ਡੀਐਸਪੀ ਬਰਾੜ ਦੀ ਅਗਵਾਈ ਚ, ਪਹੁੰਚੀ ਪੁਲਿਸ, ਹਾਲਤ ਤਣਾਅਪੂਰਣ
ਹਰਿੰਦਰ ਨਿੱਕਾ/ ਰਘੁਵੀਰ ਹੈਪੀ ਬਰਨਾਲਾ 24 ਜੂਨ 2020
ਕਰੀਬ ਡੇਢ ਕੁ ਏਕੜ ਜਮੀਨ ਦੇ ਮਾਲਿਕ ਕਿਸਾਨ ਬਲਵਿੰਦਰ ਸਿੰਘ ਰਾਜੂ ਨਿਵਾਸੀ ਸੰਧੂ ਪੱਤੀ ਨੇ ਮੰਗਲਵਾਰ ਦੇਰ ਰਾਤ ਕਰਜੇ ਤੋਂ ਤੰਗ ਆ ਕੇ ਆਤਮ ਹੱਤਿਆ ਕਰ ਲਈ। ਉੱਧਰ ਸਿਵਲ ਹਸਪਤਾਲ ਵੱਲੋਂ ਪੋਸਟਮਾਰਟਮ ਕਰਨ ਚ, ਕੀਤੀ ਜਾ ਰਹੀ ਦੇਰੀ ਤੋਂ ਭੜ੍ਹਕੇ ਲੋਕਾਂ ਨੇ ਸਿਵਲ ਹਸਪਤਾਲ ਦੇ ਬਾਹਰ ਸੜ੍ਹਕ ਤੇ ਧਰਨਾ ਲਾ ਕੇ ਹਸਪਤਾਲ ਪ੍ਰਸ਼ਾਸ਼ਨ ਤੇ ਪੁਲਿਸ ਦੇ ਖਿਲਾਫ ਨਾਰੇਬਾਜ਼ੀ ਸ਼ੁਰੂ ਕਰ ਦਿੱਤੀ। ਮਾਹੌਲ ਤਣਾਅ ਪੂਰਣ ਹੋਣ ਦੇ ਡੀਐਸਪੀ ਬਲਜੀਤ ਸਿੰਘ ਬਰਾੜ ਵੱਡੀ ਗਿਣਤੀ ਚ ਪੁਲਿਸ ਫੋਰਸ ਸਮੇਤ ਹਸਪਤਾਲ ਚ, ਪਹੁੰਚ ਗਏ। ਲੋਕਾਂ ਦੇ ਰੋਹ ਨੂੰ ਵੇਖਦਿਆਂ ਹਸਪਤਾਲ ਨੂੰ ਜਾਣ ਵਾਲੇ ਸਾਰੇ ਗੇਟ ਬੰਦ ਕਰ ਦਿੱਤੇ ਗਏ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਿਤਾ ਭਰਪੂਰ ਸਿੰਘ ਨੇ ਦੱਸਿਆ ਕਿ ਉਸ ਦੇ ਪੁੱਤਰ ਬਲਵਿੰਦਰ ਰਾਜੂ ਦੇ ਸਿਰ ਆੜਤੀ ਤੇ ਬੈਂਕਾਂ ਦਾ ਕਰੀਬ 5/7 ਲੱਖ ਰੁਪਏ ਕਰਜ਼ਾ ਸੀ। ਜਿਸ ਕਾਰਣ ਉਹ ਕਾਫੀ ਚਿਰ ਤੋਂ ਪਰੇਸ਼ਾਨ ਰਹਿੰਦਾ ਸੀ। ਮੰਗਲਵਾਰ ਦੇਰ ਰਾਤ ਉਸ ਨੇ ਕੋਈ ਜਹਿਰੀਲੀ ਚੀਜ ਖਾ ਕੇ ਆਤਮ ਹੱਤਿਆ ਕਰ ਲਈ। ਇਹ ਪਤਾ ਲੱਗਦਿਆਂ ਹੀ ਉਸਨੂੰ ਹਸਪਤਾਲ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਉਸ ਦੀ ਮੌਤ ਹੋ ਜਾਣ ਦੀ ਪੁਸ਼ਟੀ ਕੀਤੀ। ਉਨ੍ਹਾਂ ਕਿਹਾ ਕਿ ਬੁੱਧਵਾਰ ਦਾ ਪੂਰਾ ਦਿਨ ਲੰਘ ਜਾਣ ਤੇ ਵੀ ਹਸਪਤਾਲ ਦੇ ਡਾਕਟਰਾਂ ਨੇ ਪੋਸਟਮਾਰਟਮ ਨਹੀਂ ਕੀਤਾ। ਸਿਵਲ ਹਸਪਤਾਲ ਦੇ ਐਸਐਮਉ ਡਾਕਟਰ ਜੋਤੀ ਕੌਸ਼ਲ ਨੇ ਦੱਸਿਆ ਕਿ ਮੌਤ ਸ਼ੱਕੀ ਹਾਲਤਾਂ ਚ, ਹੋਣ ਕਾਰਣ ਪੋਸਟਮਾਰਟ ਲਈ ਫੋਰੈਂਸਿਕ ਮਾਹਿਰ ਦੀ ਜਰੂਰਤ ਹੈ। ਜੋ ਬਰਨਾਲਾ ਹਸਪਤਾਲ ਚ, ਨਾ ਹੋਣ ਕਾਰਣ ਸੰਗਰੂਰ ਜਾਂ ਪਟਿਆਲਾ ਤੋਂ ਮੰਗਵਾਇਆ ਜਾਂਦਾ ਹੈ। ਫੋਰੈਂਸਿਕ ਮਾਹਿਰ ਉਪਲੱਭਧ ਨਾ ਹੋਣ ਕਾਰਣ ਪੋਸਟਮਾਰਟਮ ਕਰਨਾ ਫਿਲਹਾਲ ਅਸੰਭਵ ਹੈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਦੀ ਪ੍ਰਕ੍ਰਿਆ ਪੂਰੀ ਹੋਣ ਤੋਂ ਬਿਨਾਂ ਨਿਯਮਾਂ ਮੁਤਾਬਿਕ ਮ੍ਰਿਤਕ ਦੇਹ ਵਾਰਿਸਾਂ ਨੂੰ ਨਹੀਂ ਦਿੱਤੀ ਜਾ ਸਕਦੀ। ਡੀਐਸਪੀ ਬਰਾੜ ਨੇ ਕਿਹਾ ਕਿ ਉਹ ਸਿਹਤ ਵਿਭਾਗ ਦੇ ਅਧਿਕਾਰੀਆਂ ਤੇ ਲੋਕਾਂ ਨਾਲ ਗੱਲਬਾਤ ਕਰ ਰਹੇ ਹਨ। ਛੇਤੀ ਹੀ ਸਮੱਸਿਆ ਦਾ ਹੱਲ ਕੱਢ ਲਿਆ ਜਾਵੇਗਾ। ਉੱਧਰ ਭੜ੍ਹਕੇ ਲੋਕਾਂ ਨੇ ਐਸਐਮਉ ਦੇ ਦਫਤਰ ਨੂੰ ਬਾਹਰੋਂ ਜਿੰਦਾ ਲਾ ਕੇ ਉਨ੍ਹਾਂ ਨੂੰ ਬੰਧਕ ਬਣਾ ਲੈਣ ਤੋਂ ਬਾਅਦ ਹਾਲਤ ਕਾਫੀ ਤਣਾਅਪੂਰਣ ਬਣ ਚੁੱਕੇ ਹਨ।