ ਸਾਫ਼ ਸਫ਼ਾਈ ਵਿਵਸਥਾ ’ਤੇ ਸਵਾਲ ਉਠਾਉਣ ਸਬੰਧੀ ਮੀਡੀਆ ਦੇ ਇੱਕ ਹਿੱਸੇ ਵਿੱਚ ਆਈਆਂ ਖਬਰਾਂ ਦਾ ਗੰਭੀਰ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਵੱਲੋਂ ਕੋਵਿਡ ਕੇਅਰ ਸੈਂਟਰ ਦਾ ਅਚਨਚੇਤ ਨਿਰੀਖਣ ਕੀਤਾ ਗਿਆ। ਉਨ੍ਹਾਂ ਉਥੇ ਤਾਇਨਾਤ ਡਾਕਟਰੀ ਸਟਾਫ਼ ਤੋਂ ਸਾਰਾ ਜਾਇਜ਼ਾ ਲਿਆ ਅਤੇ ਖਾਣੇ ਸਬੰਧੀ ਰਸੋਈ ਘਰ ਦੇ ਇੰਚਾਰਜ ਨਾਲ ਗੱਲਬਾਤ ਕੀਤੀ ਜਿਸ ’ਤੇ ਰਸੋਈ ਇੰਚਾਰਜ ਨੇ ਦੱਸਿਆ ਕਿ ਇੱਕ ਵਿਅਕਤੀ ਵੱਲੋਂ ਖਾਣੇ ਸਬੰਧੀ ਸਵਾਲ ਉਠਾਏ ਜਾਣ ’ਤੇ ਉਸਦੀ ਥਾਲੀ ਨੂੰ ਤੁਰੰਤ ਬਦਲ ਦਿੱਤਾ ਗਿਆ ਸੀ।
ਡਿਪਟੀ ਕਮਿਸ਼ਨਰ ਨੇ ਕੋਵਿਡ ਕੇਅਰ ਸੈਂਟਰ ਵਿਖੇ ਜੇਰੇ ਇਲਾਜ ਵੱਖ ਵੱਖ ਵਿਅਕਤੀਆਂ ਨਾਲ ਮੋਬਾਇਲ ’ਤੇ ਗੱਲਬਾਤ ਕੀਤੀ ਅਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਨੇ ਮੋਬਾਇਲ ਰਾਹੀਂ ਗੱਲਬਾਤ ਕਰਦਿਆਂ ਪਾਜ਼ੀਟਿਵ ਮਰੀਜ਼ਾਂ ਨੂੰ ਦੱਸਿਆ ਕਿ ਉਹ ਕੋਵਿਡ ਕੇਅਰ ਸੈਂਟਰ ਵਿਖੇ ਮੌਜੂਦ ਹਨ ਅਤੇ ਜੇ ਕਿਸੇ ਨੂੰ ਵੀ ਕਿਸੇ ਕਿਸਮ ਦੀ ਸਮੱਸਿਆ ਹੈ ਤਾਂ ਉਹ ਤੁਰੰਤ ਉਸਦੇ ਕਮਰੇ ਵਿੱਚ ਆ ਕੇ ਸਮੱਸਿਆ ਨੂੰ ਦੂਰ ਕਰਵਾ ਸਕਦੇ ਹਨ। ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕਰਦਿਆਂ ਵੱਖ ਵੱਖ ਮਰੀਜ਼ਾਂ ਨੇ ਕਿਹਾ ਕਿ ਖਾਣੇ, ਸਾਫ਼ ਸਫਾਈ ਜਾਂ ਇਲਾਜ ਸਬੰਧੀ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੈ। ਇਸ ਉਪਰੰਤ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜਿਹੜੇ ਵਿਅਕਤੀ ਵੱਲੋਂ ਮੀਡੀਆ ਵਿੱਚ ਪ੍ਰਬੰਧਾਂ ਦੀਆਂ ਕਮੀਆਂ ਬਾਰੇ ਬਿਆਨ ਦਿੱਤਾ ਗਿਆ ਹੈ ਹੁਣ ਜਦੋਂ ਉਸ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਉਸ ਨੇ ਦੱਸਿਆ ਕਿ ਪ੍ਰਬੰਧਾਂ ਵਿੱਚ ਕੋਈ ਕਮੀ ਨਹੀਂ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ਼ਿਕਾਇਤਕਰਤਾ ਦੇ ਸਾਹਮਣੇ ਅਤੇ ਨਾਲ ਵਾਲੇ ਕਮਰਿਆਂ ਵਿੱਚ ਰਹਿ ਰਹੇ ਮਰੀਜ਼ਾਂ ਨੇ ਦੱਸਿਆ ਹੈ ਕਿ ਇਹ ਵਿਅਕਤੀ ਕੁਝ ਘਬਰਾਹਟ ਵਿੱਚ ਹੈ ਅਤੇ ਘਰ ਜਾਣ ਲਈ ਉਤਾਵਲਾਪਨ ਮਹਿਸੂਸ ਕਰ ਰਿਹਾ ਹੈ ਜਿਸ ਕਾਰਨ ਹੀ ਉਸ ਵੱਲੋਂ ਅਜਿਹਾ ਬਿਆਨ ਦਿੱਤਾ ਗਿਆ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਪ੍ਰਸ਼ਾਸਨ ਕੋਵਿਡ ਪਾਜ਼ੀਟਿਵ ਮਰੀਜ਼ਾਂ ਦੀ ਸੁਚੱਜੀ ਦੇਖਭਾਲ ਅਤੇ ਛੇਤੀ ਸਿਹਤਯਾਬੀ ਲਈ ਦ੍ਰਿੜ ਹੈ ਅਤੇ ਮਰੀਜ਼ਾਂ ਨੂੰ ਵੀ ਸਾਕਾਰਾਤਮਕ ਰਵੱਈਆ ਅਪਣਾਉਂਦੇ ਹੋਏ ਸਹਿਯੋਗ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀਆਂ ਸਿਹਤ ਸਬੰਧੀ ਹਦਾਇਤਾਂ ਨੂੰ ਅੱਖੋਂ ਓਹਲੇ ਕਰਕੇ ਕਿਸੇ ਵੀ ਪਾਜ਼ੀਟਿਵ ਮਰੀਜ਼ ਨੂੰ ਕੋਵਿਡ ਕੇਅਰ ਸੈਂਟਰਾਂ ਤੋਂ ਉਸ ਦੀ ਮੰਗ ਅਨੁਸਾਰ ਹੋਮ ਆਈਸੋਲੇਸ਼ਨ ਵਿੱਚ ਨਹੀਂ ਭੇਜਿਆ ਜਾ ਸਕਦਾ ਕਿਉਂ ਜੋ ਮੁਕੰਮਲ ਤੌਰ ’ਤੇ ਇਲਾਜ ਨਾ ਹੋ ਜਾਣ ਤੱਕ ਇਸ ਵਾਈਰਸ ਦੇ ਆਮ ਲੋਕਾਂ ਵਿੱਚ ਫੈਲਣ ਦਾ ਖਦਸ਼ਾ ਵੀ ਹੁੰਦਾ ਹੈ।
ਇਸ ਮੌਕੇ ਉਨ੍ਹਾਂ ਡਾ. ਮੁਖਤਿਆਰ ਸਿੰਘ ਮਾਨ, ਸੁਪਰਵਾਈਜ਼ਰ ਸਿਕੰਦਰਜੀਤ ਕੌਰ ਸਮੇਤ ਹੋਰ ਸਟਾਫ਼ ਤੋਂ ਪ੍ਰਬੰਧਾਂ ਦਾ ਜਾਇਜ਼ਾ ਲਿਆ।