ਅਸ਼ੋਕ ਵਰਮਾ, ਬਠਿੰਡਾ 20 ਮਾਰਚ 2024
ਡਿਪਟੀ ਕਮਿਸ਼ਨਰ ਵੱਲੋਂ ਮੀਟਿੰਗ ਵਿੱਚ ਨਾ ਬੈਠਣ, ਗੈਸ ਪਾਈਪ ਲਾਈਨ ਅਧਿਕਾਰੀਆਂ ਦੀ ਮੁਆਵਜਾ ਦੇਣ ਸਬੰਧੀ ਟਾਲਮਟੋਲ ਅਤੇ ਬੋਲ ਕੁਬੋਲਾਂ ਤੋਂ ਭੜਕੇ ਕਿਸਾਨਾਂ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੁੱਖ ਗੇਟ ਦਾ ਅੱਗੇ ਧਰਨਾ ਸ਼ੁਰੂ ਕਰ ਦਿੱਤਾ ਅਤੇ ਚਿਤਾਵਨੀ ਦਿੱਤੀ ਕਿ ਹੁਣ ਆਰ ਪਾਰ ਦਾ ਬਿਗੁਲ ਵਜਾਇਆ ਜਾਏਗਾ। ਅੱਜ ਗੈਸ ਪਾਈਪ ਲੈਣ ਦੇ ਮੁਆਵਜ਼ੇ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਗੈਸ ਪਾਈਪ ਲਾਈਨ ਅਧਿਕਾਰੀਆਂ ਦੀ ਡਿਪਟੀ ਕਮਿਸ਼ਨਰ ਦਫਤਰ ਵਿਖੇ ਮੀਟਿੰਗ ਰੱਖੀ ਗਈ ਸੀ ਜੋ ਬੇਸਿੱਟਾ ਰਹੀ। ਜਿਸ ਤੋਂ ਬਾਅਦ ਰੋਹ ਵਿੱਚ ਆਏ ਕਿਸਾਨਾਂ ਨੇ ਧਰਨਾ ਦੇ ਕੇ ਜ਼ੋਰਦਾਰ ਨਾਅਰੇਬਾਜੀ ਕੀਤੀ। ਕਿਸਾਨ ਵਫਦ ਦੀ ਅਗਵਾਈ ਕਰ ਰਹੇ ਜ਼ਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਉਹ ਮਸਲਾ ਹੱਲ ਕਰਵਾਉਣਾ ਚਾਹੁੰਦੇ ਸਨ ਪਰ ਕੰਪਨੀ ਦੇ ਵਕੀਲਾਂ ਦੀ ਬੋਲਬਾਣੀ ਨੇ ਭੜਕਾਹਟ ਪੈਦਾ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ ਬੈਠੇ ਕੰਪਨੀ ਦੇ ਵਕੀਲਾਂ ਨੇ ਦੋਸ਼ ਲਾਇਆ ਕਿ ਗੈਸ ਪਾਈਪ ਲਾਈਨ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਹੱਥਾਂ ਵਿੱਚ ਤਲਵਾਰਾਂ ਸਨ, ਜਦੋਂਕਿ ਅਜਿਹਾ ਕੁੱਝ ਵੀ ਨਹੀਂ ਸੀ ਸਿਰਫ ਮਸਲਾ ਲਟਕਾਉਣ ਦਾ ਕੋਝਾਂ ਯਤਨ ਹੀ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਪ੍ਰਸ਼ਾਸ਼ਨ ਦਾ ਵਤੀਰਾ ਵੀ ਨਿੰਦਣਯੋਗ ਰਿਹਾ ਕਿਉਂਕਿ ਸ਼ਾਂਤ ਹੋਏ ਮਾਹੌਲ ਵਿੱਚ ਜਦੋਂ ਕੰਪਨੀ ਦੇ ਵਕੀਲਾਂ ਨੇ ਕੁੱਝ ਮੁਆਵਜ਼ਾ ਦੇਣ ਦੀ ਗੱਲ ਤੋਰੀ ਤਾਂ ਇਸ ਮੌਕੇ ਏਡੀਸੀ ਵਿਕਾਸ ਨੇ ਝੂਠੀਆਂ ਦਲੀਲਾਂ ਸਹਿਤ ਕੰਪਨੀ ਦੀ ਵਕਾਲਤ ਕਰਦਿਆਂ ਮੁਆਵਜਾ ਰਾਸ਼ੀ ਨਿਗੂਣੀ ਕਰ ਦਿੱਤੀ। ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਅਤੇ ਕੰਪਨੀ ਦੇ ਮੁੱਖ ਅਧਿਕਾਰੀਆਂ ਦੇ ਨਾਂ ਪਹੁੰਚਣ ਅਤੇ ਕੰਪਨੀ ਦੇ ਵਕੀਲਾਂ ਵੱਲੋਂ ਝੂਠੇ ਦੋਸ਼ ਲਾਉਣ ਖਿਲਾਫ ਕਿਸਾਨਾਂ ਨੇ ਜਿਲ੍ਹਾ ਪ੍ਰਸ਼ਾਸਨ ਤੇ ਕੰਪਨੀ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ ਅਤੇ ਕਿਹਾ ਕਿ ਹੁਣ ਉਹ ਸੰਘਰਸ਼ ਦੇ ਜੋਰ ਤੇ ਹੀ ਅਗਲੀ ਕਾਰਵਾਈ ਅਮਲ ’ਚ ਲਿਆਉਣਗੇ।
ਜ਼ਿਕਰ ਯੋਗ ਹੈ ਕਿ 15 ਮਈ 2023 ਨੂੰ ਖੇਤਾਂ ਚੋ ਵਿਛਾਈ ਪਾਈਪ ਲਾਈਨ ਦਾ ਪ੍ਰਤੀ ਏਕੜ 24 ਲੱਖ ਰੁਪਏ ਮੁਆਵਜੇ ਦੇ ਕੀਤੇ ਲਿਖਤੀ ਸਮਝੌਤੇ ਨੂੰ ਲਾਗੂ ਕਰਾਉਣ ਲਈ ਟਾਲਾ ਵੱਟ ਰਹੇ ਕੰਪਨੀ ਦੇ ਅਧਿਕਾਰੀਆਂ ਦਾ ਮੰਗਲਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਤਲਵੰਡੀ ਸਾਬੋ ਵਿਖੇ ਘਿਰਾਓ ਕਰ ਲਿਆ ਸੀ। ਇਸ ਮੌਕੇ ਐਸਡੀਐਮ ਤਲਵੰਡੀ ਸਾਬੋ ਅਤੇ ਜਿਲ੍ਹੇ ਦੇ ਪੁਲਿਸ ਅਧਿਕਾਰੀਆਂ ਨੇ ਅੱਜ ਕਿਸਾਨਾਂ ਦੀ ਡਿਪਟੀ ਕਮਿਸ਼ਨਰ ਅਤੇ ਕੰਪਨੀ ਦੇ ਮੁੱਖ ਅਧਿਕਾਰੀਆਂ ਨਾਲ ਮੀਟਿੰਗ ਤੈਅ ਕਰਵਾਈ ਸੀ। ਕਿਸਾਨ ਆਗੂਆਂ ਨੇ ਐਲਾਨ ਕੀਤਾ ਕਿ ਆਉਂਦੇ ਦਿਨਾਂ ਵਿੱਚ ਸੰਘਰਸ਼ ਨੂੰ ਤਿੱਖਾ ਰੂਪ ਦਿੱਤਾ ਜਾਵੇਗਾ। ਅੱਜ ਦੇ ਵਫਦ ਵਿੱਚ ਹਰਜਿੰਦਰ ਸਿੰਘ ਬੱਗੀ, ਬਸੰਤ ਸਿੰਘ ਕੋਠਾ ਗੁਰੂ,ਦਰਸ਼ਨ ਸਿੰਘ ਮਾਈਸਰਖਾਨਾ , ਜਸਵੀਰ ਸਿੰਘ ਬੁਰਜ ਸੇਮਾ ,ਜਗਦੇਵ ਸਿੰਘ ਜੋਗੇਵਾਲਾ ,ਜਗਸੀਰ ਸਿੰਘ ਝੁੰਬਾ ,ਹਰਪ੍ਰੀਤ ਸਿੰਘ ਚੱਠੇਵਾਲਾ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਸ਼ਾਮਿਲ ਸਨ।