ਮੁਸਲਿਮ ਭਾਈਚਾਰੇ ਵੱਲੋਂ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਫ਼ਲਸਤੀਨੀ ਲੋਕਾਂ ਨਾਲ ਯੱਕਯਹਿਤੀ
ਰਘਵੀਰ ਹੈਪੀ, ਬਰਨਾਲਾ 5 ਅਪ੍ਰੈਲ 2024
ਸਮੂਹ ਮੁਸਲਿਮ ਭਾਈਚਾਰੇ ਵੱਲੋਂ ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਮਸਜਿਦ ਨਾਸਾਬਾਈ ਤੋਂ ਸ਼ਹੀਦ ਭਗਤ ਸਿੰਘ ਚੌਂਕ ਤੱਕ ਇਜ਼ਰਾਈਲ ਵੱਲੋਂ ਫ਼ਲਸਤੀਨੀ ਲੋਕਾਂ ਦੀ ਕੀਤੀ ਜਾ ਰਹੀ ਨਸਲਕੁਸ਼ੀ ਖ਼ਿਲਾਫ਼ ਵਿਸ਼ਾਲ ਰੋਸ ਮਾਰਚ ਦਾ ਆਯੋਜਨ ਕੀਤਾ ਗਿਆ। ਇਸ ਰੋਸ ਦੀ ਅਗਵਾਈ ਇਕਬਾਲ ਦੀਨ, ਹਾਂਸ ਮੁਹੰਮਦ, ਅਬਦੁਲ ਹਮੀਦ, ਨਜ਼ੀਰ ਮੁਹੰਮਦ, ਅਖਤਰ ਖਾਂ, ਅਬਦੁਲ ਮਜੀਦ, ਮੁਹੰਮਦ ਇਰਫ਼ਾਨ, ਸਿਕੰਦਰ ਅਲੀ,ਖ਼ਲੀਲ ਅਹਿਮਦ, ਅਕਬਰ ਖਾਂ,ਅਸ਼ਰਫ ਮੁਹੰਮਦ ਨੇ ਕੀਤੀ। ਸ਼ਹੀਦ ਭਗਤ ਸਿੰਘ ਚੌਂਕ ਵਿਖੇ ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰੇ ਆਗੂਆਂ ਹਾਂਸ ਮੁਹੰਮਦ, ਡਾ ਅਬਦੁਲ ਹਮੀਦ, ਇਕਬਾਲ ਦੀਨ ਨੇ ਕਿਹਾ ਕਿ ਨਿਹੱਕੇ ਫ਼ਲਸਤੀਨੀ ਲੋਕਾਂ ਦੀ ਇਜ਼ਰਾਈਲ ਵੱਲੋਂ ਨਸਲਕੁਸ਼ੀ ਕੀਤੀ ਜਾ ਰਹੀ ਹੈ। ਹੁਣ ਤੱਕ 33 ਹਜ਼ਾਰ ਤੋਂ ਵਧੇਰੇ ਨਿਹੱਕੇ ਲੋਕਾਂ ਨੂੰ ਜ਼ੰਗ ਵਿੱਚ ਮੌਤ ਦੇ ਘਾਟ ਅਤੇ 80 ਹਜ਼ਾਰ ਲੋਕਾਂ ਨੂੰ ਜ਼ਖ਼ਮੀ ਜਾ ਚੁੱਕਾ ਹੈ। ਇਨ੍ਹਾਂ ਵਿੱਚ 40% ਬੱਚੇ ਹਨ। ਇਜ਼ਰਾਈਲੀ ਹਾਕਮਾਂ ਨੇ ਹਸਪਤਾਲਾਂ ਨੂੰ ਕਬਰਿਸਤਾਨ ਵਿੱਚ ਤਬਦੀਲ ਕਰ ਦਿੱਤਾ ਹੈ। ਦਵਾਈਆਂ,ਪਾਣੀ, ਆਕਸੀਜਨ, ਖਾਣ ਪੀਣ ਦੀਆਂ ਥੁੜ ਕਾਰਨ ਫ਼ਲਸਤੀਨੀ ਲੋਕਾਂ ਨੂੰ ਮਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਇਜ਼ਰਾਈਲੀ ਹਾਕਮ ਅਜਿਹਾ ਸਾਰਾ ਕੁੱਝ ਅਮਰੀਕਾ ਸਾਮਰਾਜ ਦੀ ਸ਼ਹਿ ‘ਤੇ ਕਰ ਰਿਹਾ ਹੈ। ਯੂ ਐਨ ਓ ਅਤੇ ਕੌਮਾਂਤਰੀ ਅਦਾਲਤ ਦੇ ਫ਼ੈਸਲੇ ਨੂੰ ਇਜ਼ਰਾਈਲੀ ਹਾਕਮ ਅਮਰੀਕੀ ਸਾਮਰਾਜੀਆਂ ਦੀ ਸ਼ਹਿ ‘ਤੇ ਟਿੱਚ ਕਰਕੇ ਜਾਣ ਰਹੇ ਹਨ। ਆਗੂਆਂ ਮੰਗ ਕੀਤੀ ਕਿ ਫ਼ਲਸਤੀਨੀ ਲੋਕਾਂ ਖ਼ਿਲਾਫ਼ ਵਿੱਢੀ ਨਿਹੱਕੇ ਜੰਗ ਫੌਰੀ ਬੰਦ ਕੀਤੀ ਜਾਵੇ। ਇਨਕਲਾਬੀ ਜਮਹੂਰੀ ਜਨਤਕ ਜਥੇਬੰਦੀਆਂ ਦੇ ਆਗੂਆਂ ਨਰਾਇਣ ਦੱਤ,ਡਾ ਰਜਿੰਦਰ, ਸੋਹਣ ਸਿੰਘ ਮਾਝੀ, ਬਿੱਕਰ ਸਿੰਘ ਔਲਖ, ਖੁਸਮੰਦਰ ਪਾਲ, ਬਲਦੇਵ ਸਿੰਘ ਸੱਦੋਵਾਲ, ਜਗਜੀਤ ਸਿੰਘ ਢਿੱਲਵਾਂ ਅਤੇ ਮਿਲਖਾ ਸਿੰਘ ਨੇ ਮੁਸਲਿਮ ਭਾਈਚਾਰੇ ਵੱਲੋਂ ਇੱਕਜੁਟ ਹੋਕੇ ਜੂਝ ਰਹੇ ਫ਼ਲਸਤੀਨੀ ਲੋਕਾਂ ਨਾਲ ਯੱਕਯਹਿਤੀ ਪ੍ਰਗਟਾਉਣ ਦੇ ਉਪਰਾਲੇ ਦੀ ਜ਼ੋਰਦਾਰ ਸ਼ਲਾਘਾ ਕੀਤੀ। ਆਪਣਾ ਭਾਈਚਾਰਾ ਕਾਇਮ ਰੱਖਦਿਆਂ ਮੋਦੀ ਹਕੂਮਤ ਦੇ ਫਿਰਕੂ ਫਾਸ਼ੀ ਹੱਲੇ ਖਿਲਾਫ਼ ਇਨਸਾਫ਼ ਪਸੰਦ ਤਾਕਤਾਂ ਦੇ ਕਦਮ ਨਾਲ ਕਦਮ ਮਿਲਾਉਂਦਿਆਂ ਅੱਗੇ ਆਉਣ ਦੀ ਜ਼ੋਰਦਾਰ ਅਪੀਲ ਕੀਤੀ।