ਡੈਡਬੌਡੀ ਫਿਰ ਕਬਜ਼ੇ ਚ, ਲੈਣ ਲਈ ਮ੍ਰਿਤਕ ਦੇ ਘਰ ਪਹੁੰਚੀ ਪੁਲਿਸ
ਐਸਐਮਉ ਨੇ ਕਿਹਾ, ਪੁਲਿਸ ਨੂੰ ਦਿੱਤੀ ਸੂਚਨਾ, ਹੁਣ ਡੈਡਬੌਡੀ ਲੈ ਕੇ ਆਉਣਾ ਪੁਲਿਸ ਦੀ ਜਿੰਮੇਵਾਰੀ
ਹਰਿੰਦਰ ਨਿੱਕਾ/ ਰਘੁਵੀਰ ਹੈਪੀ ਬਰਨਾਲਾ 24 ਜੂਨ 2020
ਇਸ ਨੂੰ ਪੁਲਿਸ ਦੀ ਲਾਪਰਵਾਹੀ ਸਮਝੋ ਜਾਂ ਫਿਰ ਲੋਕਾਂ ਦਾ ਰੋਹ, ਬੁੱਧਵਾਰ ਦੇਰ ਸ਼ਾਮ ਨੂੰ ਸਿਵਲ ਹਸਪਤਾਲ ਅੰਦਰ ਵੱਡੀ ਗਿਣਤੀ ਚ, ਤਾਇਨਾਤ ਪੁਲਿਸ ਦੀ ਹਾਜ਼ਰੀ ਵਿੱਚ ਹੀ ਲੋਕ ਮੌਰਚਰੀ ਦਾ ਜਿੰਦਾ ਤੋੜ ਕੇ ਡੈਡਬੌਡੀ ਗੱਡੀ ਚ, ਲੈ ਕੇ ਭੱਜ ਗਏ। ਪੁਲਿਸ ਦੇ ਆਲ੍ਹਾ ਅਧਿਕਾਰੀ ਡੈਡਬੌਡੀ ਨੂੰ ਫਿਰ ਹਸਪਤਾਲ ਚ, ਲੈ ਕੇ ਆਉਣ ਲਈ ਮ੍ਰਿਤਕ ਦੇ ਘਰ ਪਹੁੰਚ ਗਏ। ਖਬਰ ਲਿਖੇ ਜਾਣ ਤੱਕ ਪੁਲਿਸ ਡੈਡਬੌਡੀ ਲੈ ਕੇ ਆਉਣ ਲਈ ਜੱਦੋਜਹਿਦ ਕਰ ਰਹੀ ਹੈ। ਵਰਣਨਯੋਗ ਹੈ ਕਿ ਮੰਗਲਵਾਰ ਦੇਰ ਰਾਤ ਸੰਧੂ ਪੱਤੀ ਖੇਤਰ ਦੇ ਰਹਿਣ ਵਾਲੇ ਕਿਸਾਨ ਬਲਵਿੰਦਰ ਸਿੰਘ ਰਾਜੂ ਨੇ ਕਰਜ਼ੇ ਤੋਂ ਤੰਗ ਆ ਕੇ ਕੋਈ ਜਹਿਰੀਲੀ ਚੀਜ ਖਾ ਕੇ ਕਥਿਤ ਤੌਰ ਤੇ ਆਤਮ ਹੱਤਿਆ ਕਰ ਲਈ ਸੀ। ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਉਣ ਲਈ ਦੇਹ ਨੂੰ ਹਸਪਤਾਲ ਦੀ ਮੌਰਚਰੀ ਚ, ਰੱਖਿਆ ਗਿਆ ਸੀ। ਪਰੰਤੂ ਬੁੱਧਵਾਰ ਨੂੰ ਪੂਰਾ ਦਿਨ ਪੋਸਟਮਾਰਟਮ ਨਾ ਹੋਣ ਕਰਕੇ ਲੋਕਾਂ ਦਾ ਗੁੱਸਾ ਸੱਤਵੇਂ ਅਸਮਾਨ ਤੇ ਚੜ੍ਹ ਗਿਆ। ਮ੍ਰਿਤਕ ਦੇ ਪਰਿਵਾਰ ਦੇ ਮੈਂਬਰਾਂ ਨੇ ਪੋਸਟਮਾਰਟਮ ਲਈ ਹੋਰ ਇੰਤਜ਼ਾਰ ਕਰਨ ਤੋਂ ਨਾਹ ਕਰ ਦਿੱਤੀ। ਲੋਕਾਂ ਨੇ ਬਿਨਾਂ ਪੋਸਟਮਾਰਟਮ ਹੀ ਮ੍ਰਿਤਕ ਦੇਹ ਤੁਰੰਤ ਦੇ ਦੇਣ ਲਈ ਦਬਾਅ ਪਾਉਂਦੇ ਹੋਏ ਹਸਪਤਾਲ ਦਾ ਘਿਰਾਉ ਕਰ ਲਿਆ। ਇੱਥੋਂ ਤੱਕ ਕਿ ਐਸਐਮਉ ਜੋਤੀ ਕੌਸ਼ਲ ਅਤੇ ਮੈਡੀਕਲ ਬੋਰਡ ਦੇ ਡਾਕਟਰਾਂ ਨੂੰ ਭੜ੍ਹਕੇ ਲੋਕਾਂ ਨੇ ਦਫਤਰ ਅੰਦਰ ਹੀ ਜਿੰਦਾ ਲਾ ਕੇ ਬੰਦੀ ਬਣਾ ਲਿਆ। ਮੌਕੇ ਤੇ ਪਹੁੰਚੀ ਪੁਲਿਸ ਨਾ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਲੋਕਾਂ ਤੋਂ ਰਿਹਾ ਕਰਵਾ ਸਕੀ ਅਤੇ ਨਾ ਹੀ ਮੌਰਚਰੀ ਚ, ਪਈ ਮ੍ਰਿਤਕ ਦੇਹ ਦੀ ਰਾਖੀ ਕਰ ਸਕੀ। ਨਤੀਜ਼ੇ ਵੱਜੋਂ ਭੜ੍ਹਕੇ ਹੋਏ ਲੋਕ ਪੁਲਿਸ ਪ੍ਰਬੰਧਾਂ ਦਾ ਮੂੰਹ ਚਿੜਾਉਂਦੇ ਹੋਏ ਮੌਰਚਰੀ ਦਾ ਜਿੰਦਾ ਤੋੜ ਕੇ ਮ੍ਰਿਤਕ ਦੇਹ ਲੈ ਕੇ ਭੱਜ ਨਿੱਕਲੇ।
ਪੁਲਿਸ ਮ੍ਰਿਤਕ ਦੇਹ ਲੈਣ ਲਈ, ਮ੍ਰਿਤਕ ਦੇ ਘਰ ਤੱਕ ਪਹੁੰਚ ਗਈ। ਪੁਲਿਸ ਦੇ ਅਧਿਕਾਰੀ ਮ੍ਰਿਤਕ ਦੇ ਪਰਿਵਿਰਕ ਮੈਂਬਰਾਂ ਨੂੰ ਦੇਹ ਦੇ ਦੇਣ ਲਈ ਮਨਾਉਣ ਚ, ਲੱਗੇ ਹੋਏ ਹਨ। ਉੱਧਰ ਐਸਐਮਉ ਜੋਤੀ ਕੌਸ਼ਲ ਨੇ ਕਿਹਾ ਕਿ ਉਨ੍ਹਾਂ ਨੂੰ ਮ੍ਰਿਤਕ ਦੇ ਪਰਿਵਾਰ ਨਾਲ ਪੂਰੀ ਹਮਦਰਦੀ ਹੈ, ਪਰ ਉਹ ਵੀ ਕਾਨੂੰਨ ਦੇ ਦਾਇਰੇ ਚ, ਬੱਝੇ ਹੋਏ ਹਨ। ਉਨ੍ਹਾਂ ਲੋਕਾਂ ਵੱਲੋਂ ਉਨ੍ਹਾਂ ਸਮੇਤ ਹੋਰ ਡਾਕਟਰਾਂ ਨੂੰ ਬੰਦੀ ਬਣਾਏ ਜਾਣ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਪੂਰੇ ਘਟਨਾਕ੍ਰਮ ਦੀ ਸੂਚਨਾ ਵਿਭਾਗ ਦੇ ਆਲ੍ਹਾ ਅਧਿਕਾਰੀਆਂ ਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਵੀ ਦੇ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਡਾਕਟਰਾਂ ਚ, ਇਸ ਘਟਨਾ ਤੋਂ ਬਾਅਦ ਆਪਣੀ ਸੁਰੱਖਿਆਂ ਨੂੰ ਲੈ ਕੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
-ਲੋਕਾਂ ਨੂੰ ਬਹੁਤ ਸਮਝਾਇਆ ਪਰ ਨਹੀਂ ਮੰਨੇ- ਡਾਕਟਰ ਕੌਸ਼ਲ
ਐਸਐਮਉ ਡਾਕਟਰ ਜੋਤੀ ਕੌਸ਼ਲ ਨੇ ਕਿਹਾ ਕਿ ਬਲਵਿੰਦਰ ਸਿੰਘ ਦੀ ਮੌਤ ਦੇ ਪੋਸਟ ਮਾਰਟਮ ਲਈ ਪੁਲਿਸ ਨੇ ਬਾਅਦ ਦੁਪਹਿਰ ਕਰੀਬ 3 ਵਜੇ ਕਾਗਜ ਪੇਸ਼ ਕੀਤੇ। ਪਰੰਤੂ ਸ਼ੱਕੀ ਹਾਲਤ ਚ, ਮੌਤ ਹੋਣ ਕਾਰਣ ਮੈਡੀਕਲ ਬੋਰਡ ਕਾਇਮ ਕੀਤਾ ਗਿਆ ਸੀ। ਬੋਰਡ ਦੇ ਮੈਂਬਰਾਂ ਵੱਲੋਂ ਪੋਸਟਮਾਰਟਮ ਲਈ ਫੋਰੈਂਸਿਕ ਮਾਹਿਰ ਨੂੰ ਬੋਰਡ ਚ, ਸ਼ਾਮਿਲ ਕਰਨ ਲਈ ਕਿਹਾ ਗਿਆ। ਜਿਸ ਤੋਂ ਬਾਅਦ ਫੋਰੈਂਸਿਕ ਮਾਹਿਰ ਨੂੰ ਬੁਲਾਉਣ ਲਈ ਲਿਖਿਆ ਗਿਆ। ਫੋਰੈਂਸਿਕ ਮਾਹਿਰ ਨੂੰ ਵੀਰਵਾਰ ਸਵੇਰੇ 9 ਵਜੇ ਭੇਜਣ ਲਈ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਵਾਰਿਸਾਂ ਨੂੰ ਦਿਨ ਸਮੇਂ ਪੋਸਟਮਾਰਟਮ ਰਜਿੰਦਰਾ ਹਸਪਤਾਲ ਚੋਂ ਕਰਵਾਉਣ ਲਈ ਰੈਫਰ ਕਰਨ ਲਈ ਕਿਹਾ ਗਿਆ ਸੀ। ਪਰ ਉਹ ਨਹੀਂ ਮੰਨੇ, ਨਾ ਹੀ ਉਹ ਵੀਰਵਾਰ ਤੱਕ ਇੰਤਜਾਰ ਕਰਨ ਲਈ ਸਹਿਮਤ ਹੋਏ। ਬੱਸ ਇੱਕੋ ਗੱਲ ਦੀ ਜਿੱਦ ਫੜ੍ਹੀ ਰੱਖੀ ਕਿ ਉਹ ਅੱਜ ਹੀ ਮ੍ਰਿਤਕ ਦੇਹ ਲੈ ਕੇ ਜਾਣਗੇ। ਪਰ ਅਜਿਹਾ ਕਰਨਾ ਸੰਭਵ ਨਹੀਂ ਹੈ।