ਹਰਿੰਦਰ ਨਿੱਕਾ, ਬਰਨਾਲਾ 9 ਫਰਵਰੀ 2024
ਬਰਨਾਲਾ ਪੁਲਿਸ ਦੀ ਸਪੈਸ਼ਲ ਬ੍ਰਾਂਚ ਦੇ ਇੰਸਪੈਕਟਰ ਬਲਜੀਤ ਸਿੰਘ ਨੂੰ ਭੁੱਕੀ ਤਸਕਰਾਂ ਸਬੰਧੀ ਮਿਲੀ ਸੂਚਨਾ ਤੋਂ ਬਾਅਦ ਪੁਲਿਸ ਨੇ 4 ਭੁੱਕੀ ਤਸਕਰਾਂ ਨੂੰ 6 ਕੁਇੰਟਲ ਭੁੱਕੀ ਸਣੇ ਗਿਰਫਤਾਰ ਕਰ ਲਿਆ ਹੈ। ਇਸ ਸਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸੰਦੀਪ ਕੁਮਾਰ ਮਲਿਕ IPS, ਸੀਨੀਅਰ ਕਪਤਾਨ ਪੁਲਿਸ, ਬਰਨਾਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਚੰਡੀਗੜ੍ਹ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਰਨਾਲਾ ਪੁਲਿਸ ਵੱਲੋਂ ਮਾੜੇ ਅਨਸਰਾਂ ਅਤੇ ਨਸ਼ਾ ਤਸਕਰਾਂ ਖਿਲਾਫ਼ ਵਿੱਢੀ ਗਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ ਜਦੋਂ ਜਰਨੈਲ ਸਿੰਘ PPS ਉਪ ਕਪਤਾਨ ਪੁਲਿਸ (ਡੀ), ਬਰਨਾਲਾ, ਸਤਵੀਰ ਸਿੰਘ PPS, ਉਪ ਕਪਤਾਨ ਪੁਲਿਸ ਸਬ ਡਵੀਜ਼ਨ ਬਰਨਾਲਾ ਦੀ ਅਗਵਾਈ ਹੇਠ ਇੰਸਪੈਕਟਰ ਬਲਜੀਤ ਸਿੰਘ, ਇੰਚਾਰਜ ਸਪੈਸ਼ਲ ਬ੍ਰਾਂਚ, ਬਰਨਾਲਾ ਪਾਸ ਇਤਲਾਹ ਮਿਲੀ ਕਿ ਕੁਝ ਵਿਅਕਤੀ ਬਾਹਰਲੀ ਸਟੇਟ ਵਿੱਚੋਂ ਭੁੱਕੀ ਚੂਰਾ ਪੋਸਤ ਲਿਆ ਕੇ ਜ਼ਿਲ੍ਹਾ ਬਰਨਾਲਾ ਅਤੇ ਆਸ-ਪਾਸ ਦੇ ਏਰੀਆ ਵਿੱਚ ਵੇਚਣ ਦਾ ਧੰਦਾ ਕਰਦੇ ਹਨ। ਜਿਸ ਦੇ ਆਧਾਰ ‘ਤੇ ਥਾਣਾ ਸਿਟੀ ਬਰਨਾਲਾ ਵਿਖੇ ਬੱਬੂ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਰਾਮਬਾਗ ਦੀ ਬੈਕਸਾਇਡ, ਬਰਨਾਲਾ, ਸੰਦੀਪ ਸਿੰਘ ਉਰਫ ਸੈਟੀ ਪੁੱਤਰ ਮਾੜੂ ਰਾਮ ਪੁੱਤਰ ਸੇਵਾ ਰਾਮ ਵਾਸੀ ਬੀਬੀਪੁਰ, ਜ਼ਿਲ੍ਹਾ ਪਟਿਆਲਾ, ਮਨਜੀਤ ਸਿੰਘ ਉਰਫ ਗੱਗੀ ਪੁੱਤਰ ਸਰਬਨ ਸਿੰਘ ਵਾਸੀ ਉੱਪਲੀ ਰੋਡ, ਗੁਰੂ ਤੇਗ ਬਹਾਦਰ ਨਗਰ, ਸੰਗਰੂਰ ਅਤੇ ਤਰਸੇਮ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਅਕਾਲਗੜ੍ਹ, ਜ਼ਿਲ੍ਹਾ ਸੰਗਰੂਰ ਦੇ ਖਿਲਾਫ ਅਧੀਨ ਜੁਰਮ 15/25/61/85 ND&PS ACT ਤਹਿਤ ਕੇਸ ਦਰਜ ਕੀਤਾ ਗਿਆ। ਐਸ.ਐਸ.ਪੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਦੌਰਾਨੇ ਤਫਤੀਸ਼ ਪੁਲਿਸ ਪਾਰਟੀ ਨੇ ਨਾਮਜਦ ਚਾਰੋਂ ਦੋਸ਼ੀਆਂ ਨੂੰ ਟਰੱਕ ਨੰਬਰ PB-13 AL-8838 ਅਤੇ ਸਵਿੱਫਟ ਡਿਜ਼ਾਇਰ ਕਾਰ ਨੰਬਰ HR-26 CD-4353 ਰੰਗ ਚਿੱਟਾ ਸਮੇਤ ਕਾਬੂ ਕਰਕੇ, ਇਹਨਾਂ ਦੇ ਕਬਜ਼ੇ ਵਿੱਚੋਂ 6 ਕੁਇੰਟਲ ਭੁੱਕੀ ਚੂਰਾ ਪੋਸਤ ਬਰਾਮਦ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਤੋਂ ਪੁੱਛਗਿੱਛ ਜ਼ਾਰੀ ਹੈ। ਪੁੱਛ-ਗਿੱਛ ਦੌਰਾਨ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ। ਦੋਸ਼ੀ ਮਨਜੀਤ ਸਿੰਘ ਗੱਗੀ ਦੇ ਖਿਲਾਫ ਪਹਿਲਾਂ ਵੀ ਮੁਕੱਦਮਾ ਨੰਬਰ 179 ਮਿਤੀ 22.08.2020 ਅ/ਧ 15/61/85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਸੰਗਰੂਰ ਵਿਖੇ ਦਰਜ ਹੈ।