ਗੁਰੂ ਰਾਮਦਾਸ ਸੈਂਟਰ ਫਾਰ ਇਕਨੋਮਿਕ ਗਰੌਥ ਵਲੋਂ ਪੰਜਾਬ ਬੱਜਟ ਦਾ ਮੁਲਾਂਕਣ ਸੈਮੀਨਾਰ
ਬੇਅੰਤ ਸਿੰਘ ਬਾਜਵਾ, ਲੁਧਿਆਣਾ 11ਮਾਰਚ 2024
ਗੁਰੂ ਰਾਮਦਾਸ ਸੈਂਟਰ ਫਾਰ ਇਕਨੋਮਿਕ ਗਰੌਥ (ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ) ਵਲੋਂ ਪੰਜਾਬ ਸਰਕਾਰ ਦੇ ਹਾਲੀਆ ਪੇਸ਼ ਹੋਏ ਬਜ਼ਟ ਨੂੰ ਆਦਰਸ਼ ਬੱਜਟ ਦੀ ਕਸੌਟੀ ਉੱਤੇ ਪਰਖਦਿਆਂ ਇੱਕ ਮੁਲਾਕਣ ਸੈਮੀਨਾਰ ਕਰਵਾਇਆ ਗਿਆ। ਪੰਜਾਬ ਬੱਜਟ ਵਿਚ ਪ੍ਰੰਪਰਾਗਤ ਪ੍ਰਸਤਾਵਾਂ ਦੇ ਨਾਲ-ਨਾਲ ਕੁਝ ਨਵੀਂਆਂ ਵੰਗਾਰਾਂ ਦੇ ਟਾਕਰੇ ਲਈ ਬੱਜਟ ਪ੍ਰਸਤਾਵ ਰੱਖੇ ਗਏ ਹਨ। ਵਿਚਾਰ ਚਰਚਾ ਦੌਰਾਨ ਬੱਜਟ ਦੇ ਹਾਂ ਪੱਖੀ ਅਤੇ ਨਾਪੱਖੀ ਪ੍ਰਭਾਵਾਂ ਬਾਰੇ ਬਾ ਦਲੀਲ ਗੱਲਾਂ ਕੀਤੀਆਂ ਗਈਆਂ। ਕੁੱਝ ਆਰਥਿਕ ਮਾਹਿਰਾਂ ਨੇ ਜਿੱਥੇ ਬੱਜਟ ਦੀਆਂ ਕਮੀਆਂ ਨੂੰ ਉਭਾਰਿਆ, ਉੱਥੇ ਹੀ ਕਾਫੀ ਬੁਲਾਰਿਆਂ ਨੇ ਬੱਜਟ ਦੀਆਂ ਕੁੱਝ ਤਜਵੀਜਾਂ ਦੀ ਸ਼ਲਾਘਾ ਵੀ ਕੀਤੀ ਗਈ।
ਪੜ੍ਹੋ ਕਿਸ ਨੇ ਕੀ ਕਿਹਾ…
ਕੇ.ਬੀ. ਸਿੰਘ ਡਾਇਰੈਕਟਰ ਹੁਰਾਂ ਆਰੰਭਕ ਵਿਚਾਰ ਪੇਸ਼ ਕਰਦਿਆਂ ਚੰਗੀਆਂ ਗੱਲਾਂ ਤੇ ਕਮੀਆਂ ਦੀ ਗੱਲ ਵੀ ਕੀਤੀ ਅਤੇ ਨਿੱਤ ਸਾਲ ਵੱਧਦੇ ਕਰਜ਼ੇ ਸੰਬੰਧੀ ਸਾਵਧਾਨ ਕਰਦਿਆਂ ਕਿਹਾ ਕਿ ਕਰਜ਼ੇ ਨੁੰ ਉਤਪਾਦਕੀ ਕੰਮਾਂ ਤੇ ਨਾ ਖਰਚ ਕਰਨ ਨਾਲ ਰਾਜ ਦੀ ਆਰਥਿਕ ਹਾਲਤ ਦਿਨੋ-ਦਿਨ ਮੰਦੀ ਹੋਵੇਗੀ।
ਸ. ਜਤਿੰਦਰਪਾਲ ਸਿੰਘ, ਸਾਬਕਾ ਚੇਅਰਮੈਨ ਹੁਰਾਂ ਨੇ ਕਿਹਾ ਕਿ ਆਰਥਿਕ ਵਿਕਾਸ ਤਾਂ ਹੀ ਸੰਭਵ ਹੈ । ਜੇਕਰ ਸ੍ਰੀ ਅੰਮ੍ਰਿਤਸਰ ਸ਼ਹਿਰ ਵਿੱਚ ਗੁਰੂ ਰਾਮਦਾਸ ਜੀ ਵਲੋਂ ਵਸਾਏ 52 ਕਿਸਮ ਦੇ ਕਿੱਤਿਆਂ ਦੇ ਮਾਹਿਰਾਂ ਵਾਂਗ ਅੰਮ੍ਰਿਤਸਰ ਸ਼ਹਿਰ ਅਤੇ ਹੋਰਨਾਂ ਥਾਂਵਾਂ ਦਾ ਵਿਕਾਸ ਹੋਵੇ।
ਪੰਜਾਬ ਯੂਨੀਵਰਸਿਟੀ ਦੇ ਬਿਜ਼ਨਸ ਸਕੂਲ, ਲੁਧਿਆਣਾ ਦੇ ਪ੍ਰੋ. ਰਵੀਇੰਦਰ ਸਿੰਘ (ਸੈਨਟੇਰ) ਹੁਰਾਂ ਜੇ.ਪੀ. ਸਿੰਘ ਹੁਰਾਂ ਦੇ ਵਿਚਾਰਾਂ ਦਾ ਸਮਰਥਨ ਕਰਦਿਆਂ ਬੱਜਟ ਦੇ ਸਿੱਖਿਆ, ਖੇਤੀ ਆਦਿ ਦੇ ਪ੍ਰਸਤਾਵਾਂ ਦੀ ਸ਼ਲਾਘਾ ਵੀ ਕੀਤੀ ਤੇ ਕੁਝ ਮੁਫਤ ਸੇਵਾਵਾਂ ਨੂੰ ਉਚਿਤਤਾ ਦੇ ਅਧਾਰ ਤੇ ਘਟਾਅ ਕੇ, ਬੇਰੁਜ਼ਗਾਰੀ ਭੱਤਾ ਦੇਣ ਦੀ ਗੱਲ ਕਹੀ ਤਾਂ ਕਿ ਨੌਜਵਾਨ ਵਰਗ ਇਥੇ ਰਹਿ ਕੇ ਕੰਮ ਕਾਰ ਕਰ ਸਕੇ। ਉਨ੍ਹਾਂ ਕਿਹਾ ਕਿ ਪ੍ਰਵਾਸ ਦੇ ਕਾਰਣ ਇਕ ਸਾਲ ਵਿਚ 55 ਤੋਂ 60 ਹਜ਼ਾਰ ਕਰੋੜ ਰੁਪਏ ਵਿਦੇਸ਼ਾਂ ਨੂੰ ਜਾ ਰਹੇ ਹਨ ।
ਪੀ.ਏ.ਯੂ. ਦੇ ਡਾਇਰੈਕਟਰ ਬਿਜ਼ਨੈਸ ਸਟੱਡੀ, ਪੀ.ਏ.ਯੂ ਡਾ. ਰਮਨਦੀਪ ਸਿੰਘ ਹੁਰਾਂ ਖੇਤੀ ਲਈ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲਈ ਸਰਕਾਰ ਵਲੋਂ ਰੱਖੇ ਧਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਦੇ ਪੌਣੇ ਤੇਰਾਂ ਹਜ਼ਾਰ ਪਿੰਡਾਂ ਵਿਚਲੇ ਅੰਨ ਪਦਾਰਥਾਂ ਨੂੰ ਤਿਆਰ ਖਾਧ ਪਦਾਰਥਾਂ ਵਿੱਚ ਬਦਲ ਕੇ ਦੇਸ਼ ਵਿਦੇਸ਼ ਵਿਚ ਪਹੁੰਚਾਉਣ ਦੀ ਲੋੜ ਹੈ। ਉਨ੍ਹਾਂ ਮਿਸਾਲਾਂ ਦੇਂਦਿਆਂ ਦੱਸਿਆ ਕਿ ਕਿਵੇ ‘ਤੜਕਾ’ ਨਾਮ ਦਾ ਪਦਾਰਥ ਵਿਦੇਸ਼ਾਂ ਵਿਚ ਵਿਕਦਾ ਹੈ।
ਸ. ਮਲਵਿੰਦਰ ਸਿੰਘ ਮੱਲੀ ਮੈਂਬਰ ਪੀ.ਏ.ਯੂ. ਬੋਰਡ ਨੇ ਮੈਲਬੋਰਨ ਵਿਚ ‘ਗਰੇਵਾਲ ਆਟਾ’ ਦੀ ਪ੍ਰਸਿੱਧੀ ਬਾਰੇ ਦੱਸਿਆ ਤਾਂ ਡਾ. ਰਮਨਦੀਪ ਸਿੰਘ ਹੁਰਾਂ ਪਿੰਡਾਂ ਵਿਚ ਖੇਤੀ ਦੀ ਨਵੀਨ ਕੌਸ਼ਲ ਕਲਾ ਤੇ ਤਰਕੀਬਾਂ ਦੀ ਸਿੱਖਿਆ ਅਤੇ ਖੋਜ ਉੱਤੇ ਪੈਸਾ ਨਿਵੇਸ਼ ਕਰਨ ‘ਤੇ ਜ਼ੋਰ ਦਿੱਤਾ। ਚਰਚਾ ਦੌਰਾਨ ਮਿਸ਼ਨ ਫੁੱਲਕਾਰੀ ਦਾ ਵੀ ਵਿਸ਼ੇਸ਼ ਜ਼ਿਕਰ ਹੋਇਆ।
ਕੇਂਦਰ ਦੇ ਪ੍ਰਧਾਨ ਅਤੇ ਬਿੱਗ ਬੈਨ ਗਰੁੱਪ ਦੇ ਮੈਨੇਜਿੰਗ ਡਾਇਰੈਕਟਰਸ. ਤੇਜਵਿੰਦਰ ਸਿੰਘ ਹੁਰਾਂ ਕੈਲੇਫੋਰਨੀਆਂ ਦੇ ਗੁਰੂ ਨਾਨਕ ਫੂਡ, ਕੈਨੇਡਾ ਦੇ ਗਗਨ ਫੂਡਜ਼ ਅਤੇ ਜੈਸਮੀਨ ਕਿਚਨ ਦੀਆਂ ਉਦਾਹਰਨਾਂ ਦੇ ਕੇ, ਡਾ. ਰਮਨਦੀਪ ਸਿੰਘ ਦੇ ਵਿਚਾਰਾਂ ਦੀ ਪ੍ਰੋੜਤਾ ਕੀਤੀ। ਉਨ੍ਹਾਂ ਦੱਸਿਆ ਕਿ ਛੋਟੇ ਉਦਯੋਗਾਂ ਲਈ ਬੱਜਟ ਵਿਚ ਖਾਸ ਪ੍ਰਸਤਾਵਾਂ ਦੀ ਕਮੀ ਹੈ । ਢੋਆ ਢੁਆਈ ਦੇ ਖਰਚਿਆਂ ਕਰਕੇ ਪੰਜਾਬ ਦੇ ਨਿਰਯਾਤਕਾਰਾਂ ਦੇ ਲਾਭ ਖਤਮ ਹੋਈ ਜਾਂਦੇ ਹਨ, ਇਸ ਪਾਸੇ ਸਰਕਾਰਾਂ ਨੂੰ ਛੋਟ ਦੇਣੀ ਚਾਹੀਦੀ ਹੈ।
ਆਰਥਿਕ ਮਾਹਿਰ ਸ੍ਰੀ ਬਰਿਜ ਭੂਸ਼ਨ ਗੋਇਲ ਹੁਰਾਂ ਬੋਲਦਿਆਂ ਕਿਹਾ ਕਿ ਜਿਵੇਂ ਜੀ.ਪੀ. ਸਿੰਘ ਹੁਰਾਂ 52 ਕਿੱਤਿਆਂ ਦੀ ਗੱਲ ਕੀਤੀ ਹੈ। ਮਹਾਤਮਾ ਗਾਂਧੀ ਹੁਰਾਂ ਪੇਂਡੂ ਅਰਥਚਾਰੇ ਦੀ ਉੱਨਤੀ ਦਾ ਖਿਆਲ ਦਿੱਤਾ ਸੀ। ਖੇਤੀ ਵਿਚ ਬਹੁਫ਼ਸਲੀ ਖੇਤੀ ਲਈ 575 ਕਰੋੜ ਰੁਪਏ ਬੱਚਦੇ ਹਨ ਜੋ ਕਾਫ਼ੀ ਨਹੀਂ ਹੈ। ਉਨ੍ਹਾਂ ਨਬਾਰਡ (NABAD) ਦੀਆਂ ਯੋਜਨਾਵਾਂ ਨੂੰ ਪੰਜਾਬ ਵਿਚ ਬਹੁਤ ਘੱਟ ਮਹੱਤਤਾ ਮਿਲਣ ਤੇ ਡੂੰਘੀ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਸਹਿਕਾਰੀ ਸਭਾਵਾਂ ਨੂੰ ਉਤਸ਼ਾਹਤ ਕਰਨ ਲਈ ਸੁਝਾਅ ਦਿੰਦਿਆਂ ਕਿਹਾ ਕਿ ਜਿਵੇਂ ‘ਖਾਦੀ ਪ੍ਰਸਿੱਧ ਹੋਈ ਹੈ, ਸਾਡਾ ‘ਤੜਕਾ’ ਬਰਾਂਡ ਭਾਰਤ ਵਿੱਚ ਵੀ ਪ੍ਰਸਿੱਧ ਹੋਵੇ । ਸੈਲਫ ਹੈਲਪ ਗਰੁੱਪਾਂ ਨੂੰ ਅਨੁਦਾਨ ਦਿੱਤਾ ਜਾਵੇ। ਸਕੂਲਾਂ, ਕਾਲਜਾਂ ਵਿੱਚ ਅਧਿਆਪਕਾਂ ਦੀ ਕਮੀ ਦੂਰ ਕਰਨ ਦੀ ਲੋੜ ਵੀ ਦੱਸੀ।
ਸੀ.ਏ. ਸ. ਜਸਮਿੰਦਰ ਸਿੰਘ ਹੁਰਾਂ ਫਸਲੀ ਵਿਭਿੰਨਤਾ ਉੱਤੇ ਜ਼ੋਰ ਦਿੱਤਾ ਅਤੇ ਵਿਦੇਸ਼ ਜਾ ਰਹੇ ਨੌਜਵਾਨਾਂ ਬਾਰੇ ਸਚਾਈ ਬਿਆਨ ਕੀਤੀ। ਉਨ੍ਹਾਂ ਚਿੰਤਾ ਪ੍ਰਗਟ ਕੀਤੀ ਕਿ ਲੁਧਿਆਣੇ ਤੋਂ ਉਦਯੋਗ ਬਾਹਰ ਚਲੇ ਗਏ ਹਨ। ਵਰਧਮਾਨ ਦੇ ਸਟਰੈਟਿਜਿਕ ਪਲੈਨਰ ਡਾ. ਹਰੀਸ਼ ਅਨੰਦ ਹੁਰਾਂ ਸਰਕਾਰ ਦੀ ਸਰਵਜਨਕ ਨੀਤੀ ਨੂੰ ਮਹੱਤਵਪੂਰਨ ਦੱਸਿਆ। ਕਿਰਤ ਕਰੋ , ਨਾਮ ਜਪੋ ਤੇ ਵੰਡ ਛਕੋ, ਦੇ ਉਦੇਸ਼ਾਂ ਨੁੰ ਪੂਰਾ ਕਰਨ ਲਈ ਉਨ੍ਹਾਂ ਖੋਜ ਵਿਕਾਸ ਕੰਮ ਧੰਦੇ ਅੰਦਰੂਨੀ ਜਾਗ੍ਰਤੀ ਅਤੇ ਸਿੱਖਿਆ ਅਤੇ ਸਮਾਜ ਵਿਚ ਸਮੂਹਿਕ ਵਿਕਾਸ ਦੇ ਲਈ ਵੰਡ ਕਰਨ ਦੇ ਪ੍ਰਸੰਗ ਵਿਚ ਠੋਸ ਸੁਝਾਅ ਵੀ ਦਿੱਤੇ। ਉਨ੍ਹਾਂ ਸੋਲਰ ਪੈਨਲ ਦੀ ਅਨੁਦਾਨ ਪ੍ਰਣਾਲੀ ਨੂੰ ਕਿਸਾਨਾਂ ਦੇ ਘੱਟਦੇ ਮਾਲਕੀ ਖੇਤਰ ਲਈ ਯੋਗ ਦੱਸਿਆ। ਉਨਾਂ ਕਿਹਾ ਕਿ ਅਸੀਂ ਕੀ ਪੜ੍ਹਾ ਰਹੇ ਹਾਂ, ਤੇ ਕੀ ਸਿੱਖਾ ਰਹੇ ਹਾਂ, ਇਹ ਵੀ ਮਹੱਤਵਪੂਰਨ ਹੈ।
ਕਰਨਲ ਜਸਜੀਤ ਸਿੰਘ ਗਿੱਲ ਹੁਰਾਂ ਪਬਲਿਕ ਮੋਨੀਟਰਿੰਗ ਦੀ ਕਮੀ ਨੂੰ ਜ਼ੋਰ ਨਾਲ ਉਭਾਰਿਆ। ਉਨ੍ਹਾਂ ਦੱਸਿਆ ਕਿ 12 ਫੁੱਟ ਉੱਤੇ ਸੋਲਰ ਪੈਨਲ ਲਗਾ ਕੇ ਵੀ ਖੇਤੀ ਹੋ ਸਕਦੀ ਹੈ। ਫਸਲੀ ਵਿਭਿੰਨਤਾ ਬਾਰੇ ਉਨ੍ਹਾਂ ਕਿਹਾ ਕਿ ਖੇਤੀ ਖੋਜ ਨਿਰਦੇਸ਼ਕ ਨਹਿਰੀ ਪਾਣੀ ਮਿਲਣ ਤੇ ਹੀ ਚਾਵਲ ਦੀ ਖੇਤੀ ਕਰਨ ਨੂੰ ਕਹਿੰਦੇ ਹਨ। ਉਨ੍ਹਾਂ ਵਾਤਾਵਰਣ ਦੀ ਸਮੱਸਿਆ ਦੇ ਕਈ ਹੋਰ ਪੱਖ ਵੀ ਉਭਾਰੇ।
ਡਾ. ਬਲਵਿੰਦਰਪਾਲ ਸਿੰਘ, ਸਾਬਕਾ ਮੁਖੀ ਅਰਥ ਸ਼ਾਸਤਰ ਵਿਭਾਗ, ਗੁਰੂ ਹਰਗੋਬਿੰਦ ਸਾਹਿਬ ਖਾਲਸਾ ਕਾਲਜ, ਗੁਰੂਸਰ ਸੁਧਾਰ ਹੁਰਾਂ ਬੱਜਟ ਵਿੱਚ ਪੰਜਾਬ ਦੇ ਸੈਰ-ਸਪਾਟਾ ਦੀਆਂ ਦਿੱਤੀਆਂ ਸਹੂਲਤਾਂ ਦਾ ਜਿਕਰ ਕਰਦਿਆਂ ਦੱਸਿਆ ਕਿ ਅੱਜ ਲੋੜ ਹੈ ਪੰਜਾਬ ਦੇ ਅਮੀਰ ਵਿਰਸੇ ਨੂੰ ਪੰਜਾਬ ਤੋਂ ਬਾਹਰ ਵਿਦੇਸ਼ਾਂ ਵਿਚ ਵੱਸਦਿਆਂ ਨੂੰ ਜਾਣਕਾਰੀ ਦੇਣ ਦੀ ਅਤੇ ਉਨ੍ਹਾਂ ਨੂੰ ਪੰਜਾਬ ਦੇ ਅਮੀਰ ਵਿਰਸੇ ਪ੍ਰਤੀ ਆਕਰਸ਼ਤ ਕਰਨ ਲਈ ,ਪੰਜਾਬ ਸਰਕਾਰ ਧਾਰਮਿਕ ਅਤੇ ਪੇਂਡੂ ਸੈਰ-ਸਪਾਟਾ ਅਧੀਨ ਕਈ ਹੋਰ ਸਥਾਨਾਂ ਦੇ ਦਰਸ਼ਨਾਂ ਲਈ ਪ੍ਰਵਾਸੀਆਂ ਨੂੰ ਆਕਰਸ਼ਿਤ ਕਰਨ ਲਈ ਮਿਸ਼ਨ ਮੋਡ ਵਿੱਚ ਆਉਣਾ ਚਾਹੀਦਾ ਹੈ।
ਸ. ਜਸਕੀਰਤ ਸਿੰਘ, ਸਮਾਜਿਕ ਵਾਤਾਵਰਣ ਰੱਖਿਅਕ ਲਹਿਰ ਦੇ ਮੋਢੀ ਹੁਰਾਂ ਲੋਕਾਂ ਦੀ ਸ਼ਕਤੀ ਨੂੰ ਉਭਾਰਨ ਲਈ ਕਿਹਾ। ਸ. ਮਹਿੰਦਰ ਸਿੰਘ ਹੁਰਾਂ ਭਾਸ਼ਾ ਦਾ ਮੁੱਦਾ ਉਭਾਰਿਆ। ਡਾ. ਪੂਰਨ ਸਿੰਘ ਨੇ ਪ੍ਰਧਾਨਗੀ ਭਾਸ਼ਨ ਦਿੰਦੇ ਹੋਏ ਸਭਨਾ ਬੁਲਾਰਿਆਂ ਦਾ ਧੰਨਵਾਦ ਕੀਤਾ ਅਤੇ ਸਾਰੇ ਸੁਝਾਵਾਂ ਤੇ ਮੁਲਾਂਕਣ ਦੀ ਸ਼ਲਾਘਾ ਕਰਦਿਆਂ ਆਪਣੇ ਵਿਚਾਰਾਂ ਦਾ ਵਰਨਣ ਵੀ ਕੀਤਾ।
ਜਨਰਲ ਸਕੱਤਰ ਸ. ਜਸਪਾਲ ਸਿੰਘ ਹੁਰਾਂ ਪੰਜਾਬ ਬੱਜਟ ਅਤੇ ਆਦਰਸ਼ਕ ਬੱਜਟ ਸੰਭਾਵਨਾਵਾਂ ਬਾਰੇ ਆਏ ਵਿਚਾਰਾਂ ਨੂੰ ਰਚਨਾਤਮਕ ਦੱਸਿਆ । ਇਸ ਸਮੇਂ ਹਾਜ਼ਰ ਸਰੋਤਿਆਂ ਵਿੱਚ ਹੋਰਨਾਂ ਤੋਂ ਇਲਾਵਾ ਗੁਰਜਿੰਦਰ ਸਿੰਘ, ਡਾ. ਬਲਵਿੰਦਰਪਾਲ ਸਿੰਘ, ਜਸਪਾਲ ਸਿੰਘ ਆਦਿ ਵੀ ਸ਼ਾਮਲ ਸਨ I ਕੇਂਦਰ ਵੱਲੋਂ ਬੁਲਾਰਿਆਂ ਨੂੰ ਪੁਸਤਕਾਂ ਦੇ ਸੈੱਟ ਦੇ ਕੇ ਸਨਮਾਨਿਤ ਵੀ ਕੀਤਾ ਗਿਆ।