ਭਾਜਪਾ ਆਗੂ ਦੇ ਬਿਆਨ ਪਰ,ਦੋਸ਼ੀਆਂ ਖਿਲਾਫ ਦਰਜ ਕੀਤਾ ਇਰਾਦਾ ਕਤਲ ਦਾ ਕੇਸ
ਅਸ਼ੋਕ ਵਰਮਾ, ਬਠਿੰਡਾ 17 ਅਪਰੈਲ 2024
ਬਠਿੰਡਾ ਜਿਲ੍ਹੇ ਦੇ ਭੁੱਚੋ ਮੰਡੀ ’ਚ ਇੱਕ ਧਰਨੇ ’ਚ ਸ਼ਾਮਲ ਹੋਣ ਪੁੱਜੇ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਸੀਰ ਸਿੰਘ ਅਤੇ ਧਰਨਾਕਾਰੀਆਂ ਨੂੰ ਫਾਰਚੂਨਰ ਗੱਡੀ ਨਾਲ ਕੁਚਲਣ ਦੀ ਕੋਸ਼ਿਸ਼ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਥਾਣਾ ਨਥਾਣਾ ਪੁਲਿਸ ਨੇ ਇਸ ਮਾਮਲੇ ’ਚ ਭਾਜਪਾ ਆਗੂ ਭੁੱਚੋ ਮੰਡੀ ਨਿਵਾਸੀ ਵਿਨੋਦ ਬਿੰਟਾ ਦੇ ਬਿਆਨਾਂ ਦੇ ਆਧਾਰ ’ਤੇ ਚਾਰ ਮੁਲਜ਼ਮਾਂ ਖਿਲਾਫ ਇਰਾਦਾ ਕਤਲ ਦਾ ਤਹਿਤ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਜਗਜੀਤ ਸਿੰਘ ਵਾਸੀ ਨਥਾਣਾ, ਸੇਵਕ ਸਿੰਘ ਵਾਸੀ ਚੱਕ ਰਾਮ ਸਿੰਘ ਵਾਲਾ ਨਥਾਣਾ, ਗੁਰਦਾਸ ਸਿੰਘ ਵਾਸੀ ਚੱਕ ਬਖਤੂ ਤੇ ਮਨੋਜ ਕੁਮਾਰ ਮਨੂੰ ਵਾਸੀ ਨਥਾਣਾ ਵਜੋਂ ਹੋਈ ਹੈ। ਪੁਲੀਸ ਨੇ ਜਗਜੀਤ ਸਿੰਘ ਅਤੇ ਸੇਵਕ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ, ਜਦੋਂਕਿ ਦੋ ਫਰਾਰ ਦੱਸੇ ਜਾ ਰਹੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਮਾਮਲਾ ਕੁੱਝ ਇਸ ਤਰਾਂ ਹੈ ਕਿ ਟਰੱਕ ਅਪਰੇਟਰਾਂ ਵਿਚਕਾਰ ਚੱਲ ਰਹੇ ਝਗੜੇ ਨੂੰ ਲੈ ਕੇ ਇੱਕ ਧੜੇ ਵੱਲੋਂ ਕੀਤੀ ਜਾ ਰਹੀ ਕਥਿਤ ਗੁੰਡਾਗਰਦੀ ਦੇ ਵਿਰੋਧ ਵਿੱਚ ਬੁੱਧਵਾਰ ਨੂੰ ਦੂਜੇ ਧੜੇ ਦੇ ਟਰੱਕ ਅਪਰੇਟਰਾਂ ਵੱਲੋਂ ਪੁਲੀਸ ਚੌਕੀ ਅੱਗੇ ਧਰਨਾ ਦਿੱਤਾ ਜਾ ਰਿਹਾ ਸੀ। ਆਪਣੇ ਹਲਕੇ ਨਾਲ ਮਾਮਲਾ ਜੁੜਿਆ ਹੋਣ ਕਰਕੇ ‘ਆਪ’ ਵਿਧਾਇਕ ਮਾਸਟਰ ਜਗਸੀਰ ਸਿੰਘ ਹਾਲੇ ਪਹੁੰਚੇ ਹੀ ਸਨ ਕਿ ਫਾਰਚੂਨਰ ਗੱਡੀ ’ਚ ਸਵਾਰ ਵਿਅਕਤੀ ਨੇ ਧਰਨੇ ’ਤੇ ਬੈਠੇ ਲੋਕਾਂ ਅਤੇ ਵਿਧਾਇਕ ਨੂੰ ਕੁਚਲਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਵਿਧਾਇਕ ਅਤੇ ਧਰਨਾਕਾਰੀਆਂ ਨੇ ਕਾਫੀ ਮੁਸ਼ਕਲ ਨਾਲ ਆਪਣੀ ਜਾਨ ਮਸਾਂ ਬਚਾਈ । ਜਾਣਕਾਰੀ ਅਨੁਸਾਰ ਮੰਡੀ ਵਿੱਚ ਟਰੱਕ ਅਪਰੇਟਰਾਂ ਵਿੱਚ ਪਿਛਲੇ ਕਈ ਦਿਨਾਂ ਤੋਂ ਲੋਡਿੰਗ ਅਤੇ ਅਨਲੋਡਿੰਗ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ।
ਮੰਗਲਵਾਰ ਰਾਤ ਕਰੀਬ 10 ਵਜੇ ਜਗਜੀਤ ਸਿੰਘ, ਸੇਵਕ ਸਿੰਘ ਅਤੇ ਗੁਰਦਾਸ ਸਿੰਘ ਨੇ ਘੰਟਾ ਘਰ ਚੌਕ ਨੇੜੇ ਟਰੱਕ ਅਪਰੇਟਰਾਂ ਦੇ ਇਕ ਹੋਰ ਗਰੁੱਪ ’ਤੇ ਪਿਸਤੌਲ ਤਾਣ ਲਈ ਅਤੇ ਗਾਲੀ ਗਲੋਚ ਕਰਦਿਆਂ ਬਦਸਲੂਕੀ ਕੀਤੀ । ਵਾਰਡ ਨੰਬਰ 2 ਦੇ ਐਮਸੀ ਅਤੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਵਿਨੋਦ ਕੁਮਾਰ ਬਿੰਟਾ ਮੌਕੇ ’ਤੇ ਪੁੱਜੇ । ਇਸ ਮੌਕੇ ਪੁਲੀਸ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਦਿਆਂ ਕਿਹਾ ਕਿ ਬੁੱਧਵਾਰ ਸਵੇਰੇ ਪੁਲੀਸ ਚੌਕੀ ਵਿੱਚ ਇਸ ਮਾਮਲੇ ਸਬੰਧੀ ਕਾਰਵਾਈ ਕੀਤੀ ਜਾਵੇਗੀ। ਬੁੱਧਵਾਰ ਨੂੰ ਜਦੋਂ ਟਰੱਕ ਅਪਰੇਟਰਾਂ ਨੇ ਮੰਡੀ ਦੇ ਲੋਕਾਂ ਨੂੰ ਨਾਲ ਲੈ ਕੇ ਸਵੇਰੇ 10 ਵਜੇ ਪੁਲਸ ਚੌਕੀ ਦੇ ਬਾਹਰ ਪਹੁੰਚ ਕੇ ਧਰਨਾ ਦਿੱਤਾ।
ਧਰਨੇ ਦੀ ਸੂਚਨਾ ਮਿਲਦਿਆਂ ਹੀ ਹਲਕਾ ਵਿਧਾਇਕ ਜਗਸੀਰ ਸਿੰਘ ਵੀ ਮੌਕੇ ’ਤੇ ਪੁੱਜੇ ਅਤੇ ਮੰਡੀ ਦੇ ਲੋਕਾਂ ਨਾਲ ਧਰਨੇ ’ਤੇ ਬੈਠ ਗਏ। ਜਿਵੇਂ ਹੀ ਉਹ ਆ ਕੇ ਬੈਠ ਗਏ ਤਾਂ ਦੂਜੇ ਪਾਸੇ ਤੋਂ ਫਾਰਚੂਨਰ ਸਵਾਰ ਨੇ ਪ੍ਰਦਰਸ਼ਨਕਾਰੀਆਂ ਅਤੇ ਵਿਧਾਇਕ ’ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਪਰ ਕਿਸੇ ਤਰ੍ਹਾਂ ਵਿਧਾਇਕ ਅਤੇ ਪ੍ਰਦਰਸ਼ਨਕਾਰੀਆਂ ਨੇ ਆਪਣੀ ਜਾਨ ਬਚਾਈ। ਪ੍ਰਦਰਸ਼ਨਕਾਰੀ ਅਜੇ ਪਿੱਛੇ ਹਟੇ ਹੀ ਸਨ ਕਿ ਜਗਜੀਤ ਸਿੰਘ ਫਾਰਚੂਨਰ ਤੋਂ ਬਾਹਰ ਨਿਕਲਿਆ ਅਤੇ ਹਵਾ ਵਿੱਚ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਸਥਿਤੀ ਨੂੰ ਵਿਗੜਨ ਤੋਂ ਰੋਕਣ ਲਈ ਡੀਐਸਪੀ ਹਰਸ਼ਪ੍ਰੀਤ ਸਿੰਘ ਅਤੇ ਐਸਐਚਓ ਬਲਦੇਵ ਸਿੰਘ ਮੌਕੇ ਤੇ ਪੁੱਜੇ ਅਤੇ ਹਾਲਾਤਾਂ ਤੇ ਕਾਬੂ ਪਾਇਆ ।
ਪ੍ਰਦਰਸ਼ਨਕਾਰੀਆਂ ਨੇ ਜਗਜੀਤ ਸਿੰਘ ਅਤੇ ਗੁਰਸੇਵਕ ਸਿੰਘ ਨੂੰ ਹਥਿਆਰਾਂ ਸਮੇਤ ਫੜ ਲਿਆ ਅਤੇ ਉਨ੍ਹਾਂ ਦੀ ਛਿੱਤਰ ਪਰੇਡ ਕਰਨ ਤੋਂ ਬਾਅਦ ਪੁਲੀਸ ਹਵਾਲੇ ਕਰ ਦਿੱਤਾ। ਇਸ ਗੁੰਡਾਗਰਦੀ ਦੇ ਵਿਰੋਧ ਵਿੱਚ ਬਾਜ਼ਾਰ ਦੇ ਦੁਕਾਨਦਾਰਾਂ ਨੇ ਵੀ ਆਪਣੀਆਂ ਦੁਕਾਨਾਂ ਬੰਦ ਰੱਖੀਆਂ। ਇਸ ਦੌਰਾਨ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਦੋਸ਼ ਲਾਇਆ ਕਿ ਇੰਨ੍ਹਾਂ ਲੋਕਾਂ ਨੇ ਇਹ ਗੁੰਡਾਗਰਦੀ ਅਕਾਲੀ ਦਲ ਵੱਲੋਂ ਉਕਸਾਉਣ ’ਤੇ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਵੀ ਨਥਾਣਾ ਅਤੇ ਭੁੱਚੋ ਪੁਲੀਸ ਦੀ ਨਾਕਾਮੀ ਹੈ । ਜਿਸ ਸਬੰਧੀ ਬਠਿੰਡਾ ਦੇ ਐਸ.ਐਸ.ਪੀ. ਨੂੰ ਜਾਣਕਾਰੀ ਦੇ ਦਿੱਤੀ ਗਈ ਹੈ। ਉਨ੍ਹਾਂ ਆਖਿਆ ਕਿ ਹਲਕੇ ’ਚ ਇਸ ਤਰਾਂ ਦੀ ਗੁੰਡਾਗਰਦੀ ਬਰਦਾਸਤ ਨਹੀਂ ਕੀਤੀ ਜਾਏਗੀ।
ਲਾਇਸੈਂਸ ਰੱਦ ਕੀਤਾ ਜਾਵੇਗਾ : ਡੀ.ਐਸ.ਪੀ
ਦੂਜੇ ਪਾਸੇ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਦੇ ਹੁਕਮਾਂ ਦੀ ਉਲੰਘਣਾ ਵੀ ਸਾਹਮਣੇ ਆਈ ਹੈ। ਪ੍ਰਸ਼ਾਸਨ ਵੱਲੋਂ ਚੋਣਾਂ ਸਬੰਧੀ ਅਸਲਾ ਜਮਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਸਨ । ਪਰ ਉਕਤ ਮੁਲਜ਼ਮਾਂ ਨੇ ਹਥਿਆਰ ਜਮ੍ਹਾਂ ਨਹੀਂ ਕਰਵਾਏ ਤੇ ਵਾਰਦਾਤ ਨੂੰ ਅੰਜਾਮ ਦੇ ਦਿੱਤਾ। ਡੀਐਸਪੀ ਹਰਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਚੋਣ ਜ਼ਾਬਤੇ ਦੌਰਾਨ ਗੈਰ-ਕਾਨੂੰਨੀ ਢੰਗ ਨਾਲ ਵਰਤੇ ਗਏ ਹਥਿਆਰਾਂ ਨੂੰ ਜ਼ਬਤ ਕਰਕੇ ਲਾਇਸੈਂਸ ਰੱਦ ਕਰ ਦਿੱਤਾ ਜਾਵੇਗਾ।