ਜਦੋਂ ਅਫਸਰ ਹੋਏ ਦਿਆਲ, ਚਹੇਤੇ ਕਰਮਚਾਰੀ ਦੀ 6 ਸਾਲਾਂ ‘ਚ ਵਧਾਈ 600 % ਤਨਖਾਹ..!
ਹਰਿੰਦਰ ਨਿੱਕਾ, ਚੰਡੀਗੜ੍ਹ 19 ਅਪ੍ਰੈਲ 2024
ਆਊਟਸੋਰਸਿੰਗ ਰਾਹੀਂ ਪੰਜਾਬ ਰਾਜ ਬੀਜ ਨਿਗਮ ਵਿੱਚ ਕਰੀਬ 6 ਵਰ੍ਹੇ ਪਹਿਲਾਂ ਭਰਤੀ ਹੋਏ ਬੀਜ ਉਤਪਾਦਨ ਅਫਸਰ ਬਲਦੀਪ ਸਿੰਘ ਸੋਹੀ ‘ਤੇ ਦਿਆਲ ਹੋਏ ਆਲ੍ਹਾ ਅਫਸਰਾਂ ਵੱਲੋਂ ਜਿਵੇਂ ਸਰਕਾਰ ਦੇ ਇਸ਼ਾਰੇ ਤੇ ਸਾਰੇ ਨਿਯਮ ਅਤੇ ਕਾਨੂੰਨ ਛਿੱਕੇ ਟੰਗ ਕੇ ਤਰੱਕੀਆਂ ਦਿੱਤੀਆਂ ਗਈਆਂ ਹਨ। ਉਵੇਂ ਹੀ ਅਫਸਰਾਂ ਨੇ ਕਾਇਦੇ ਕਾਨੂੰਨ ਦੀਆਂ ਕਿਤਾਬਾਂ ਨੂੰ ਅੱਖੋਂ ਪਰੋਖੇ ਕਰਕੇ, ਉਸ ਦੀ ਤਨਖਾਹ ਵਿੱਚ ਵੀ ਚੋਖਾ ਵਾਧਾ ਕਰਨ ਵਿੱਚ ਕੋਈ ਕੰਜੂਸੀ ਨਹੀਂ ਵਰਤੀ । ਬਲਦੀਪ ਸਿੰਘ ਸੋਹੀ ਦੀ ਤਨਖਾਹ, 6 ਸਾਲਾਂ ਦੇ ਅੰਦਰ ਅੰਦਰ ਹੀ, ਕਰੀਬ15 ਹਜ਼ਾਰ ਰੁਪਏ ਤੋਂ ਵੱਧ ਕੇ 93 ਹਜ਼ਾਰ ਰੁਪਏ ਮਹੀਨਾ ਤੱਕ ਅੱਪੜ ਗਈ। ਜਦੋਂਕਿ ਆਊਟਸੋਰਸਿੰਗ ਰਾਹੀਂ, ਵੱਖ ਵੱਖ ਮਹਿਕਮਿਆਂ ਵਿੱਚ ਭਰਤੀ ਹੋਏ ਹਜਾਰਾਂ ਮੁਲਾਜਮ ਤਨਖਾਹਾਂ ਵਿੱਚ ਨਿਗੂਣੇ ਵਾਧੇ ਲਈ ਵੀ, ਸਰਕਾਰਾਂ ਦਾ ਪਿੱਟ ਸਿਆਪਾ ਕਰਦੇ ਰਹੇ ਹਨ। ਬੇਸ਼ੱਕ ਪਿੰਡਾਂ ਵਿੱਚ ਇੱਕ ਕਹਾਵਤ ਹਰ ਕਿਸੇ ਦੇ ਮੂੰਹੋਂ ਸੁਣਨ ਨੂੰ ਅਕਸਰ ਮਿਲਦੀ ਰਹੀ ਹੈ ਕਿ, ਜਦੋਂ ਰੱਬ ਦਿੰਦੈ ਤਾਂ ਛੱਪਰ ਫਾੜ ਕੇ ਦਿੰਦੈ, ਪਰ ਕੁੱਝ ਲੋਕਾਂ ਨੂੰ ਇਹੋ ਕਹਾਵਤ ਅੱਗੇ ਵਧਾਉਂਦੇ, ਇਹ ਕਹਿੰਦਿਆਂ ਵੀ ਸੁਣਿਐ ਕਿ ਜਦੋਂ ਉਹ ਖੋਂਹਦੈ ਤਾਂ ਥੱਪੜ ਮਾਰ ਕੇ ਖੋਂਹਦੈ । ਜੀ.ਐਮ. ਬਲਦੀਪ ਸਿੰਘ ਸੋਹੀ ਦੇ ਮਾਮਲੇ ਵਿੱਚ ਤਰੱਕੀਆਂ ਅਤੇ ਚੋਖੀ ਤਨਖਾਹ ਦੇਣਾ ਤਾਂ ਛੱਪਰ ਫਾੜ ਕੇ ਦੇਣ ਵਾਲੀ ਗੱਲ ਵਾਂਗ ਸਾਹਮਣੇ ਆ ਚੁੱਕਿਆ ਹੈ, ਪਰ ਅਗਲੀ ਕਹਾਵਤ ਨੂੰ ਕੌਣ ਅਤੇ ਕਦੋਂ ਪੂਰੀ ਕਰਦੈ,ਇਹ ਹਾਲੇ ਸਮੇਂ ਦੇ ਗਰਭ ਵਿੱਚ ਪਲ ਰਿਹਾ ਸੁਆਲ ਹੀ ਹੈ।
ਬੇਸ਼ੱਕ ਪੰਜਾਬ ਰਾਜ ਬੀਜ ਨਿਗਮ ਦੇ ਇਸ ਵੱਡੇ ਗੜਬੜ ਘੁਟਾਲੇ ਨੂੰ ਲੋਕ ਹਿੱਤਾਂ ਨੂੰ ਪ੍ਰਣਾਏ ਹੋਏ ਆਰਟੀਆਈ ਐਕਟੀਵਿਸਟ ਬੇਅੰਤ ਸਿੰਘ ਬਾਜ਼ਵਾ ਨੇ ਤਾਂ ਲੋਕਾਂ ਦੀ ਕਚਿਹਰੀ ਵਿੱਚ ਬੇਨਕਾਬ ਕਰ ਦਿੱਤਾ ਹੈ, ਪਰੰਤੂ ਹੁਣ , ਬਕੌਲ ਭਗਵੰਤ ਮਾਨ ਦੀ ਕੱਟੜ ਇਮਾਨਦਾਰ ਸਰਕਾਰ ਦੀ ਸਵੱਲੀ ਨਜ਼ਰ,ਅਜਿਹੇ ਵਰਤਾਰੇ ਨੂੰ ਕਾਨੂੰਨ ਦੇ ਕਟਿਹਰੇ ਵਿੱਚ ਲਿਆ ਕੇ ਕਦੋਂ ਬੇਪਰਦ ਕਰੇਗੀ,, ਇਸ ਵੱਲ ਲੋਕਾਂ ਦੀਆਂ ਨਜ਼ਰਾਂ ਹਾਲੇ ਟਿਕੀਆਂ ਹੋਈਆਂ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਬਲਦੀਪ ਸਿੰਘ ਸੋਹੀ, ਕਰਤਾਰਪੁਰ ਅਤੇ ਸੋਹਲ (ਗੁਰਦਾਸਪੁਰ) ਦਾ ਕੰਮ ਵੀ ਬਤੌਰ ਰੀਜਨਲ ਮੈਨੈਜਰ ਦੇਖ ਰਿਹਾ ਹੈ ਅਤੇ ਉਸ ਨੇ ਜੀ ਐੱਮ (ਮੁੱਖ ਦਫਤਰ ਮੋਹਾਲੀ) ਦਾ ਵਾਧੂ ਚਾਰਜ ਵੀ ਸੰਭਾਲਿਆ ਹੋਇਆ ਹੈ। ਕਾਨੂੰਨੀ ਮਾਹਿਰਾਂ ਅਨੁਸਾਰ ਕਿਸੇ ਵੀ ਆਊਟਸੋਰਸ ਕਰਮਚਾਰੀ ਨੂੰ ਏ ਕੈਟਾਗਰੀ ਵਾਲੀ ਪੋਸਟ ਲਈ ਨਾ ਤਾਂ ਪਦਉੱਨਤ ਕੀਤਾ ਜਾ ਸਕਦਾ ਹੈ ਅਤੇ ਨਾ ਹੀ, ਉਸ ਨੂੰ ਵਾਧੂ ਚਾਰਜ ਦਿੱਤਾ ਜਾ ਸਕਦਾ ਹੈ। ਇਹ ਪੂਰੀ ਤਰਾਂ ਗੈਰ ਸੰਵਿਧਾਨਕ ਵੀ ਹੈ । ਹੈਰਾਨੀ ਦੀ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕਿ ਉਕਤ ਮਾਮਲੇ ਵਿਚ ਪੰਜਾਬ ਰਾਜ ਬੀਜ ਨਿਗਮ ਦੇ ਸੰਬੰਧਤ ਉੱਚ ਅਧਿਕਾਰੀ ਐੱਫ ਸੀ ਡੀ ਪੰਜਾਬ ਸਰਕਾਰ ਨੇ ਕਦੇ ਵੀ ਉਕਤ ਵਰਤਾਰੇ ਦੀ ਸਮੀਖਿਆ ਕਰਨੀ ਜਰੂਰੀ ਨਹੀਂ ਸਮਝੀ। ਪੰਜਾਬ ਸਰਕਾਰ ਦੀ ਲਾਪਰਵਾਹੀ ਅਤੇ ਵਿਭਾਗ ਦੇ ਕੁੱਝ ਅਧਿਕਾਰੀਆਂ ਦੀ ਕਥਿਤ ਮਿਲੀਭੁਗਤ ਕਾਰਨ ਪੰਜਾਬ ਬੀਜ ਨਿਗਮ ਵਿਚ ਅਨੇਕਾਂ ਹੀ ਊਣਤਾਈਆਂ ਹੁਣ ਸਾਹਮਣੇ ਆ ਰਹੀਆਂ ਹਨ।
ਆਊਟਸੋਰਸ ਕਰਮਚਾਰੀ ਦੀ ਛੜੱਪਾ ਦੌੜ ਦਾ ਇੱਕ ਹੋਰ ਮਾਅਰਕਾ,,
ਸੂਬਾ ਸਰਕਾਰ ਅਤੇ ਆਲ੍ਹਾ ਅਧਿਕਾਰੀਆਂ ਦੀਆਂ ਮਿਹਰਬਾਨੀਆਂ ਸਦਕਾ, ਆਊਟਸੋਰਸਿੰਗ ਰਾਹੀਂ ਪੰਜਾਬ ਰਾਜ ਬੀਜ ਨਿਗਮ ਵਿਚ ਬਤੌਰ ਬੀਜ ਉਤਪਾਦਨ ਅਫਸਰ ਭਰਤੀ ਹੋਇਆ ਬਲਦੀਪ ਸਿੰਘ ਸੋਹੀ, ਇਸ ਵੇਲੇ ਵਿਭਾਗ ਵੱਲੋਂ ਦਿੱਤੀਆਂ ਪਦਉੱਨਤੀਆਂ ਸਦਕਾ, ਬੀਜ ਨਿਗਮ ਦੇ ਮੁੱਖ ਦਫਤਰ ਮੋਹਾਲੀ ਵਿਖੇ ਬਤੌਰ ਜੀ.ਐਮ. ਤਾਇਨਾਤ ਹੈ, ਦੀਆਂ, ਸਾਰਸ ਦੀ ਪੂੰਛ ਵਾਂਗ ਵਧਾਈਆਂ ਤਨਖਾਹਾਂ ਦਾ ਸੂਤਰਾਂ ਤੋਂ ਪ੍ਰਾਪਤ ਹੋਇਆ ਵੇਰਵਾ ਕੁੱਝ ਇਸ ਤਰਾਂ ਹੈ:-
ਜੀ.ਐੱਮ. ਦੀ ਪੋਸਟ ਤੇ ਪਹੁੰਚਿਆ ਆਊਟਸੋਰਸ ਕਰਮਚਾਰੀ ਬਲਦੀਪ ਸਿੰਘ ਸੋਹੀ ਹੁਣ ਥੱਬਾ ਰੁਪਇਆ ਦਾ ਤਨਖਾਹ ਦੇ ਰੂਪ ਵਿਚ ਲੈ ਰਿਹਾ ਹੈ । ਜਿਕਰਯੋਗ ਹੈ ਕਿ ਬਲਦੀਪ ਸਿੰਘ ਫਰਵਰੀ 2018 ਵਿਚ ਕਰੀਬ 15000 ਹਜ਼ਾਰ ਰੁਪਏ ਤਨਖਾਹ ਤੇ ਭਰਤੀ ਹੋਇਆ ਸੀ।
ਉਸ ਤੋਂ ਕਰੀਬ 3 ਸਾਲ ਬਾਅਦ 4 ਫਰਵਰੀ 2021 ਤੋਂ ਉਸ ਦੀ ਤਨਖਾਹ 65% ਦੇ ਵਾਧੇ ਨਾਲ ਕਰੀਬ 25 ਹਜ਼ਾਰ ਰੁਪਏ ਕਰ ਦਿੱਤੀ ਗਈ । ਫਿਰ ਕਰੀਬ ਪੰਜ ਮਹੀਨਿਆਂ ਬਾਅਦ ਵੀ, ਬਲਦੀਪ ਸਿੰਘ ਦੀ ਤਨਖਾਹ 10 % ਵਾਧਾ ਕਰਕੇ, ਜੁਲਾਈ 2021 ਦੇ ਦੂਜੇ ਹਫਤੇ ਤੋਂ ਹੀ 27500 ਰੁਪਏ ਤੱਕ ਪਹੁੰਚਾ ਦਿੱਤੀ।
ਫਿਰ ਪੰਜ ਮਹੀਨਿਆਂ ਬਾਅਦ ਹੀ, ਸਾਲ 2022 ਦੇ ਅੰਤਲੇ ਮਹੀਨੇ ਦਸੰਬਰ ‘ਚ ਬਲਦੀਪ ਸਿੰਘ ਨੂੰ ਤਰੱਕੀ ਦੇ ਕੇ ਰੀਜ਼ਨਲ ਮੈਨੇਜਰ (ਆਰ.ਐੱਮ) ਬਣਾ ਦਿੱਤਾ ਗਿਆ ਅਤੇ ਤਨਖਾਹ ਵਿੱਚ 80 % ਵਾਧਾ ਕਰ ਦਿੱਤਾ, ‘ਤੇ ਉਸ ਦੀ ਤਨਖਾਹ ਕਰੀਬ 50 ਹਜ਼ਾਰ ਰੁਪਏ ਤੱਕ ਪਹੁੰਚ ਗਈ।
2023 ਦੇ ਚੜ੍ਹਦੇ ਸਾਲ ਜਨਵਰੀ ‘ਚ ਰੀਜ਼ਨਲ ਮੈਨੇਜਰ ਦੇ ਅਹੁਦੇ ਤੇ ਹੀ ਬਲਦੀਪ ਸਿੰਘ ਦੀ ਤਨਖਾਹ ਵਿੱਚ ਫਿਰ 25 % ਵਾਧਾ ਕਰਕੇ, ਉਸ ਦੀ ਤਨਖਾਹ ਕਰੀਬ 62000 ਰੁਪਏ ਕਰ ਦਿੱਤੀ ਗਈ ।
2024 ਦਾ ਸਾਲ ਚੜਦਿਆਂ ਪਹਿਲੇ ਮਹੀਨੇ ਹੀ, ਬਿੱਲੀ ਦੇ ਭਾਂਗਾਂ ਨੂੰ ਅਜਿਹਾ ਛਿੱਕਾ ਟੁੱਟਿਆ ਕਿ ਆਲ੍ਹਾ ਅਧਿਕਾਰੀਆਂ ਨੇ ਬਲਦੀਪ ਸਿੰਘ ਸੋਹੀ ਨੂੰ ਜੀ ਐੱਮ ਦਾ ਚਾਰਜ ਦੇ ਦਿੱਤਾ ਅਤੇ ਤਨਖਾਹ ਵਿੱਚ ਫਿਰ 50 % ਵਾਧਾ ਕਰਕੇ, ਉਸ ਦੀ ਝੋਲੀ ,ਸਰਕਾਰੀ ਖਜਾਨਿਓਂ ਪ੍ਰਤੀ ਮਹੀਨਾ 90000 ਰੁਪਏ ਤੋਂ ਜਿਆਦਾ ਪਾਉਣੇ ਸ਼ੁਰੂ ਕਰ ਦਿੱਤੇ। ਯਾਨੀ ਹੁਣ ਬਲਜੀਤ ਸਿੰਘ ਸੋਹੀ, ਏ ਕੈਟਾਗਰੀ ਦੇ ਅਧਿਕਾਰੀ ਦੀ ਤਨਖਾਹ ਲੈ ਰਿਹਾ ਹੈ।
ਕਿਸਾਨਾਂ ਨਾਲ ਸੰਬੰਧਤ ਇਸ ਅਦਾਰੇ ਵਿਚ ਇੱਕ ਆਊਟਸੋਰਸ ਕਰਮਚਾਰੀ ਨੂੰ ਇੰਨੀ ਤਨਖਾਹ ਤੇ ਗੈਰ ਸੰਵਿਧਾਨਕ ਤਰੀਕੇ ਨਾਲ ਪਦਉੱਨਤ ਕਰਨਾ ਪੰਜਾਬ ਸਰਕਾਰ ਅਤੇ ਨੈਸ਼ਨਲ ਬੀਜ ਕਾਰਪੋਰੇਸ਼ਨ ਦੇ ਸ਼ੇਅਰਾਂ ਤੇ ਭਾਰੀ ਵਿੱਤੀ ਬੋਝ ਹੈ।
ਭਗਵੰਤ ਸਿੰਘ ਮਾਨ ਦੀ ਸਵੱਲੀ ਨਜ਼ਰ ਦੀ ਉਡੀਕ ‘ਚ ਪੰਜਾਬ ਬੀਜ ਨਿਗਮ
ਵਰਨਣਯੋਗ ਹੈ ਕਿ ਕਿਸੇ ਸਮੇਂ ਪੰਜਾਬ ਰਾਜ ਬੀਜ਼ ਨਿਗਮ ਅਦਾਰੇ ਦੀ ਸਲਾਨਾ ਟਰਨਓਵਰ 100 ਕਰੋੜ ਤੋਂ ਉਪਰ ਰਹੀ ਹੈ। ਪਰ ਪਿਛਲੇ ਕੁਝ ਸਾਲਾਂ ਤੋਂ ਪੰਜਾਬ ਰਾਜ ਬੀਜ਼ ਨਿਗਮ ਦੀ ਟਰਨਓਵਰ ਮਹਿਜ਼ 15 ਕਰੋੜ ਕਰੀਬ ਤੱਕ ਹੀ ਸੁੰਗੜ ਕੇ ਰਹਿ ਗਈ ਹੈ। ਪੰਜਾਬ ਦੇ ਜਾਗਰੂਕ ਕਿਸਾਨ ਭੁਪਿੰਦਰ ਸਿੰਘ, ਹਰਪ੍ਰਤਾਪ ਸਿੰਘ ਅਤੇ ਨਿਰਵੈਰ ਸਿੰਘ ਦਾ ਕਹਿਣਾ ਹੈ ਕਿ ਸੂਬੇ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੂੰ ਚਾਹੀਦਾ ਹੈ ਕਿ ਉਹ ਮਾਰਕਫੈੱਡ ਵਾਂਗ, ਪੰਜਾਬ ਰਾਜ ਬੀਜ ਨਿਗਮ ਨੂੰ ਵੀ ਪੂਰੇ ਦਾ ਪੂਰਾ ਆਪਣੇ ਅਧੀਨ ਕਰਨ ਤਾਂ ਜੋ ਬੀਜ ਨਿਗਮ ਪੰਜਾਬ ਨੂੰ ਫਰਸ਼ ਤੋਂ ਅਰਸ਼ ਤੱਕ ਲਿਜਾਇਆ ਜਾ ਸਕੇ ਅਤੇ ਪੰਜਾਬ ਦਾ ਬੀਜ ਬਾਹਰਲੇ ਸੂਬਿਆਂ ਦੇ ਕਿਸਾਨਾਂ ਨੂੰ ਵੀ ਮੁਹੱਈਆ ਕਰਵਾਇਆ ਜਾ ਸਕੇ ।