ਨੈਨਸੀ ਦੀ ਮਾਂ ਅਤੇ ਭਰਾ ਤੇ ਵੀ ਘਰੋਂ ਭਜਾਉਣ ਦੀ ਸਾਜਿਸ਼ ਦਾ ਦੋਸ਼
ਹਰਿੰਦਰ ਨਿੱਕਾ ਬਰਨਾਲਾ 23 ਜੂਨ 2020
ਕੋਰੋਨਾ ਪੌਜੇਟਿਵ ਰਿਪੋਰਟ ਆਉਣ ਤੋਂ ਬਾਅਦ ਆਪਣੇ ਪਰਿਵਾਰ ਸਮੇਤ ਘਰੋਂ ਫਰਾਰ ਹੋਈ ਸ਼ਹਿਣਾ ਨਿਵਾਸੀ ਕਰੀਬ 27 ਵਰ੍ਹਿਆਂ ਦੀ ਨੈਨਸੀ ਤੇ ਉਸਦੇ ਪਰਿਵਾਰ ਦੇ ਤਿੰਨ ਹੋਰ ਮੈਂਬਰਾਂ ਖਿਲਾਫ ਪੁਲਿਸ ਨੇ ਕੇਸ ਦਰਜ਼ ਕਰਕੇ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਚ, ਪੀਐਚਸੀ ਸ਼ਹਿਣਾ ਦੀ ਡਾਕਟਰ ਰਵਨੀਤ ਕੌਰ ਨੇ ਦੱਸਿਆ ਕਿ ਨੈਨਸੀ ਪੁੱਤਰੀ ਬੰਤ ਸਿੰਘ ਨਿਵਾਸੀ ਮੌੜ ਢੂੰਡਾ ਸ਼ਹਿਣਾ ਹਾਲ ਵਾਸੀ ਦਿੱਲੀ ਨੂੰ ਪਿਛਲੇ ਹਫਤੇ ਦਿੱਲੀ ਤੋਂ ਆਉਣ ਉਪਰੰਤ ਉਸ ਦੇ ਪੇਕੇ ਘਰ ਹੀ ਇਕਾਂਤਵਾਸ ਰੱਖਿਆ ਗਿਆ ਸੀ। ਨੈਨਸੀ ਦੀ ਰਿਪੋਰਟ 21 ਜੂਨ ਨੂੰ ਪੌਜੇਟਿਵ ਆਉਣ ਤੋਂ ਬਾਅਦ 22 ਜੂਨ ਨੂੰ ਪੀਐਚਸੀ ਸ਼ਹਿਣਾ ਦੀ ਟੀਮ ਨੈਨਸੀ ਨੂੰ ਆਈਸੋਲੇਸ਼ਨ ਸੈਂਟਰ ਸੋਹਲ ਪੱਤੀ ਲਿਆਉਣ ਲਈ ਉਸ ਦੇ ਘਰ ਪਹੁੰਚੀ ਤਾਂ ਨੈਨਸੀ ਦੇ ਘਰ ਨੂੰ ਜਿੰਦਾ ਲੱਗਿਆ ਹੋਇਆ ਸੀ। ਪਰਿਵਾਰ ਦੇ ਸਾਰੇ ਮੈਂਬਰ ਹੀ ਘਰੋਂ ਲਾਪਤਾ ਮਿਲੇ । ਡਾਕਟਰ ਰਵਨੀਤ ਕੌਰ ਅਨੁਸਾਰ ਨੈਨਸੀ ਨੂੰ ਘਰੋਂ ਭਜਾਉਣ ਦੀ ਸਾਜਿਸ਼ ਚ, ਉਸ ਦੀ ਮਾਂ ਕਰਮਜੀਤ ਕੌਰ, ਭਰਾ ਅਮਨਦੀਪ ਸਿੰਘ ਅਤੇ ਦਿੱਲੀ ਵਾਸੀ ਬਲਜਿੰਦਰ ਸਿੰਘ ਸ਼ਾਮਿਲ ਹਨ। ਸਾਰੇ ਦੋਸ਼ੀਆਨ ਨੇ ਭਿਆਨਕ ਬੀਮਾਰੀ ਦੇ ਬਾਵਜੂਦ ਘਰੋਂ ਭੱਜ਼ ਕੇ ਹੋਰਨਾਂ ਲੋਕਾਂ ਦੀ ਜਾਨ ਨੂੰ ਖਤਰੇ ਚ, ਪਾ ਕੇ ਡੀਸੀ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ। ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਜੋਗਿੰਦਰ ਸਿੰਘ ਨੇ ਦੱਸਿਆ ਕਿ ਉਕਤ ਚਾਰੋਂ ਦੋਸ਼ੀਆਂ ਦੇ ਖਿਲਾਫ ਅਧੀਨ ਜੁਰਮ 188/269/270 ਆਈਪੀਸੀ ਅਤੇ 51 ਡਿਜਾਸਟਰ ਮੈਨੇਜਮੈਂਟ ਐਕਟ ਦੇ ਤਹਿਤ ਥਾਣਾ ਸ਼ਹਿਣਾ ਚ, ਕੇਸ ਦਰਜ਼ ਕਰਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।