ਨੌਕਰ ਨਾਲ ਗੰਢਤੁੱਪ ਕਰਕੇ 6 ਮਹੀਨੇ ਤੋਂ ਚੋਰੀ ਕਰਨ ਦਾ ਖੁੱਲ੍ਹਿਆ ਭੇਦ
ਚੋਰੀ ਦਾ ਸਮਾਨ ਖਰੀਦਣ ਵਾਲੇ ਦੁਕਾਨਦਾਰ ਸਣੇ ਪੁਲਿਸ ਨੇ ਹਿਰਾਸਤ ਚ, ਲਏ 4 ਜਣੇ
ਹਰਿੰਦਰ ਨਿੱਕਾ ਬਰਨਾਲਾ 24 ਜੂਨ 2020
ਸ਼ਹਿਰ ਦੀ ਪ੍ਰਸਿੱਧ ,,ਭਾਈਆਂ ਦੀ ਹੱਟੀ,, ਦੇ ਗੋਦਾਮ ਵਿੱਚੋਂ ਲਗਾਤਾਰ 6 ਮਹੀਨਿਆਂ ਤੋਂ ਚੋਰੀ ਹੋ ਰਹੀ ਸਟੇਸ਼ਨਰੀ ਕੱਚਾ ਕਾਲਜ ਰੋਡ ਤੇ ਸਥਿੱਤ ਇੱਕ ਹੋਰ ਸਟੇਸ਼ਨਰੀ ਦੀ ਦੁਕਾਨ ਤੋਂ ਪੁਲਿਸ ਨੇ ਬਰਾਮਦ ਕਰ ਲਈ। ਪੁਲਿਸ ਨੇ ਚੋਰੀ ਦੇ ਸਬੰਧ ਚ, ਪੁੱਛਗਿੱਛ ਕਰਨ ਲਈ ਚੋਰੀ ਦਾ ਸਮਾਨ ਖਰੀਦਣ ਵਾਲੇ ਦੁਕਾਨਦਾਰ, ਭਾਈਆਂ ਦੀ ਹੱਟੀ ਤੇ ਕੰਮ ਕਰਦੇ ਮੌਜੂਦਾ ਇੱਕ ਨੌਕਰ ਤੇ 2 ਹੋਰ ਪੁਰਾਣੇ ਨੌਕਰਾਂ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਹੈ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਭਾਈਆਂ ਦੀ ਹੱਟੀ,,ਦੇ ਮਾਲਿਕ ਤਰਸੇਮ ਲਾਲ ਨੇ ਦੱਸਿਆ ਕਿ ਉਨ੍ਹਾਂ ਦੇ ਜੰਡਾ ਵਾਲਾ ਰੋਡ ਤੇ ਸਥਿਤ ਨਗਰ ਸੁਧਾਰ ਟਰੱਸਟ ਦੀ ਮਾਰਕੀਟ ਚ, ਬਣਾਏ ਗੋਦਾਮ ਵਿੱਚੋਂ ਕਰੀਬ 6 ਮਹੀਨਿਆਂ ਤੋਂ ਲੱਖਾਂ ਰੁਪਏ ਦੀ ਸਟੇਸ਼ਨਰੀ ਚੋਰੀ ਹੋ ਚੁੱਕੀ ਸੀ। ਉਹ ਇਸ ਦੀ ਆਪਣੇ ਪੱਧਰ ਤੇ ਹੀ ਪੜਤਾਲ ਕਰਨ ਚ, ਲੱਗਿਆ ਹੋਇਆ ਸੀ। ਆਖਿਰ ਉਸ ਨੂੰ ਪੁਲਿਸ ਦੀ ਮੱਦਦ ਨਾਲ ਇੱਕ ਹੋਰ ਸਟੇਸ਼ਨਰੀ ਦੀ ਦੁਕਾਨ ਤੋਂ ਬੁੱਧਵਾਰ ਨੂੰ ਚੋਰੀ ਹੋਇਆ ਸਮਾਨ ਬਰਾਮਦ ਕਰਵਾਉਣ ਚ, ਸਫਲਤਾ ਮਿਲ ਹੀ ਗਈ।
-ਕਿਵੇਂ ਮਿਲਿਆ ਚੋਰੀ ਦਾ ਸੁਰਾਗ
ਤਰਸੇਮ ਲਾਲ ਨੇ ਦੱਸਿਆ ਕਿ ਉਹ ਕਾਗਜਾਂ ਦੇ ਰਿੰਮ ਥੋਕ ਚ, ਵੇਚਣ ਦਾ ਕੰਮ ਵੀ ਕਰਦਾ ਹੈ। ਕੁਝ ਸਮੇਂ ਤੋਂ ਗ੍ਰਾਹਕ ਉਸਨੂੰ ਆ ਕੇ ਦੱਸਦੇ ਸਨ, ਕਿ ਬਿਲਕੁਲ ਉਨ੍ਹਾਂ ਵਾਲੀ ਕੰਪਨੀ ਦੇ ਰਿੰਮ ਸ਼ਹਿਰ ਦੀ ਹੋਰ ਦੁਕਾਨ ਤੋਂ 60 ਰੁਪਏ ਪ੍ਰਤੀ ਰਿੰਮ ਸਸਤਾ ਮਿਲਦੇ ਹਨ । ਇਹ ਗੱਲ ਉਨ੍ਹਾਂ ਕੰਪਨੀ ਵਾਲਿਆਂ ਨਾਲ ਵੀ ਸਾਂਝੀ ਕੀਤੀ। ਆਖਿਰ ਉਹ ਅੱਜ ਖੁਦ ਹੀ ਕੱਚਾ ਕਾਲਜ ਰੋਡ ਤੇ ਸਥਿਤ ਗਰਗ ਸਟੇਸ਼ਨਰੀ ਸਟੋਰ ਤੇ ਆਪਣੀ ਪਹਿਚਾਣ ਛੁਪਾ ਕੇ ਚਲਾ ਗਿਆ। ਦੁਕਾਨਦਾਰ ਨੇ ਜਦੋਂ ਉਸ ਦੇ ਹੱਥ ਚ, ਫੜ੍ਹੇ ਰਿੰਮ ਦਾ ਰੇਟ ਪੁੱਛਿਆ ਤਾਂ ਮੈਂ ਉਸਨੂੰ ਮਾਰਕਿਟ ਰੇਟ 180 ਰੁਪਏ ਦੱਸ ਦਿੱਤਾ। ਪਰੰਤੂ ਉਸ ਨੇ ਝੱਟ ਕਹਿ ਦਿੱਤਾ ਕਿ ਉਹ ਇਹੋ ਰਿੰਮ 120 ਰੁਪਏ ਚ, ਦੇ ਸਕਦਾ ਹੈ। ਬਹਾਨੇ ਨਾਲ ਉਸ ਨੇ ਦੁਕਾਨਦਾਰ ਦੇ ਅੰਦਰ ਜਾ ਕੇ ਹੋਰ ਪਿਆ ਮਾਲ ਵੀ ਵੇਖ ਲਿਆ। ਉਸ ਨੂੰ ਸ਼ੱਕ ਹੋਇਆ ਕਿ ਇਹ ਸਮਾਨ ਸਾਡੀ ਦੁਕਾਨ ਦੇ ਨੌਕਰ ਨਾਲ ਗੰਢਤੁੱਪ ਕਰਕੇ ਹੀ ਚੋਰੀ ਕੀਤਾ ਗਿਆ ਹੈ। ਇਸ ਲਈ ਹੀ ਉਹ ਕੰਪਨੀ ਦੇ ਖਰੀਦ ਰੇਟ ਤੋਂ ਵੀ ਘੱਟ ਰੇਟ ਤੇ ਰਿੰਮ ਵੇਚ ਰਿਹਾ ਹੈ। ਪੁਲਿਸ ਟੀਮ ਨੇ ਸਾਡੀ ਦੁਕਾਨ ਤੇ ਕੰਮ ਕਰਦੇ ਨੌਕਰ ਸਿਮਰਨ ਨੂੰ ਜਿਉਂ ਹੀ ਪੁੱਛਗਿੱਛ ਲਈ ਹਿਰਾਸਤ ਚ, ਲਿਆ ਤਾਂ ਉਸ ਨੇ ਸੱਚ ਉਗਲਣ ਚ, ਬਹੁਤੀ ਦੇਰ ਨਹੀਂ ਲਾਈ। ਉਸ ਨੇ ਇੰਕਸ਼ਾਫ ਕੀਤਾ ਕਿ ਉਹ ਦੁਕਾਨ ਤੋਂ ਕੁਝ ਸਮਾਂ ਪਹਿਲਾਂ ਹਟਾਏ ਨੌਕਰ ਹਰਸ਼ ਨਿਵਾਸੀ ਸੰਤਾ ਵਾਲੀ ਗਲੀ ਅਤੇ ਨਵਜੋਤ ਜੋਤੀ ਨਿਵਾਸੀ ਪਿੰਡ ਨਾਈਵਾਲਾ ਨਾਲ ਮਿਲ ਕੇ ਕਰੀਬ 6 ਮਹੀਨਿਆਂ ਤੋਂ ਸਟੇਸ਼ਨਰੀ ਚੋਰੀ ਕਰਕੇ ਗਰਗ ਸਟੇਸ਼ਨਰੀ ਸਟੋਰ ਵਾਲੇ ਨੂੰ ਵੇਚ ਰਹੇ ਹਨ। ਪੁਲਿਸ ਨੇ ਹਿਰਾਸਤ ਚ, ਲਏ ਤਿੰਨੋ ਵਿਅਕਤੀਆਂ ਨੂੰ ਨਾਲ ਲੈ ਕੇ ਉਕਤ ਸਟੋਰ ਤੇ ਛਾਪਾ ਮਾਰਿਆ ਤੇ ਚੋਰੀ ਕੀਤੇ ਰਿੰਮ, ਪੈਨ, ਕਾਪੀਆਂ ਤੇ ਰਜਿਸ਼ਟਰ ਆਦਿ ਸਮਾਨ ਬਰਾਮਦ ਕਰ ਲਿਆ। ਉਨ੍ਹਾਂ ਪੁਲਿਸ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਚੋਰੀ ਕਰਨ ਵਾਲੇ ਤਿੰਨ ਨੌਕਰਾਂ ਅਤੇ ਚੋਰੀ ਦਾ ਸਮਾਨ ਖਰੀਦਣ ਵਾਲੇ ਦੁਕਾਨਦਾਰ ਦੇ ਖਿਲਾਫ ਕੇਸ ਦਰਜ਼ ਕਰਕੇ ਹੋਰ ਬਰਾਮਦਗੀ ਕਰਵਾਉਣੀ ਚਾਹੀਦੀ ਹੈ।
-ਪੜਤਾਲ ਜਾਰੀ, ਦੋਸ਼ੀਆਂ ਖਿਲਾਫ ਹੋਵੇਗੀ ਸਖਤ ਕਾਰਵਾਈ- ਡੀਐਸਪੀ ਬਰਾੜ
ਡੀਐਸਪੀ ਬਲਜੀਤ ਸਿੰਘ ਬਰਾੜ ਨੇ ਦੱਸਿਆ ਕਿ ਪੁਲਿਸ ਚੋਰੀ ਦੇ ਇਸ ਮਾਮਲੇ ਸਬੰਧੀ ਪੁੱਛਗਿਛ ਲਈ ਹਿਰਾਸਤ ਚ, ਲਏ ਬੰਦਿਆਂ ਤੋਂ ਡੂੰਘਾਈ ਨਾਲ ਪੜਤਾਲ ਕਰ ਰਹੀ ਹੈ। ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ।