ਅਦਾਲਤੀ ਝਟਕਾ ! ਡਾਕਟਰ ਨਾਲ ਹੱਥੋਪਾਈ ਕਰਨ ਵਾਲਿਆਂ ਨੂੰ ਨਾ ਮਿਲੀ ਰਾਹਤ

Advertisement
Spread information

ਡਾਕਟਰਾਂ ਨੇ ਦੋਸ਼ੀਆਂ ਦੀ ਗਿਰਫਤਾਰੀ ਦਾ ਭਰੋਸਾ ਮਿਲਣ ਤੋਂ ਬਾਅਦ ਵਾਪਿਸ ਲਈ ਹੜਤਾਲ

ਹਰਿੰਦਰ ਨਿੱਕਾ, ਬਰਨਾਲਾ 9 ਫਰਵਰੀ 2024

    ਚਾਰ ਦਿਨ ਪਹਿਲਾਂ ਸਿਵਲ ਹਸਪਤਾਲ ਬਰਨਾਲਾ ‘ਚ ਡਿਊਟੀ ਤੇ ਤਾਇਨਾਤ ਇੱਕ ਡਾਕਟਰ ਨਾਲ ਹੱਥੋਪਾਈ ਕਰਨ ਦਾ ਮਾਮਲਾ “ਅੱਜ” ਸ਼ੈਸ਼ਨ ਜੱਜ ਦੀ ਅਦਾਲਤ ਵਿੱਚ ਵੀ ਗੂੰਜਿਆ । ਕੇਸ ਵਿੱਚ ਨਾਮਜ਼ਦ ਦੋਸ਼ੀ ਨਾਭ ਚੰਦ ਜਿੰਦਲ ਅਤੇ ਉਨਾਂ ਦੇ ਬੇਟੇ ਰੋਹਿਤ ਜਿੰਦਲ ਨੇ ਗਿਰਫਤਾਰੀ ਤੋਂ ਬਚਣ ਲਈ ਅਗਾਉਂ ਜਮਾਨਤ ਲਈ ਅਦਾਲਤ ਵਿੱਚ ਅਰਜੀ ਦਾਇਰ ਕੀਤੀ ਸੀ । ਪੰਰਤੂ ਮਾਨਯੋਗ ਜਿਲ੍ਹਾ ਅਤੇ ਸ਼ੈਸ਼ਨ ਜੱਜ ਬੀ.ਬੀ.ਐਸ. ਤੇਜੀ ਨੇ ਮੁਦਈ ਧਿਰ ਦੇ ਵਕੀਲਾਂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਦੋਵੇਂ ਨਾਮਜਦ ਦੋਸ਼ੀਆਂ ਨੂੰ ਜਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ । ਪ੍ਰਾਪਤ ਜਾਣਕਾਰੀ ਅਨੁਸਾਰ ਡਾਕਟਰ ਗਗਨਦੀਪ ਸਿੰਘ ਦੀ ਸ਼ਕਾਇਤ ਦੇ ਅਧਾਰ ਪਰ ਰਾਮ ਲੀਲਾ ਕਮੇਟੀ ਬਰਨਾਲਾ ਦੇ ਪ੍ਰਧਾਨ ਨਾਭ ਚੰਦ ਜਿੰਦਲ ਅਤੇ ਉਨ੍ਹਾਂ ਦੇ ਪੁੱਤਰ ਰੋਹਿਤ ਜਿੰਦਲ ਅਤੇ ਇੱਕ ਹੋਰ ਅਣਪਛਾਤੇ ਦੋਸ਼ੀ ਦੇ ਖਿਲਾਫ 6 ਫਰਵਰੀ ਨੂੰ ਥਾਣਾ ਸਿਟੀ 1 ਬਰਨਾਲਾ ਵਿਖੇ ਅਧੀਨ ਜੁਰਮ 323/186/353/34 IPC, 4-PUNJAB PROTECTION OF MEDICARE SERVICE PERSONS AND MEDICAR SERVICE INSTITUTIONS (PREVENTION OF VIOLENCE AND DAMAGE TO PROPERTY) ACT.2008 ਤਹਿਤ ਕੇਸ ਦਰਜ ਕੀਤਾ ਗਿਆ ਸੀ।      ਹਸਪਤਾਲ ਦੇ ਡਾਕਟਰਾਂ ਸਮੇਤ ਸਮੂਹ ਮੈਡੀਕਲ ਸਟਾਫ ਨੇ ਦੋਸ਼ੀਆਂ ਦੀ ਗਿਰਫਤਾਰੀ ਲਈ ਹੜਤਾਲ ਕੀਤੀ ਹੋਈ ਸੀ। ਨਾਮਜਦ ਦੋਸ਼ੀ ਨਾਭ ਚੰਦ ਅਤੇ ਰੋਹਿਤ ਜਿੰਦਲ ਨੇ ਐਂਟੀਸਪੇਟਰੀ ਜਮਾਨਤ ਲੈਣ ਲਈ, ਆਪਣੇ ਵਕੀਲ ਰਾਹੀਂ ਮਾਨਯੋਗ ਜਿਲ੍ਹਾ ਅਤੇ ਸ਼ੈਸ਼ਨ ਜੱਜ ਦੀ ਅਦਾਲਤ ਵਿੱਚ ਅਰਜੀ ਦਾਇਰ ਕੀਤੀ। ਇਸ ਅਰਜੀ ਦੇ ਅੱਜ ਹੋਈ ਸੁਣਵਾਈ ਦੌਰਾਨ ਮੁਦਈ ਡਾਕਟਰ ਗਗਨਦੀਪ ਸਿੰਘ ਦੀ ਤਰਫੋਂ ਪੇਸ਼ ਹੋਏ ਸੀਨੀਅਰ ਫੌਜਦਾਰੀ ਵਕੀਲ ਐਡਵੋਕੇਟ ਰਾਹੁਲ ਗੁਪਤਾ ਅਤੇ ਸਰਕਾਰੀ ਵਕੀਲ ਸੁਖਰਾਜ ਕੌਰ ਨੇ ਦੋਸ਼ੀਆਂ ਨੂੰ ਜਮਾਨਤ ਦੇਣ ਦਾ ਠੋਸ ਦਲੀਲਾਂ ਦੇ ਕੇ ਵਿਰੋਧ ਕੀਤਾ, ਜਦੋਂਕਿ ਬਚਾਅ ਪੱਖ ਦੇ ਵਕੀਲ ਨੇ ਵੀ ਜਮਾਨਤ ਦੇਣ ਲਈ ਜੋਰਦਾਰ ਬਹਿਸ ਕੀਤੀ। ਪਰੰਤੂ ਮਾਨਯੋਗ ਅਦਾਲਤ ਨੇ ਮੁਦਈ ਧਿਰ ਦੇ ਵਕੀਲਾਂ ਦੀਆਂ ਦਲੀਲਾਂ ਨਾਲ ਸਹਿਮਤ ਹੁੰਦਿਆਂ ਦੋਵੇਂ ਜਣਿਆਂ ਦੀ ਜਮਾਨਤ ਅਰਜੀ ਰੱਦ ਕਰ ਦਿੱਤੀ। ਮਾਨਯੋਗ ਜੱਜ ਨੇ ਆਪਣੇ ਹੁਕਮ ਵਿੱਚ ਕਿਹਾ ਕਿ ਨਾਮਜ਼ਦ ਦੋਸ਼ੀਆਂ ਖਿਲਾਫ ਸੰਗੀਨ ਜੁਰਮ ਹੈ,ਉਨਾਂ ਸਰਕਾਰੀ ਡਿਊਟੀ ਕਰਦੇ ਡਾਕਟਰ ਦੀ ਡਿਊਟੀ ਵਿੱਚ ਵਿਘਨ ਤਾਂ ਪਾਇਆ ਹੀ ਹੈ, ਇਸ ਤਰਾਂ ਕਰਨ ਨਾਲ ਹੋਰ ਸਰਕਾਰੀ ਅਮਲੇ ਵਿੱਚ ਵੀ ਸਹਿਮ ਬਣਦਾ ਹੈ। ਇਸ ਲਈ, ਦੋਸ਼ੀਆਂ ਦੀ ਗਿਰਫਤਾਰੀ ਤੇ ਰੋਕ ਲਾਉਣ ਅਤੇ ਅਗਾਉਂ ਜਮਾਨਤ ਨਾਲ ਸਮਾਜ ਵਿੱਚ ਗਲਤ ਸੰਦੇਸ਼ ਜਾ ਸਕਦਾ ਹੈ। 

Advertisement

ਕੀ ਕਹਿੰਦੀ ਹੈ ਐਫ.ਆਈ.ਆਰ…

 ਪੁਲਿਸ ਨੂੰ ਦਿੱਤੇ ਬਿਆਨ ‘ਚ ਡਾਕਟਰ ਗਗਨਦੀਪ ਸਿੰਘ ਨੇ ਦੋਸ਼ ਲਾਇਆ ਕਿ ਰੋਹਿਤ ਜਿੰਦਲ ਨੇ ਦਫਤਰ ਵਿੱਚ ਵੜਕੇ, ਉਸ ਦਾ ਗਲਾਵਾਂ ਫੜ ਲਿਆ ਤੇ ਗਲ ਘੁੱਟਣ ਲੱਗਾ , ਨਾਭ ਚੰਦ ਨੇ ਉਸ ਦਾ ਹੱਥ ਫੜਕੇ ਮਰੋੜ ਦਿੱਤਾ ਤੇ ਅਣਪਛਾਤੇ ਵਿਅਕਤੀ ਨੇ ਮੁਦਈ ਦੇ ਮੂੰਹ ਪਰ ਮੁੱਕੀ ਮਾਰੀ। ਇਸੇ ਦੌਰਾਨ ਮੁਦਈ ਨਾਲ ਡਿਊਟੀ ਪਰ ਹਾਜਰ ਮਨਦੀਪ ਸਿੰਘ ਫਰਮਾਸਿਸਟ, ਜਸਪ੍ਰੀਤ ਸਿੰਘ ਵਾਰਡਅਟੈਂਡੈਂਟ, ਗੁਰਪ੍ਰੀਤ ਸਿੰਘ ਸਕਿਉਰਟੀ ਗਾਰਡ  ਨੇ ਉਸ ਨੂੰ ਦੋਸ਼ੀਆਂ ਤੋਂ ਛੁਡਵਾਇਆ। ਮੌਕੇ ਪਰ ਦਾਖਲ ਇੱਕ ਹੋਰ ਮਰੀਜ ਪ੍ਰੀਤੀ ਪਤਨੀ ਨੈਬ ਸਿੰਘ ਵਾਸੀ ਧਨੌਲਾ ਨੇ ਸਾਰਾ ਵਾਕਿਆ ਅੱਖੀਂ ਵੇਖਿਆ ਹੈ। ਮੁਦਈ ਅਨੁਸਾਰ ਸਾਰੇ ਦੋਸ਼ੀ ਗਾਲੀ ਗਲੋਚ ਕਰਦੇ ਹੋਏ ਉਸ ਨੂੰ ਘਰੋਂ ਦੋ ਦਿਨ ਦੇ ਅੰਦਰ- ਅੰਦਰ ਚੁਕਵਾ ਦੇਣ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਚਲੇ ਗਏ । ਇਹਨਾਂ ਵਿਅਕਤੀਆਂ ਨੇ ਮੁਦਈ ਦੀ ਡਿਊਟੀ ਵਿੱਚ ਵਿਘਨ ਪਾਇਆ ਤੇ ਮੌਕੇ ਪਰ ਦਾਖਲ ਹੋਰ ਮਰੀਜਾਂ ਨੂੰ ਹਰਾਸਮਿੰਟ ਕੀਤਾ ਹੈ।  

ਹਸਪਾਤਲ ਵਿੱਚ ਪਹੁੰਚੇ ਸਿਹਤ ਕਾਰਪੋਰੇਸ਼ਨ ਦੇ ਡਾਇਰੈਕਟਰ

   ਸਿਵਲ ਹਸਪਤਾਲ ਦੇ ਡਾਕਟਰਾਂ ਅਤੇ ਸਮੂਹ ਮੈਡੀਕਲ ਸਟਾਫ ਦੀ ਚੱਲ ਰਹੀ ਹੜਤਾਲ ਦੇ ਮੱਦੇਨਜ਼ਰ ਅੱਜ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਡਾਇਰੈਕਟਰ ਅਨਿਲ ਗੋਇਲ          ਵੀ ਵਿਸ਼ੇਸ਼ ਤੌਰ ਤੇ ਸਿਵਲ ਹਸਪਤਾਲ ਪਹੁੰਚੇ। ਉਨਾਂ ਡਾਕਟਰ ਨਾਲ ਵਾਪਰੀ ਘਟਨਾ ਦੀ ਸਖਤ ਨਿੰਦਿਆਂ ਕਰਦਿਆਂ, ਪ੍ਰਸ਼ਾਸ਼ਨ ਦੇ ਆਲਾ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਫਿਰ ਪੁਲਿਸ ਅਧਿਕਾਰੀਆਂ ਨੇ ਡਾਕਟਰਾਂ ਨੂੰ ਭਰੋਸਾ ਦਿੱਤਾ ਕਿ ਉਹ 10 ਦਿਨ ਦੇ ਅੰਦਰ ਅੰਦਰ ਦੋਸ਼ੀਆਂ ਨੂੰ ਗਿਰਫਤਾਰ ਕਰ ਲੈਣਗੇ। ਡਾਕਟਰਾਂ ਨੇ ਅਜਿਹਾ ਭਰੋਸਾ ਮਿਲਣ ਉਪਰੰਤ ਹੜਤਾਲ ਵਾਪਿਸ ਲੈ ਲਈ।  

Advertisement
Advertisement
Advertisement
Advertisement
Advertisement
error: Content is protected !!