ਕਰਮ ਸੁਖਵੀਰ ਸਿੰਘ ਲਹਿਲ ਅਤੇ ਇੰਦਰਵੀਰ ਸਿੰਘ ਗਰੇਵਾਲ ਦੀ ਜਮਾਨਤ ਤੇ ਅੱਜ ਹੋਵੇਗੀ ਸੁਣਵਾਈ
ਹਰਿੰਦਰ ਨਿੱਕਾ ਬਰਨਾਲਾ 25 ਜੂਨ 2020
ਗਾਇਕ ਸਿੱਧੂ ਮੂਸੇਵਾਲਾ ਵੱਲੋਂ ਬਡਬਰ ਦੀ ਰਾਈਫਲ ਰੇਂਜ ਚ, ਲੌਕਡਾਉਨ ਦੌਰਾਨ ਏ.ਕੇ. 47 ਅਸਾਲਟ ਨਾਲ ਕੀਤੀ ਫਾਇਰਿੰਗ ਦੇ ਕੇਸ ਚ, ਨਾਮਜਦ 2 ਦੋਸ਼ੀਆਂ ਕਰਮ ਸੁਖਵੀਰ ਸਿੰਘ ਲਹਿਲ ਅਤੇ ਇੰਦਰਵੀਰ ਸਿੰਘ ਗਰੇਵਾਲ ਦੀ ਅਗਾਊਂ ਜਮਾਨਤ ਤੇ ਅੱਜ ਸੁਣਵਾਈ ਹੋਵੇਗੀ। ਉਕਤ ਦੋਵਾਂ ਨਾਮਜ਼ਦ ਦੋਸ਼ੀਆਂ ਨੇ ਕ੍ਰਮਾਨੁਸਾਰ ਐਡਵੋਕੇਟ ਗੁਰਤੇਜ਼ ਸਿੰਘ ਗਰੇਵਾਲ ਅਤੇ ਐਡਵੋਕੇਟ ਯੋਗੇਸ਼ ਗੁਪਤਾ ਰਾਹੀਂ 17 ਜੂਨ ਨੂੰ ਐਡੀਸ਼ਨਲ ਸ਼ੈਸ਼ਨ ਜੱਜ਼ ਬਰਜਿੰਦਰ ਪਾਲ ਸਿੰਘ ਦੀ ਅਦਾਲਤ ਚ, ਐਂਟੀਸਪੇਟਰੀ ਜਮਾਨਤ ਲਈ ਅਰਜੀਆਂ ਦਾਇਰ ਕੀਤੀਆ ਸਨ। ਜਿਨ੍ਹਾਂ ਤੇ ਸੁਣਵਾਈ ਲਈ ਅਦਾਲਤ ਨੇ 23 ਜੂਨ ਦੀ ਤਾਰੀਖ ਪੇਸ਼ੀ ਮੁਕਰਰ ਕਰਕੇ ਪੁਲਿਸ ਨੂੰ ਅਦਾਲਤ ਚ, ਰਿਕਾਰਡ ਲੈ ਕੇ ਆਉਣ ਲਈ ਤਲਬ ਕੀਤਾ ਗਿਆ ਸੀ। ਪਰੰਤੂ ਜਾਂਚ ਅਧਿਕਾਰੀ ਦੇ ਖੁਦ ਪੇਸ਼ ਨਾ ਹੋਣ ਕਾਰਣ ਐਡੀਸ਼ਨਲ ਜਿਲ੍ਹਾ ਤੇ ਸ਼ੈਸ਼ਨ ਜੱਜ਼ ਅਰੁਣ ਗੁਪਤਾ ਦੀ ਅਦਾਲਤ ਨੇ ਸੁਣਵਾਈ ਲਈ 25 ਜੂਨ ਤਾਰੀਖ ਦਿੱਤੀ ਸੀ। ਉੱਧਰ ਹਾਈਕੋਰਟ ਚ, ਪੀਆਈਐਲ ਦਾਇਰ ਕਰਕੇ ਸਿੱਧੂ ਮੂਸੇਵਾਲਾ ਤੇ ਉਸਦੇ ਨਾਮਜ਼ਦ ਸਹਿਦੋਸ਼ੀਆਂ ਦੀਆਂ ਮੁਸ਼ਕਿਲਾਂ ਵਧਾਉਣ ਵਾਲੇ ਐਡਵੋਕੇਟ ਰਵੀ ਜੋਸ਼ੀ ਦੀ ਤਰਫੋਂ ਐਡਵੋਕੇਟ ਆਰ ਐਸ ਰੰਧਾਵਾ ਅਤੇ ਐਡਵੋਕੇਟ ਹਰਿੰਦਰ ਸਿੰਪ ਰਾਣੂ ਵੀ ਬਹਿਸ ਚ, ਹਿੱਸਾ ਲੈਣਗੇ। ਵਰਨਣਯੋਗ ਹੈ ਕਿ ਇਸੇ ਕੇਸ ਚ, ਐਡੀਸ਼ਨਲ ਸ਼ੈਸ਼ਨ ਜੱਜ਼ ਅਰੁਣ ਗੁਪਤਾ ਦੀ ਅਦਾਲਤ ਨੇ ਨੈਸ਼ਨਲ ਸ਼ੂਟਰ ਜੰਗਸ਼ੇਰ ਸਿੰਘ ਅਤੇ ਪੰਜ ਪੁਲਿਸ ਮੁਲਾਜਿਮਾਂ ਦੀਆਂ ਅਗਾਊਂ ਜਮਾਨਤਾਂ ਦੀਆਂ ਅਰਜੀਆਂ 2 ਜੂਨ ਨੂੰ ਰੱਦ ਕਰ ਦਿੱਤੀਆਂ ਸਨ।
ਅੱਜ ਅਦਾਲਤ ਚ, ਚੱਲੂ ਸਿੱਧੂ ਮੂਸੇਵਾਲਾ ਦੀ ਫਾਇਰਿੰਗ ਦੀ ਸੀਡੀ
ਐਡੀਸ਼ਨਲ ਸ਼ੈਸ਼ਨ ਜੱਜ਼ ਅਰੁਣ ਗੁਪਤਾ ਦੀ ਅਦਾਲਤ ਨੇ 23 ਜੂਨ ਨੂੰ 2 ਜਣਿਆਂ ਦੀ ਐਂਟੀਸਪੇਟਰੀ ਤੇ ਸੁਣਵਾਈ ਦੌਰਾਨ ਕਿਹਾ ਸੀ ਕਿ ਪੁਲਿਸ ਅਦਾਲਤ ਚ, ਫਾੲਰਿੰਗ ਦੀ ਸੀਡੀ , ਕੇਸ ਦੀ ਸਟੇਟਸ ਰਿਪੋਰਟ ਅਤੇ ਕੇਸ ਨਾਲ ਸਬੰਧਿਤ ਮੁਕੰਮਲ ਫਾਈਲ ਲੈ ਕੇ ਖੁਦ ਜਾਂਚ ਅਧਿਕਾਰੀ ਪੇਸ਼ ਹੋਵੇ।
-ਕੋਤ ਅੰਤਰਜੀਤ ਸਿੰਘ ਦਾ ਬਿਆਨ ਵਧਾ ਸਕਦੈ ਮੁਸ਼ਕਿਲਾਂ !
ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਕੀਲ ਰਵੀ ਜੋਸ਼ੀ ਨੇ ਕਿਹਾ ਕਿ ਪੁਲਿਸ ਸੂਤਰਾਂ ਮੁਤਾਬਿਕ ਜਾਂਚ ਦੌਰਾਨ ਸੰਗਰੂਰ ਪੁਲਿਸ ਦੇ ਕੋਤ ਇੰਚਾਰਜ ਹੌਲਦਾਰ ਅੰਤਰਜੀਤ ਸਿੰਘ ਤੇ ਉਸ ਦੇ ਸਹਾਇਕ ਆਰਮੋਰ ਰਾਮ ਸਿੰਘ ਦੇ ਬਿਆਨਾਂ ਚ, ਕਾਫੀ ਕੁਝ ਸਾਫ ਹੋ ਚੁੱਕਾ ਹੈ। ਉਹ ਅਦਾਲਤ ਚ, ਦੋਵਾਂ ਦੇ ਬਿਆਨ ਪੜ੍ਹ ਕੇ ਸੁਣਾਉਣ ਲਈ ਕਹਿਣਗੇ। ਤਾਂਕਿ ਇਹ ਸਪੱਸ਼ਟ ਹੋ ਸਕੇ ਕਿ ਸਿੱਧੂ ਮੂਸੇਵਾਲਾ ਨਾਲ ਪੁਲਿਸ ਮੁਲਾਜਿਮ ਸਮੇਤ ਏਕੇ 47 ਅਸਾਲਟ ਕਿਸ ਦੇ ਹੁਕਮ ਤੇ ਬਡਬਰ ਲਿਆਂਦੇ ਗਏ ਸੀ। ਅਸਾਲਟ ਦੀਆਂ ਕਿਨ੍ਹੀਆਂ ਗੋਲੀਆਂ ਚੱਲੀਆਂ ਤੇ ਫਿਰ ਅਸਲਾ ਜਮ੍ਹਾਂ ਕਰਵਾਉਣ ਤੋਂ ਬਾਅਦ ਉਹ ਗੋਲੀਆਂ ਕਿਵੇਂ ਤੇ ਕਿੱਥੋਂ ਪੂਰੀਆਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਉਕਤ ਦੋਵਾਂ ਦੇ ਬਿਆਨ ਸਾਜਿਸ਼ ਚ, ਸ਼ਾਮਿਲ ਪੁਲਿਸ ਅਧਿਕਾਰੀਆਂ ਨੂੰ ਬੇਨਕਾਬ ਕਰਨ ਲਈ ਅਹਿਮ ਸਾਬਿਤ ਹੋਣਗੇ।
ਸਿੱਧੂ ਮੂਸੇਵਾਲਾ ਤੇ ਹੋਰ ਦੋਸ਼ੀਆਂ ਦੀ ਗਿਰਫਤਾਰੀ ਦੀ ਬਜਾਏ ਪੁਲਿਸ ਦਾ ਜਾਂਚ ਬਦਲਣ ਤੇ ਲੱਗਿਆ ਜ਼ੋਰ
ਸਿੱਧੂ ਮੂਸੇਵਾਲਾ ਤੇ ਉਸ ਦੇ ਹੋਰ ਸਹਿਦੋਸ਼ੀਆਂ ਖਿਲਾਫ ਕੇਸ ਦਰਜ਼ ਹੋਣ ਦੇ 38 ਦਿਨ ਬਾਅਦ ਵੀ ਪੁਲਿਸ ਦੀ ਹੁਣ ਤੱਕ ਦੀ ਕਾਰਵਾਈ ਤੋਂ ਸਾਫ ਹੋ ਜਾਂਦਾ ਹੈ ਕਿ ਪੁਲਿਸ ਨੇ ਦੋਸ਼ੀਆਂ ਨੂੰ ਗਿਰਫਤਾਰ ਕਰਨ ਦੀ ਬਜਾਏ ਉਨ੍ਹਾਂ ਨੂੰ ਬਚਾਉਣ ਦੇ ਹੀ ਯਤਨ ਕੀਤੇ ਹਨ। 38 ਦਿਨ ਚ, ਕੇਸ ਦੇ 3 ਜਾਂਚ ਅਧਿਕਾਰੀ ਬਦਲੇ ਗਏ। ਕੇਸ ਦੇ ਜਾਂਚ ਅਧਿਕਾਰੀ ਐਸਪੀ ਪੀਬੀਆਈ ਰੁਪਿੰਦਰ ਭਾਰਦਵਾਜ ਨੇ ਹੀ ਕੇਸ ਚ, ਅਸਲਾ ਐਕਟ ਅਤੇ 120 ਬੀ ਦੇ ਜੁਰਮ ਦਾ ਵਾਧਾ ਕੀਤੀ ਸੀ ਅਤੇ ਉਨ੍ਹਾਂ ਨੇ ਬਰਨਾਲਾ ਅਦਾਲਤ ਚੋਂ ਦੋਸ਼ੀਆਂ ਦੀਆਂ ਜਮਾਨਤਾਂ ਵੀ ਉਚੇਚੀ ਪੈਰਵਾਈ ਕਰਕੇ ਰੱਦ ਕਰਵਾ ਦਿੱਤੀਆਂ ਸਨ। ਪਰੰਤੂ ਨਾ ਉਨ੍ਹਾਂ ਤੋਂ ਪਹਿਲਾਂ ਤੇ ਨਾ ਇਨਕੁਆਰੀ ਲਈ ਕੁਝ ਦਿਨ ਪਹਿਲਾਂ ਬਣੀ ਸਿੱਟ ਦਾ ਕੋਈ ਠੋਸ ਸਿੱਟਾ ਕੇਸ ਨੂੰ ਮਜਬੂਤ ਕਰਨ ਲਈ ਨਹੀਂ ਨਿੱਕਲਿਆ। ਵਰਨਣਯੋਗ ਹੈ ਕਿ ਕੇਸ ਦੀ ਪਹਿਲੀ ਜਾਂਚ ਮੌਕੇ ਦੇ ਐਸਐਚਉ ਮੇਜਰ ਸਿੰਘ ਧਨੌਲਾ , ਫਿਰ ਸੀਆਈਏ ਬਰਨਾਲਾ ਦੇ ਇੰਚਾਰਜ ਬਲਜੀਤ ਸਿੰਘ, ਫਿਰ ਐਸਪੀ ਪੀਬੀਆਈ ਰੁਪਿੰਦਰ ਭਾਰਦਵਾਜ ਅਤੇ ਹੁਣ ਐਸਪੀ ਡੀ ਸੁਖਦੇਵ ਸਿੰਘ ਵਿਰਕ ਦੀ ਅਗਵਾਈ ਚ, ਤਿੰਨ ਮੈਂਬਰੀ ਸਿੱਟ ਕਾਇਮ ਕੀਤੀ ਗਈ ਹੈ।