ਹਰਿੰਦਰ ਨਿੱਕਾ ਬਰਨਾਲਾ 25 ਜੂਨ 2020
ਗਾਇਕ ਸਿੱਧੂ ਮੂਸੇਵਾਲਾ ਵੱਲੋਂ ਬਡਬਰ ਦੀ ਰਾਈਫਲ ਰੇਂਜ ਚ, ਲੌਕਡਾਉਨ ਦੌਰਾਨ ਏ.ਕੇ. 47 ਅਸਾਲਟ ਨਾਲ ਕੀਤੀ ਫਾਇਰਿੰਗ ਦੇ ਕੇਸ ਚ, ਨਾਮਜਦ 2 ਦੋਸ਼ੀਆਂ ਕਰਮ ਸੁਖਵੀਰ ਸਿੰਘ ਲਹਿਲ ਅਤੇ ਇੰਦਰਵੀਰ ਸਿੰਘ ਗਰੇਵਾਲ ਦੀਆਂਂ ਅਗਾਊਂ ਜਮਾਨਤ ਦੀਆਂ ਅਰਜੀਆਂ ਐਡੀਸ਼ਨਲ ਸੈਸ਼ਨ ਜੱਜ ਅਰੁਣ ਗੁਪਤਾ ਨੇ ਰੱਦ ਕਰ ਦਿੱਤੀਆਂ। ਉਕਤ ਦੋਵਾਂ ਨਾਮਜ਼ਦ ਦੋਸ਼ੀਆਂ ਨੇ ਆਪਣੇ ਵੱਖ ਵੱਖ ਵਕੀਲਾਂ ਰਾਹੀਂ 17 ਜੂਨ ਨੂੰ ਐਡੀਸ਼ਨਲ ਸ਼ੈਸ਼ਨ ਜੱਜ਼ ਬਰਜਿੰਦਰ ਪਾਲ ਸਿੰਘ ਦੀ ਅਦਾਲਤ ਚ, ਐਂਟੀਸਪੇਟਰੀ ਜਮਾਨਤ ਲਈ ਅਰਜੀਆਂ ਦਾਇਰ ਕੀਤੀਆ ਸਨ । ਜਿਨ੍ਹਾਂ ਤੇ ਅੱਜ ਵੀਡੀਉ ਕਾਨਫਰੰਸਿੰਗ ਦੇ ਜਰੀਏ ਐਡੀਸ਼ਨਲ ਸੈਸ਼ਨ ਜੱਜ ਅਰੁਣ ਗੁਪਤਾ ਦੀ ਅਦਾਲਤ ਚ, ਸੁਣਵਾਈ ਹੋਈ। ਬਚਾਉ ਪੱਖ ਦੇ ਵਕੀਲਾਂ ਨੇ ਅਦਾਲਤ ਨੂੰ ਅਗਾਉਂ ਜਮਾਨਤ ਦੇਣ ਲਈ ਦਲੀਲਾਂ ਦਿੱਤੀਆਂ, ਜਦੋਂ ਕਿ ਹਾਈਕੋਰਟ ਚ, ਪੀਆਈਐਲ ਦਾਇਰ ਕਰਕੇ ਸਿੱਧੂ ਮੂਸੇਵਾਲਾ ਤੇ ਉਸਦੇ ਨਾਮਜ਼ਦ ਸਹਿਦੋਸ਼ੀਆਂ ਦੀਆਂ ਮੁਸ਼ਕਿਲਾਂ ਵਧਾਉਣ ਵਾਲੇ ਐਡਵੋਕੇਟ ਰਵੀ ਜੋਸ਼ੀ ਦੀ ਤਰਫੋਂ ਬਹਿਸ ਚ, ਹਿੱਸਾ ਲੈਣ ਵਾਲੇ ਐਡਵੋਕੇਟ ਹਰਿੰਦਰ ਸਿੰਘ ਰਾਣੂ ਨੇ ਕਿਹਾ ਕਿ ਕਰਮ ਸਿੰਪ ਲਹਿਲ ਦੀ ਟਿੱਕਟੌਕ ਆਈਡੀ ਤੋਂ ਫਾਇਰਿੰਗ ਦੀ ਵੀਡੀਉ ਅੱਪਲੋਡ ਕੀਤੀ ਗਈ ਸੀ। ਜਿਸ ਤੋਂ ਬਾਅਦ ਹੀ ਇਹ ਵੀਡੀਉ ਵਾਇਰਲ ਹੋਈ। ਵੀਡੀਉ ਚ, ਕਰਮ ਸਿੰਘ ਤੇ ਇੰਦਰ ਗਰੇਵਾਲ ਵੀ ਅਸਾਲਟ ਲਈ ਖੜ੍ਹੇ ਸਾਫ ਦਿਖਾਈ ਦੇ ਰਹੇ ਹਨ। ਇਹ ਦੋਵੇਂ ਪ੍ਰਾਈਵੇਟ ਵਿਅਕਤੀ ਹਨ, ਜਿੰਨ੍ਹਾਂ ਕੋਲ ਏਕੇ 47 ਅਸਾਲਟ ਕਿੱਥੋਂ ਆਈ, ਵੀਡੀਉ ਕਿਸ ਵਿਅਕਤੀ ਨੇ ਕਿਹੜੇ ਮੋਬਾਇਲ ਨਾਲ ਤਿਆਰ ਕੀਤੀ ਗਈ ? ਉਨ੍ਹਾਂ ਇਹ ਵੀ ਦਲੀਲ ਦਿੱਤੀ ਕਿ ਦੋਸ਼ੀ ਪ੍ਰਭਾਵਸ਼ਾਲੀ ਵਿਅਕਤੀ ਹਨ, ਇਸ ਦਾ ਪਤਾ ਕੇਸ ਦੀ ਵਾਰ ਵਾਰ ਬਦਲੀ ਜਾ ਰਹੀ ਜਾਂਚ ਤੋਂ ਸਾਫ ਲੱਗਦਾ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਦੀ ਹਿਰਾਸਤੀ ਪੁੱਛਗਿੱਛ ਤੋਂ ਬਿਨ੍ਹਾਂ ਇਹ ਅਹਿਮ ਸਵਾਲ ਅਣਸੁਲਝੇ ਹੀ ਰਹਿ ਜਾਣਗੇ। ਸਰਕਾਰੀ ਵਕੀਲ ਜਗਜੀਤ ਸਿੰਘ ਨੇ ਵੀ ਦੋਸ਼ੀਆਂ ਨੂੰ ਜਮਾਨਤ ਦੇਣ ਦਾ ਵਿਰੋਧ ਕੀਤਾ। ਆਖਿਰ ਅਦਾਲਤ ਨੇ ਸਰਕਾਰੀ ਵਕੀਲ ਜਗਜੀਤ ਸਿੰਘ ਅਤੇ ਰਵੀ ਜੋਸ਼ੀ ਦੇ ਵਕੀਲ ਐਡਵੋਕੇਟ ਹਰਿੰਦਰ ਸਿੰਘ ਰਾਣੂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਅਗਾਊਂ ਜਮਾਨਤ ਦੀਆਂ ਦੋਵੇਂ ਅਰਜੀਆਂ ਰੱਦ ਕਰ ਦਿੱਤੀਆਂ।