ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ‘ਚ ਲੋਕ ਭਾਗੀਦਾਰੀ ਜ਼ਰੂਰ ਪਾਉਣ, ਜ਼ਿਲ੍ਹਾ ਚੋਣ ਅਫ਼ਸਰ
ਰਘਵੀਰ ਹੈਪੀ, ਸਹਿਜੜਾ (ਮਹਿਲ ਕਲਾਂ) 5 ਅਪ੍ਰੈਲ 2024
ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਵੋਟਰਾਂ ਦੀ ਮਤਦਾਨ ‘ਚ ਸ਼ਮੂਲੀਅਤ ਵਧਾਉਣ ਲਈ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਪੂਨਮਦੀਪ ਕੌਰ ਦੀ ਅਗਵਾਈ ਹੇਠ ਪਿੰਡ ਸਹਿਜੜਾ ਵਿਖੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਵੱਲੋਂ ਵਿਸ਼ੇਸ਼ ਵੋਟਰ ਜਾਗਰੂਕਤਾ ਸਮਾਗਮ ਕਰਵਾਇਆ ਗਿਆ। ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਸੰਦੀਪ ਮਲਿਕ ਵੀ ਮੌਜੂਦ ਸਨ। ਇਹ ਸਮਾਗਮ ਸਹਾਇਕ ਰਿਟਰਨਿੰਗ ਅਫ਼ਸਰ ਸ. ਸਤਵੰਤ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ।
ਸਮਾਗਮ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ 1 ਜੂਨ ਨੂੰ ਸਵੇਰ 7 ਵਜੇ ਤੋਂ ਮਤਦਾਨ ਪੰਜਾਬ ‘ਚ ਸ਼ੁਰੂ ਹੋ ਜਾਵੇਗਾ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ੍ਹ ਕੇ ਮਤਦਾਨ ਕਰਨ ਅਤੇ ਆਪਣੇ ਆਸ ਪਾਸ ਦੇ ਲੋਕਾਂ ਨੂੰ ਵੀ ਬਿਨਾਂ ਕਿਸੇ ਡਰ ਜਾਂ ਲਾਲਚ ਤੋਂ ਮਤਦਾਨ ਕਰਨ ਲਈ ਪ੍ਰੇਰਣ। ਉਨ੍ਹਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਮਤਦਾਤਾ ਨੂੰ ਵਿਸ਼ੇਸ਼ ਪਛਾਣ ਪੱਤਰ ਵੰਡੇ ਜਾਂਦੇ ਹਨ ਅਤੇ ਅੱਜ ਦੇ ਯੁੱਗ ਅਨੁਸਾਰ ਮਤਦਾਤਾ ਸੂਚੀਆਂ ਭਾਰਤੀ ਚੋਣ ਕਮਿਸ਼ਨ ਦੀ ਵੈਬਸਾਈਟ ਉੱਤੇ ਉਪਲਬੱਧ ਹੈ ਜਿਸ ਉੱਤੇ ਕੋਈ ਵੀ ਮਤਦਾਤਾ ਆਪਣਾ ਨਾਂ ਅਤੇ ਹੋਰ ਵੇਰਵੇ ਚੈੱਕ ਕਰ ਸਕਦਾ ਹੈ । ਉਨ੍ਹਾਂ ਕਿਹਾ ਕਿ ਆਪਣੇ ਵਡਮੁੱਲੇ ਵੋਟ ਦਾ ਇਸਤਮਾਲ ਸਹੀ ਢੰਗ ਨਾਲ ਕਰਕੇ ਅਸੀਂ ਨਾ ਸਿਰਫ ਦੇਸ਼ ਦੇ ਵਿਕਾਸ ਵੱਲ ਮਹੱਤਵਪੂਰਨ ਯੋਗਦਾਨ ਪਾਉਂਦੇ ਹਾਂ ਬਲਕਿ ਸਹੀ ਸਰਕਾਰ ਚੁਣ ਕੇ ਅਸੀਂ ਦੁਨੀਆਂ ਉੱਤੇ ਆਪਣੇ ਦੇਸ਼ ਦਾ ਨਾਂ ਰੋਸ਼ਨ ਕਰ ਸਕਦੇ ਹਾਂ।
ਇਸ ਮੌਕੇ ਬੋਲਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ਼੍ਰੀ ਸੰਦੀਪ ਮਲਿਕ ਨੇ ਦੱਸਿਆ ਕਿ ਹਰ ਇੱਕ ਵੋਟਰ ਆਪਣੀ ਵੋਟ ਦੀ ਵਰਤੋਂ ਬਿਨਾਂ ਕਿਸੇ ਡਰ ਜਾਂ ਲਾਲਚ ਤੋਂ ਕਰੇ। ਉਨ੍ਹਾਂ ਵਿਦਿਆਰਥੀਆਂ ਵੱਲੋਂ ਚੋਣਾਂ ਉੱਤੇ ਅਧਾਰਿਤ ਪੇਸ਼ ਕੀਤੀਆਂ ਗਈਆਂ ਵੰਨਗੀਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਨ੍ਹਾਂ ਬੱਚਿਆਂ ਦੇ ਮਾਤਾ ਪਿਤਾ ਅਤੇ ਬਜ਼ੁਰਗ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਇਨ੍ਹਾਂ ਬੱਚਿਆਂ ਦੀ ਮਿਹਨਤ ਸਿਰੇ ਚੜ੍ਹੇ ਅਤੇ ਸਾਰੇ ਯੋਗ ਵੋਟਰ ਵੋਟ ਪਾਉਣ ਜ਼ਰੂਰ ਜਾਣ। ਇਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਮੂਮ ਦੇ ਬੱਚਿਆਂ ਨੇ ਵੋਟਾਂ ਉੱਤੇ ਅਧਾਰਿਤ ਭੰਗੜਾ ਪੇਸ਼ ਕੀਤਾ ਜਦ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲ ਕਲਾਂ ਦੀਆਂ ਵਿਦਿਆਰਥਣਾਂ ਨੇ ਗਿੱਧਾ ਪੇਸ਼ ਕੀਤਾ। ਸਰਕਾਰੀ ਹਾਈ ਸਕੂਲ ਸਹਿਜੜਾ ਦੀ ਵਿਦਿਆਰਥਣ ਚਰਨ ਕਮਲ ਕੌਰ ਨੇ ਚੋਣਾਂ ਸਬੰਧੀ ਕਵਿਤਾ ਆਪਣੀ ਬੁਲੰਦ ਆਵਾਜ਼ ਵਿਚ ਪੇਸ਼ ਕੀਤੀ। ਇਸ ਮੌਕੇ ਜ਼ਿਲ੍ਹਾ ਸਿਖਿਆ ਅਫ਼ਸਰ ਇੰਦੂ ਸਿਮਕ, ਉੱਪ ਜ਼ਿਲ੍ਹਾ ਸਿਖਿਆ ਅਫ਼ਸਰ ਡਾ. ਬਲਜਿੰਦਰ ਸਿੰਘ, ਬੀ. ਐੱਸ. ਐੱਫ. ਦੇ ਕਮਾਂਡੈਂਟ ਮਨੋਜ ਕੁਮਾਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮੇਘਾ ਮਾਨ, ਪਿੰਡ ਵਾਸੀ ਅਤੇ ਹੋਰ ਲੋਕ ਹਾਜ਼ਰ ਸਨ।