ਉਮੀਦਾਂ ਤੇ ਫਿਰਿਆ ਪਾਣੀ- ਬਹੁਕਰੋੜੀ ਹਸਪਤਾਲ ਦੀ ਥਾਂ ਹੁਣ ਬਣੂ ਖੇਡ ਸਟੇਡੀਅਮ…!

Advertisement
Spread information

ਲੋਕਾਂ ਦੀਆਂ ਉਮੀਦਾਂ ਤੇ ਫਿਰਿਆ ਪਾਣੀ, ਮੰਤਰੀ ਸਾਬ੍ਹ ਕਹਿੰਦੇ ਹਸਪਤਾਲ ਦੀ ਜਗ੍ਹਾ ਬਣਾਵਾਂਗੇ ਖੇਡ ਸਟੇਡੀਅਮ  

ਹਰਿੰਦਰ ਨਿੱਕਾ, ਬਰਨਾਲਾ 4 ਫਰਵਰੀ 2024

   ਚੋਣਾਂ ਦੇ ਐਨ ਮੌਕੇ ਤੇ ਧੜਾ-ਧੜ ਰੱਖੇ ਜਾਣ ਵਾਲੇ ਹੋਰਨਾਂ ਨੀਂਹ ਪੱਥਰਾਂ ਵਰਗਾ ਹਸ਼ਰ, ਸਰਕਾਰੀ ਸੁਪਰ ਮਲਟੀ ਸਪੈਸ਼ਲਿਟੀ ਹਸਪਤਾਲ ਐਂਡ ਟਰਾਮਾ ਸੈਂਟਰ ਬਰਨਾਲਾ ਦੇ ਨਿਰਮਾਣ ਲਈ ਰੱਖੇ ਨੀਂਹ ਪੱਥਰ ਦਾ ਵੀ ਹੋਇਆ ਹੈ। ਇਹ ਨੀਂਹ ਪੱਥਰ ਚੰਡੀਗੜ੍ਹ-ਬਠਿੰਡਾ ਹਾਈਵੇ ਰੋਡ ‘ਤੇ ਸਥਿਤ ਪਿੰਡ ਹੰਡਿਆਇਆ ਦੀ ਜਗ੍ਹਾ ਉੱਤੇ 2 ਅਕਤੂਬਰ 2021 ਨੂੰ ਉਦੋਂ ਦੇ ਡਿਪਟੀ ਮੁੱਖ ਮੰਤਰੀ ਓ.ਪੀ. ਸੋਨੀ,ਸਾਬਕਾ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਅਤੇ ਸਾਬਕਾ ਕਾਂਗਰਸੀ ਵਿਧਾਇਕ ਤੇ ਹੁਣ ਭਾਜਪਾ ਦੇ ਸੂਬਾਈ ਆਗੂ ਕੇਵਲ ਸਿੰਘ ਢਿੱਲੋਂ ਹੋਰਾਂ ਨੇ ਰੱਖਿਆ ਸੀ।                            ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਬੜੇ ਹੌਸਲੇ ਨਾਲ ਐਲਾਨ ਕੀਤਾ ਸੀ ਕਿ ਇਹ ਹਸਪਤਾਲ ਦਾ ਨਿਰਮਾਣ ਕੰਮ ਵੀ 30 ਦਿਨ ਦੇ ਅੰਦਰ-ਅੰਦਰ ਹੀ ਸ਼ੁਰੂ ਕਰਵਾਇਆ ਜਾਵੇਗਾ।                                            ਕਾਰਣ ਭਾਵੇਂ ਕੋਈ ਵੀ ਕਿਹਾ ਜਾਵੇ, ਪਰੰਤੂ ਨੀਂਹ ਪੱਥਰ ਲਾਏ ਜਾਣ ਤੋਂ ਬਾਅਦ ਹਾਲੇ ਤੱਕ ,ਇਸ ਥਾਂ ਤੇ ਇੱਕ ਇੱਟ ਵੀ ਹੋਰ ਨਹੀਂ ਲੱਗ ਸਕੀ। ਹੁਣ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ              ਸੁਪਰ ਮਲਟੀ ਸਪੈਸ਼ਲਿਟੀ ਹਸਪਤਾਲ ਅਤੇ ਟਰਾਮਾ ਸੈਂਟਰ (300 ਬੈਡ ਦੀ ਸਮਰੱਥਾ )ਦੀ ਥਾਂ ਉੱਤੇ ਅਧੁਨਿਕ ਸਹੂਲਤਾਂ ਵਾਲਾ ਖੇਡ ਸਟੇਡੀਅਮ ਬਣਾਉਣ ਦੀਆਂ ਕੋਸਿਸ਼ਾਂ ਆਰੰਭ ਦਿੱਤੀਆਂ ਹਨ। ਇਸ ਵੱਲ ਪਹਿਲੀ ਪੁਲਾਂਘ ਪੰਜ ਫਰਵਰੀ ਨੂੰ ਹੋਣ ਵਾਲੀ ਨਗਰ ਕੌਂਸਲ ਦੀ ਮੀਟਿੰਗ ਵਿੱਚ ਜਗ੍ਹਾ ਵਾਪਿਸ ਲੈਣ ਦਾ ਅਜੰਡਾ ਰੱਖ ਕੇ ਪੁੱਟ ਲਈ ਗਈ ਹੈ। ਜਿਸ ਤੋਂ ਇਹ ਤਾਂ ਸਾਫ ਹੋ ਹੀ ਗਿਆ ਕਿ ਹੁਣ ਮਾਲਵਾ ਪੱਧਰ ਦਾ ਪ੍ਰਚਾਰਿਆ ਗਿਆ ਬਹੁਕਰੋੜੀ ਮਲਟੀ ਸਪੈਸ਼ਲਿਟੀ ਹਸਪਤਾਲ ਐਂਡ ਟਰਾਮਾ ਸੈਂਟਰ ਇੱਥੇ ਨਹੀਂ ਬਣੇਗਾ। ਇੱਥੇ ਖੇਡ ਸਟੇਡੀਅਮ ਹੀ ਬਣਨਾ ਤੈਅ ਹੋ ਗਿਆ ਹੈ। 

Advertisement

ਖੇਡ ਮੰਤਰੀ ਦੀ ਪ੍ਰਪੋਜਲ ਤੇ ਭਲ੍ਹਕੇ ਲੱਗੂ ਕੌਸਲ ਦੀ ਮੋਹਰ !

   ਨਗਰ ਕੌਂਸਲ ਦੀ ਮੀਟਿੰਗ ਦੇ ਅਜੰਡੇ ਦੀ ਤਜਵੀਜ਼ ਨੰ. 37 ‘ਚ ਲਿਖਿਆ ਗਿਆ ਹੈ ਕਿ ਨਗਰ ਕੌਂਸਲ ਬਰਨਾਲਾ ਵੱਲੋਂ ਮਤਾ ਨੰਬਰ 49 ਮਿਤੀ 10-09-2021 ਰਾਹੀਂ ਸਿਹਤ ਵਿਭਾਗ ਨੂੰ ਟਰਾਂਸਫਰ ਕੀਤੀ ਗਈ ਜਮੀਨ ਨੂੰ ਮੁੜ ਨਗਰ ਕੌਂਸਲ, ਬਰਨਾਲਾ ਨੂੰ ਟਰਾਂਸਫਰ ਕਰਵਾਉਣ ਲਈ ਵਿਚਾਰ ਕੀਤਾ ਜਾਣਾ ਹੈ। ਅਜੰਡੇ ਨੂੰ ਵਿਸਥਾਰ ਦਿੰਦਿਆਂ ਕਿਹਾ ਗਿਆ ਹੈ ਕਿ ਵਰਕਸ ਸਾਖਾ ਵੱਲੋਂ ਰਿਪੋਰਟ ਪੇਸ਼ ਕੀਤੀ ਗਈ ਹੈ ਕਿ ਮਾਨਯੋਗ ਗੁਰਮੀਤ ਸਿੰਘ ਮੀਤ ਹੇਅਰ, ਖੇਡ ਮੰਤਰੀ, ਪੰਜਾਬ ਸਰਕਾਰ ਵੱਲੋਂ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਅਰਧ ਸਰਕਾਰੀ ਪੱਤਰ ਜਾਰੀ ਕਰਕੇ ਲਿਖਿਆ ਗਿਆ ਹੈ ਕਿ ਨਗਰ ਕੌਂਸਲ ਬਰਨਾਲਾ ਵੱਲੋਂ ਸਿਹਤ ਵਿਭਾਗ ਨੂੰ ਸਰਕਾਰੀ ਆਧੁਨਿਕ ਸੁਪਰ ਮਲਟੀ ਸਪੈਸਲਿਟੀ, ਜਿਲ੍ਹਾ ਪੱਧਰੀ ਹਸਪਤਾਲ ਬਣਾਉਣ ਲਈ 6.5 ਏਕੜ ਜਮੀਨ ਫਰੀ ਆਫ ਕੋਸਟ ਦਿੱਤੀ ਗਈ ਸੀ। ਪ੍ਰੰਤੂ ਇਸ ਜਗ੍ਹਾ ਪਰ ਹਸਪਤਾਲ ਬਣਾਉਣ ਸਬੰਧੀ ਕੋਈ ਵੀ ਕਾਰਵਾਈ ਨਹੀ ਅਰੰਭੀ ਗਈ ਅਤੇ ਨਾ ਹੀ ਨੇੜ ਭਵਿੱਖ ਵਿੱਚ ਅਜਿਹਾ ਕੀਤੇ ਜਾਣ ਦੀ ਕੋਈ ਸੰਭਾਵਨਾ ਜਾਪਦੀ ਹੈ। ਜਿਸ ਕਰਕੇ ਉਕਤ ਜਮੀਨ ਉੱਪਰ ਖੇਡ ਸਟੇਡੀਅਮ ਬਣਾਉਣ ਦੀ ਤਜਵੀਜ ਹੈ। ਇਸ ਲਈ ਉਕਤ ਜਮੀਨ ਸਿਹਤ ਵਿਭਾਗ ਤੋਂ ਵਾਪਿਸ ਮੁੜ ਨਗਰ ਕੌਂਸਲ ਬਰਨਾਲਾ ਨੂੰ ਟਰਾਂਸਫਰ ਕੀਤੀ ਜਾਵੇ।

ਇਸ ਦੇ ਸਬੰਧ ਵਿੱਚ ਡਿਪਟੀ ਕਮਿਸ਼ਨਰ ਬਰਨਾਲਾ ਵੱਲੋਂ ਪੱਤਰ ਨੰ. 2152/ਲਫਸ ਮਿਤੀ 01-02-2024 ਰਾਹੀ ਸਿਹਤ ਵਿਭਾਗ ਪਾਸੋਂ  ਰਿਪੋਰਟ ਮੰਗੀ ਗਈ ਸੀ। ਸਿਹਤ ਵਿਭਾਗ ਵੱਲੋਂ ਪੱਤਰ ਨੰ. ਅਮਲਾ-2/2024/318 ਮਿਤੀ 01-02-2024 ਰਾਹੀਂ ਦੱਸਿਆ ਗਿਆ ਹੈ ਕਿ ਉਕਤ ਜਗ੍ਹਾ ਪਰ ਹਸਪਤਾਲ ਬਣਾਉਣ ਲਈ ਵਿਭਾਗ ਨੂੰ ਕੋਈ ਵੀ ਫੰਡ/ਗਰਾਂਟ ਅਜੇ ਤੱਕ ਪ੍ਰਾਪਤ ਨਹੀਂ ਹੋਏ ਹਨ। ਜਿਸ ਕਰਕੇ ਉਕਤ ਜਮੀਨ ਉੱਪਰ ਕੋਈ ਵੀ ਉਸਾਰੀ ਸਬੰਧੀ ਕਾਰਵਾਈ ਅਮਲ ਵਿੱਚ ਨਹੀ ਲਿਆਦੀ ਗਈ।

   ਡਿਪਟੀ ਕਮਿਸ਼ਨਰ ਬਰਨਾਲਾ ਵੱਲੋਂ ਨਗਰ ਕੌਂਸਲ ਨੂੰ ਪੱਤਰ ਨੰ. 2153/ਲਫਸ ਮਿਤੀ 01-02-2024 ਜਾਰੀ ਕਰਕੇ ਹਦਾਇਤ ਕੀਤੀ ਗਈ ਹੈ ਕਿ ਉਕਤ ਜਮੀਨ ਨੂੰ ਸਿਹਤ ਵਿਭਾਗ ਤੋਂ ਮੁੜ ਨਗਰ ਕੌਂਸਲ ਬਰਨਾਲਾ ਦੇ ਨਾਮ ਕਰਵਾਉਣ ਲਈ ਮਤਾ ਹਾਊਸ ਦੀ ਇਕੱਤਰਤਾ ਵਿੱਚ ਪਾਸ ਕਰਵਾ ਲਿਆ ਜਾਵੇ। ਇਹ ਪ੍ਰਸਤਾਵ  ਹਾਊਸ ਦੀ ਪ੍ਰਵਾਨਗੀ ਲਈ ਰੱਖਿਆ ਗਿਆ ਹੈ।

ਇਲਾਕੇ ਦੇ ਲੋਕਾਂ ਦੀਆਂ ਨਜ਼ਰਾਂ ਹਾਊਸ ਦੀ ਮੀਟਿੰਗ ਤੇ ਟਿਕੀਆਂ

      ਕਰੀਬ ਢਾਈ ਸਾਲ ਤੋਂ ਇਲਾਕੇ ‘ਚ ਮਾਲਵਾ ਪੱਧਰ ਦਾ ਸੁਪਰ ਮਲਟੀਸਪੈਸ਼ਲਿਟੀ ਹਸਪਤਾਲ ਐਂਡ ਟਰਾਮਾ ਸੈਂਟਰ ਬਣਨ ਦੀਆਂ ਉਮੀਦਾਂ ਲਾਈ ਬੈਠੇ ਲੋਕਾਂ ਨੂੰ ਖੇਡ ਮੰਤਰੀ ਮੀਤ ਹੇਅਰ ਦੀ ਖੇਡ ਸਟੇਡੀਅਮ ਬਣਾਉਣ ਦੀ ਤਜ਼ਵੀਜ਼ ਨਾਲ ਵੱਡਾ ਝਟਕਾ ਲੱਗਿਆ ਹੈ। ਹੁਣ ਲੋਕਾਂ ਦੀਆਂ ਨਜਰਾਂ ਭਲ੍ਹਕੇ ਹੋਣ ਵਾਲੀ ਨਗਰ ਕੌਂਸਲ ਦੀ ਮੀਟਿੰਗ ਦੇ ਨਤੀਜੇ ਤੇ ਟਿਕੀਆਂ ਹੋਈਆਂ ਹਨ। ਹਾਊਸ ਵਿੱਚ ਹੁਣ ਬਹੁਗਿਣਤੀ ਆਮ ਆਦਮੀ ਪਾਰਟੀ ਦੇ ਕੌਂਸਲਰਾਂ ਜਾਂ ਸਮੱਰਥਕ ਕੌਸਲਰਾਂ ਦੀ ਹੈ। ਬੇਸ਼ੱਕ ਇਹ ਸਾਰੇ ਕੌਂਸਲਰ,ਉਹੀ ਹਨ, ਜਿੰਨ੍ਹਾਂ ਨੇ ਪਹਿਲਾਂ ਕੇਵਲ ਸਿੰਘ ਢਿੱਲੋਂ ਦੇ ਹੁਕਮ ਦੀ ਤਾਮੀਲ ਕਰਦਿਆਂ ਹਸਪਤਾਲ ਲਈ, ਜਗ੍ਹਾ ਦੇਣ ਦਾ ਮਤਾ ਪਾਇਆ ਸੀ। ਮਤੇ ਨੂੰ ਪ੍ਰਵਾਨਗੀ ,ਉਪਰੰਤ ਜਗ੍ਹਾ ਸਿਹਤ ਵਿਭਾਗ ਦੇ ਨਾਮ ਪਰ ਵੀ ਹੋ ਗਈ ਸੀ। ਹੁਣ ਓਹੋ ਕੌਂਸਲਰਾਂ ਵਿੱਚੋਂ ਬਹੁਗਿਣਤੀ ਕੌਂਸਲਰ ਝਾੜੂ ਚੁੱਕੀ ਫਿਰਦੇ ਹਨ। ਜਿਸ ਕਾਰਣ, ਜੇਕਰ ਕੋਈ ਲੋਕ ਵਿਰੋਧ ਨਾ ਹੋਇਆ ਤਾਂ ਫਿਰ ਹਸਪਤਾਲ ਦੀ ਜਗ੍ਹਾ ਮੁੜ ਲੈਣ ਦਾ ਮਤਾ ਪਾਸ ਕਰਕੇ, ਜਗ੍ਹਾ ਖੇਡ ਸਟੇਡੀਅਮ ਦੇ ਨਾਂ ਕਰ ਦਿੱਤੀ ਜਾਵੇਗੀ। ਇੱਥੇ ਇਹ ਵੀ ਜਿਕਰ ਕਰਨਾ ਜਰੂਰੀ ਹੈ ਕਿ ਇਹ ਜਗ੍ਹਾ, ਸ਼ੁਰੂ ਤੋਂ ਹੰਡਿਆਇਆ ਦੇ ਖੇਡ ਸਟੇਡੀਅਮ ਲਈ ਹੀ, ਰਿਜਰਵ ਰੱਖੀ ਗਈ ਸੀ। ਇਹ ਏਰੀਆ ਬਰਨਾਲਾ ਨਗਰ ਕੌਂਸਲ ਦੀ ਹੱਦ ਵਿੱਚ ਸ਼ਾਮਿਲ ਕਰਨ ,ਉਪਰੰਤ ਇਸ ਸਬੰਧੀ ਸਾਰੇ ਫੈਸਲੇ ਲੈਣ ਦਾ ਅਧਿਕਾਰ ਨਗਰ ਕੌਂਸਲ ਬਰਨਾਲਾ ਕੋਲ ਹੀ ਹੈ। 

ਅੱਖੋਂ ਪਰੋਖੇ ਕੀਤੀ ਜਾ ਰਹੀ ਐ ਲੋਕਾਂ ਦੀ ਮੁੱਖ ਲੋੜ 

    ਵੱਡਾ ਹਸਪਤਾਲ ਇਲਾਕੇ ਦੀ ਅਹਿਮ ਅਤੇ ਲੋਕਾਂ ਦੀ ਅਣਸਰਦੀ ਲੋੜ ਹੈ । ਕਿਉਂਕਿ ਸਿਵਲ ਹਸਪਤਾਲ ਬਰਨਾਲਾ ਦੇ ਡਾਕਟਰਾਂ ਵੱਲੋਂ ਇਲਾਕੇ ਦੇ ਲੋਕਾਂ ਨੂੰ ਐਮਰਜੈਂਸੀ ਗੰਭੀਰ ਹਾਲਤ ਵਿੱਚ ਲੱਗਭੱਗ ਹਰ ਬੀਮਾਰੀ ਦੇ ਇਲਾਜ ਲਈ, ਸਰਕਾਰੀ ਹਸਪਤਾਲ ਐਂਡ ਮੈਡੀਕਲ ਕਾਲਜ ਫਰੀਦੋਕਟ ਰੈਫਰ ਕੀਤਾ ਜਾਂਦਾ ਹੈ। ਜਿੱਥੇ ਪਹੁੰਚਣ ਲਈ ਦੋ ਘੰਟਿਆਂ ਤੋਂ ਜਿਆਦਾ ਹੀ ਸਮਾਂ ਲੱਗਦਾ ਹੈ। ਜੇਕਰ ਉੱਥੇ ਇਲਾਜ ਸੰਭਵ ਨਾ ਹੋਵੇ ਤਾਂ ਫਿਰ ਓਨੀਂ ਪੈਰੀ, ਮਰੀਜ ਨੂੰ ਮੁੜ ਪੀਜੀਆਈ ਚੰਡੀਗੜ੍ਹ ਭੇਜਿਆ ਜਾਂਦਾ ਹੈ। ਅਜਿਹੀ ਘੁੰਮਣਘੇਰੀ ਵਿੱਚ ਉਲਝੇ ਬਹੁਤੇ ਮਰੀਜ, ਰਾਹਾਂ ਵਿੱਚ ਹੀ ਦਮ ਤੋੜ ਜਾਂਦੇ ਹਨ।ਪਤਾ ਨਹੀਂ, ਕਿਉਂ ਹੁਣ ਆਮ ਲੋਕਾਂ ਦੀ ਨੁਮਾਇੰਦਗੀ ਕਰਨ ਦਾ ਦਮ ਭਰਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੂੰ ਵੱਡੇ ਹਸਪਤਾਲ ਤੋਂ ਵਧੇਰੇ ਲੋੜ ਖੇਡ ਸਟੇਡੀਅਮ ਦੀ ਮਹਿਸੂਸ ਹੋ ਰਹੀ ਹੈ। 

Advertisement
Advertisement
Advertisement
Advertisement
Advertisement
error: Content is protected !!