GM ਦੀ ਕੁਰਸੀ ਤੱਕ ਛੜੱਪੇ ਮਾਰ ਕੇ ਪਹੁੰਚਿਆ ਇੱਕ ਆਊਟਸੋਰਸ ਕਰਮਚਾਰੀ …!

Advertisement
Spread information

ਆਪ ਸਰਕਾਰ ਦੀਆਂ ਮਨਮਾਨੀਆਂ, ਆਊਟਸੋਰਸ ਕਰਮਚਾਰੀ ਨੂੰ ਬਣਾਇਆ ਜਨਰਲ ਮੈਨੇਜਰ ‘ਤੇ ਦਿੱਤੀ ਏ ਸੀ ਆਰ ਲਿਖਣ ਦੀ ਪਾਵਰ

ਹਰਿੰਦਰ ਨਿੱਕਾ, ਚੰਡੀਗੜ੍ਹ 18 ਅਪ੍ਰੈਲ 2024
        ਬੇਸ਼ੱਕ ਬਹੁਤੇ ਮਹਿਕਮਿਆਂ ‘ਚ ਆਊਟਸੋਰਸਿੰਗ ਰਾਹੀਂ ਭਰਤੀ ਹੋਏ ਕਰਮਚਾਰੀ, ਆਪੋ-ਆਪਣੇ ਮਹਿਕਮਿਆਂ ਵਿੱਚ ਸ਼ਾਮਿਲ ਹੋਣ ਲਈ ਕਈ-ਕਈ ਵਰ੍ਹਿਆਂ ਤੋਂ ਤਰਲੋਮੱਛੀ ਹੋ ਰਹੇ ਹਨ । ਪਰੰਤੂ ਮੌਜੂਦਾ ਬਦਲਾਅ ਵਾਲੀ ਸਰਕਾਰ ਅਤੇ ਪੰਜਾਬ ਰਾਜ ਬੀਜ ਨਿਗਮ ਲਿਮਟਿਡ (PUNSEED) ਦੇ ਕੁੱਝ ਆਲ੍ਹਾ ਅਧਿਕਾਰੀਆਂ ਦੀ ” ਅਪਾਰ ਕ੍ਰਿਪਾ ” ਪ੍ਰਾਪਤ ਇੱਕ ਆਊਟਸੋਰਸ ਕਰਮਚਾਰੀ ਛੜੱਪੇ ਮਾਰ-ਮਾਰ ਕੇ ਚਾਰ ਕੁ ਸਾਲ ਯਾਨੀ ( ਦਿਸੰਬਰ 2022 ) ਵਿੱਚ ਹੀ ਆਰ.ਐਮ. ਯਾਨੀ ਰੀਜਨਲ ਮੈਨੇਜਰ ਤੇ ਫਿਰ ਇੱਕ ਸਾਲ ਬਾਅਦ ( ਜਨਵਰੀ 2024 ) ਵਿੱਚ ਹੀ GM ਦੀ ਕੁਰਸੀ ਤੱਕ ਜਾ ਅੱਪੜਿਆ । ਇੱਥੇ ਹੀ ਬੱਸ ਨਹੀਂ, ਬਲਦੀਪ ਸਿੰਘ ਆਪਣੇ ਬਲਬੂਤੇ ਕੀਤੀਆਂ ਤਰੱਕੀਆਂ ਸਦਕਾ ਹੁਣ ਬਲਦੀਪ ਸਿੰਘ ਤੋਂ ਡਾ. ਬਲਦੀਪ ਸਿੰਘ ਸੋਹੀ ਬਣ ਚੁੱਕਿਆ ਹੈ । ਸ਼ਾਇਦ ਹੀ, ਕਿਸੇ ਹੋਰ ਆਊਟਸੋਰਸਿੰਗ ਰਾਹੀਂ ਭਰਤੀ ਕਰਮਚਾਰੀ ਤੇ ਕੋਈ ਸੂਬਾ ਸਰਕਾਰ ਜਾਂ ਉਸ ਦਾ ਮਹਿਕਮਾ ਇੱਨ੍ਹਾਂ ਮਿਹਰਬਾਨ ਹੋਇਆ ਹੋਵੇ । ਸਿਆਸੀ ਗਲਿਆਰਿਆਂ ਅਤੇ ਬਿਊਰੋਕਰੇਸੀ ‘ਚ ਬਹੁਚਰਚਿਤ ਇਹ ਮਾਮਲਾ ਹਰ ਕਿਸੇ ਨੂੰ ਬਰਾਬਰ ਦੇ ਮੌਕੇ ਦੇਣ ਅਤੇ ਵਗੈਰ ਕਿਸੇ ਭੇਦਭਾਵ ਦੇ ਨੌਕਰੀਆਂ ਤੇ ਤਰੱਕੀਆਂ ਦੇਣ ਲਈ, ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਜਾਂਦੇ ਦਾਅਵਿਆਂ ਦਾ ਮੂੰਹ ਚਿੜਾ ਰਿਹਾ ਹੈ। ਇਹ ਅਧਿਕਾਰੀ ਹੁਣ ਮੁੱਖ ਮੰਤਰੀ ਦੇ ਐਨ ਅੱਖ ਥੱਲੇ, ਪੰਜਾਬ ਰਾਜ ਬੀਜ ਨਿਗਮ ਲਿਮਟਿਡ ਦੇ ਮੁੱਖ ਦਫਤਰ ਮੁਹਾਲੀ ਵਿਖੇ ਬੇਖੌਫ ਸੇਵਾਵਾਂ ਨਿਭਾ ਰਿਹਾ ਹੈ।
         ਪ੍ਰਾਪਤ ਹੋਏ ਵੇਰਵੇ ਅਤੇ ਹੱਥ ਲੱਗੇ ਦਸਤਾਵੇਜਾਂ ਅਨੁਸਾਰ ਸਾਲ 2018 ਵਿੱਚ ਪੰਜਾਬ ਰਾਜ ਬੀਜ ਨਿਗਮ ਲਿਮਟਿਡ ਵੱਲੋਂ ਏ ਟੂ ਜੈੱਡ ਕੰਪਨੀ ਚੰਡੀਗੜ੍ਹ ਦੁਆਰਾ ਆਊਟਸੋਰਸ ਰਾਹੀਂ ਬਲਦੀਪ ਸਿੰਘ ਨੂੰ ਬੀਜ ਨਿਗਮ ਵਿਚ ਬਤੌਰ ਬੀਜ ਉਤਪਾਦਨ ਅਫ਼ਸਰ ਦੀ ਆਸਾਮੀ ਤੇ ਭਰਤੀ ਕੀਤਾ ਗਿਆ । ਪਤਾ ਨਹੀਂ, ਬਲਦੀਪ ਸਿੰਘ ਦੇ ਹੱਥ ਇਹੋ ਜਿਹੀ ਕਿਹੜੀ ਗਿੱਦੜ ਸਿੰਙੀ ਲੱਗ ਗਈ ਕਿ ਬੀਜ ਨਿਗਮ ਦੇ ਅਧਿਕਾਰੀ ਤੇ ਸਰਕਾਰ ਉਸ ਉੱਤੇ ਇੰਨ੍ਹੀ ਦਿਆਲ ਹੋ ਗਈ ਕਿ ਆਲ੍ਹਾ ਅਧਿਕਾਰੀਆਂ ਨੇ ਸਾਰੇ ਹੀ ਨਿਯਮ ਤੇ ਕਾਇਦੇ ਕਾਨੂੰਨ, ਇਸ ਆਊਟਸੋਰਸ ਅਧਿਕਾਰੀ ਦੇ ਸਿਰ ‘ਤੋਂ ਵਾਰ ਦਿੱਤੇ । ਨਿਗਮ ਦੇ ਅਧਿਕਾਰੀ, ਉਸ ਨੂੰ ਦਬਾਦਬ ਪਦਉੱਨਤੀਆਂ ਦਿੰਦੇ ਰਹੇ ਤੇ ਛੇਤੀ-ਛੇਤੀ ਉਸ ਨੂੰ “ਏ” ਕੈਟਾਗਰੀ ਦੀ ਆਸਾਮੀ ਜਨਰਲ ਮੈਨੇਜਰ ਦੀ ਪੋਸਟ ਤੇ ਪਹੁੰਚਾ ਦਿੱਤਾ।           
                                  ਹੋਇਆ ਇਹ ਕਿ ਸਰਕਾਰੀ ਬੇਨਿਯਮੀਆਂ ‘ਤੇ ਗੈਰਕਾਨੂੰਨੀ ਕੰਮਾਂ ਖਿਲਾਫ ਹਿੱਕ ਡਾਹ ਕੇ ਲੜਨ ਵਾਲੇ ਆਰ.ਟੀ.ਆਈ. ਐਕਟੀਵਿਸਟ ਬੇਅੰਤ ਸਿੰਘ ਬਾਜਵਾ ਦੇ ਹੱਥ ਅਣਅਧਿਕਾਰਿਤ ਤੌਰ ਤੇ ਲੱਗੇ ਇਸ ਗੜਬੜ ਘੁਟਾਲੇ ਦੇ ਕੁੱਝ ਦਸਤਾਵੇਜਾਂ ਉਪਰੰਤ, ਉਸ ਨੇ ਘੁਟਾਲੇ ਨੂੰ ਬੇਪਰਦ ਕਰਨ ਲਈ ਪੈੜ ਨੱਪਣੀ ਸ਼ੁਰੂ ਕਰ ਦਿੱਤੀ। ਬੇਅੰਤ ਬਾਜਵਾ ਨੇ ਪੰਜਾਬ ਸਰਕਾਰ ਦੇ ਆਰ ਟੀ ਆਈ ਆਨਲਾਈਨ ਪੋਰਟਲ ਰਾਹੀਂ ਪੰਜਾਬ ਰਾਜ ਬੀਜ ਨਿਗਮ ਤੋਂ ਇੱਕ ਆਰ ਟੀ ਆਈ ਪੱਤਰ 112825 ਤਹਿਤ ਸੂਚਨਾ ਮੰਗੀ ਕਿ ਏ ਟੂ ਜੈੱਡ ਕੰਪਨੀ ਰਾਹੀਂ ਭਰਤੀ ਕੀਤੇ ਗਏ ਜਨਰਲ ਮੈਨੇਜਰ ਡਾ. ਬਲਦੀਪ ਸਿੰਘ ਸੋਹੀ ਦੀ ਜਾਣਕਾਰੀ ਦਿੱਤੀ ਜਾਵੇ । ਪਰ ਵਿਭਾਗ ਨੇ ਅਧੂਰੀ ਜਾਣਕਾਰੀ ਆਰ ਟੀ ਆਈ ਰਾਹੀਂ ਮੁਹੱਈਆ ਕਰਵਾ ਕੇ, ਮਾਮੂਲੀ ਜਾਣਕਾਰੀ ਦੇ ਕੇ ਹੀ ਬੁੱਤਾ ਸਾਰ ਦਿੱਤਾ ।                                                     
       ਭਰੋਸੇਯੋਗ ਵਸੀਲਿਆਂ ਅਤੇ ਉਪਲਭਧ ਦਸਤਾਵੇਜ਼ਾਂ ਤੋਂ ਪਤਾ ਲੱਗਿਆ ਕਿ ਬਲਦੀਪ ਸਿੰਘ ਨੇ ਬਤੌਰ ਜਨਰਲ ਮੈਨੇਜਰ ਸੰਬੰਧਤ ਵਿਭਾਗਾਂ ਨੂੰ ਆਪਣੇ ਦਸਤਖਤਾਂ ਹੇਠ ਕੁਝ ਸਰਕਾਰੀ ਪੱਤਰ ਵੀ ਜਾਰੀ ਕੀਤੇ ਹੋਏ ਹਨ। ਬਲਦੀਪ ਸਿੰਘ ਸੋਹੀ ਵੱਲੋਂ ਬਤੌਰ ਜਨਰਲ ਮੈਨੇਜਰ ਆਪਣਾ ਆਖਰੀ ਪੱਤਰ ਮਿਤੀ 23-02-2024 ਨੂੰ ਜਾਰੀ ਕੀਤਾ ਹੋਇਆ ਹੈ । ਜਿਸ ਤੋਂ ਸਾਫ ਪਤਾ ਲਗਦਾ ਹੈ ਕਿ ਵਿਭਾਗ, ਆਪਣੀਆਂ ਖਾਮੀਆਂ ਨੂੰ ਲੁਕਾਉਣ ਅਤੇ ਸਾਰੇ ਕਾਨੂੰਨ ਛਿੱਕੇ ਟੰਗ ਕੇ ਕੀਤੀਆਂ ਮਿਹਰਬਾਨੀਆਂ ਅਤੇ ਤੱਥਾਂ ਨੂੰ ਆਰਟੀਆਈ ਰਾਹੀਂ ਦੇਣ ਤੋਂ ਜਾਣ-ਬੁੱਝ ਕੇ ਲੁਕਾ ਛਿਪਾ ਰਿਹਾ ਹੈ ।                                                                                                                                                                                                   
         ਹੈਰਾਨੀ ਦੀ ਗੱਲ ਇਹ ਵੀ ਹੈ ਕਿ ਉਕਤ ਆਊਟਸੋਰਸ ਕਰਮਚਾਰੀ ਨੂੰ ਵਿਭਾਗ ਨੇ ਡੀਡੀਓ ਪਾਵਰਾਂ ਦੇ ਨਾਲ-ਨਾਲ ਰੈਗੂਲਰ ਕਰਮਚਾਰੀਆਂ ਦੀਆਂ ਏ ਸੀ ਆਰ ਲਿਖਣ ਦਾ ਫੁਰਮਾਨ ਵੀ ਜਾਰੀ ਕੀਤਾ ਹੋਇਆ ਹੈ। ਬੀਜ ਨਿਗਮ ਵਿਚੋਂ ਰਿਟਾਇਰ ਹੋ ਚੁੱਕੇ ਮਾਹਿਰਾਂ ਦਾ ਕਹਿਣਾ ਹੈ ਕਿ ਰੈਗੂਲਰ ਕਰਮਚਾਰੀਆਂ ਦੀਆਂ ਗੁਪਤ ਰਿਪੋਰਟਾਂ (ਏ ਸੀ ਆਰ) ਲਿਖਣ ਦਾ ਅਧਿਕਾਰ ਸਿਰਫ ਰੈਗੂਲਰ ਅਧਿਕਾਰੀ ਨੂੰ ਹੀ ਹੁੰਦਾ ਹੈ। ਜੇਕਰ ਕੋਈ ਆਊਟਸੋਰਸ ਰਾਹੀਂ ਭਰਤੀ ਕਰਮਚਾਰੀ ਏ ਸੀ ਆਰ ਰਿਪੋਰਟਾਂ ਲਿਖਦਾ ਹੈ ਤਾਂ ਇਹ ਸਭ ਗੈਰਕਾਨੂੰਨੀ ਹੈ । ਵਿਭਾਗ ਦੀ ਇੱਕ ਆਊਟਸੋਰਸ ਰਾਹੀ ਭਰਤੀ ਹੋਏ ਕਰਮਚਾਰੀ ਤੇ ਆਲ੍ਹਾ ਅਧਿਕਾਰੀਆਂ ਦੀ ਇੰਨੀ ਦਿਆਲਤਾ ਵੱਡੇ ਸ਼ੰਕੇ ਖੜ੍ਹੇ ਕਰਦੀ ਹੈ ਕਿ ਕਿਤੇ ਨਾ ਕਿਤੇ ਦਾਲ ਵਿਚ ਕੁਝ ਕਾਲਾ ਜਰੂਰ ਹੈ ਜਾਂ ਫਿਰ ਪੂਰੀ ਦਾਲ ਹੀ ਕਾਲੀ ਹੈ । ਇਸਦਾ ਖੁਲਾਸਾ ਆਉਣ ਵਾਲਾ ਸਮੇਂ / ਆਰਟੀਆਈ ਰਾਹੀਂ ਪ੍ਰਾਪਤ ਸੂਚਨਾ ਅਤੇ ਉੱਚ ਪੱਧਰੀ ਜਾਂਚ ਤੋਂ ਬਾਅਦ ਹੀ ਹੋਵੇਗਾ ।
ਪੰਜਾਬ ਰਾਜ ਬੀਜ ਨਿਗਮ ਦਾ ਐੱਮ ਡੀ ਬੋਲਿਆ..
        ਪੰਜਾਬ ਰਾਜ ਬੀਜ ਨਿਗਮ ਲਿਮਟਿਡ ਮੋਹਾਲੀ ਦੇ ਐੱਮ ਡੀ ਗੁਰਨਾਮ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਲਦੀਪ ਸਿੰਘ ਸੋਹੀ ਨੂੰ ਜਨਰਲ ਮੈਨੇਜਰ ਦਾ ਆਰਜੀ ਕੰਮ ਦਿੱਤਾ ਹੋਇਆ ਹੈ । ਉਨ੍ਹਾਂ ਕਿਹਾ ਕਿ ਬਲਦੀਪ ਸਿੰਘ ਨੂੰ ਨਾ ਤਾਂ ਜਨਰਲ ਮੈਨੇਜਰ ਅਤੇ ਨਾ ਹੀ ਆਰ ਐੱਮ ਬਣਾਇਆ ਗਿਆ ਹੈ । ਉਹ ਸਿਰਫ ਆਰਜੀ ਤੌਰ ਪਰ ਕੰਮ ਦੇਖਦਾ ਹੈ । ਏ ਸੀ ਆਰ ਲਿਖਣ ਦੇ ਸੁਆਲ ਤੇ ਉਨ੍ਹਾਂ ਕਿਹਾ ਕਿ ਬਲਦੀਪ ਸਿੰਘ ਸੋਹੀ ਵੱਲੋਂ ਏ ਸੀ ਆਰ ਨਹੀਂ ਲਿਖੀ ਜਾਂਦੀ, ਸਿਰਫ ਅਧਿਕਾਰੀਆਂ ਦੀ ਏ ਸੀ ਆਰ ਤੇ ਟਿੱਪਣੀ ਹੀ ਲਿਖੀ ਜਾਂਦੀ ਹੈ।
Advertisement
Advertisement
Advertisement
Advertisement
Advertisement
error: Content is protected !!