ਧਮਕੀਆਂ ਰਾਹੀਂ ਪੈਸੇ ਮੰਗਣ ਵਾਲੇ ਅਖੌਤੀ ਕਿਸਾਨ ਆਗੂਆਂ ਖਿਲਾਫ ਕਾਰਵਾਈ ਦੀ ਕੀਤੀ ਮੰਗ,ਸਮਾਜ ਸੇਵੀ ਸੰਸਥਾਵਾਂ ਡਾਕਟਰ ਦੇ ਹੱਕ ‘ਚ ਨਿੱਤਰੀਆਂ..
ਅਸ਼ੋਕ ਵਰਮਾ ,ਬਠਿੰਡਾ 28 ਦਸੰਬਰ 2023
ਬਠਿੰਡਾ ਦੇ ਗਗਨ ਗੈਸਟਰੋ ਹਸਪਤਾਲ ਦੇ ਡਾਕਟਰ ਗਗਨਦੀਪ ਗੋਇਲ ਨੇ ਐਸ ਐਸ ਪੀ ਬਠਿੰਡਾ ਨੂੰ ਲਿਖਤੀ ਦਰਖਾਸਤ ਰਾਹੀਂ ਉਨ੍ਹਾਂ ਨੂੰ ਧਮਕੀਆਂ ਦੇ ਕੇ ਫਿਰੌਤੀ ਦੇ ਰੂਪ ’ਚ ਪੈਸੇ ਮੰਗਣ ਵਾਲੇ ਇੱਕ ਕਿਸਾਨ ਯੂਨੀਅਨ ਦੇ ਕਾਰਕੁੰਨਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਗਗਨਦੀਪ ਗੋਇਲ ਨੇ ਸ਼ਹਿਰ ਦੇ ਸਮਾਜਸੇਵੀ ਆਗੂਆਂ ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਅਤੇ ਸਹਿਯੋਗ ਵੈਲਫੇਅਰ ਕਲੱਬ ਦੇ ਪ੍ਰਧਾਨ ਗੁਰਵਿੰਦਰ ਸ਼ਰਮਾ ਦੀ ਹਾਜ਼ਰੀ ’ਚ ਵੀਡੀਓ ਜਾਰੀ ਕਰਕੇ ਆਪਣੇ ਨਾਲ ਵਰਤੇ ਵਰਤਾਰੇ ਦਾ ਹਾਲ ਵੀ ਬਿਆਨ ਕੀਤਾ ਹੈ। ਮਹੱਤਵਪੂਰਨ ਤੱਥ ਹੈ ਕਿ ਐਸ ਐਸ ਪੀ ਵੱਲੋਂ ਇੰਜ ਦਿਨ ਦਿਹਾੜੇ ਕਿਸੇ ਨਾਮੀ ਡਾਕਟਰ ਨੂੰ ਧਮਕੀਆਂ ਦੇਣ ਅਤੇ ਪੈਸੇ ਮੰਗਣ ਦੀ ਘਟਨਾ ਦਾ ਗੰਭੀਰ ਨੋਟਿਸ ਲੈਂਦਿਆਂ ਤੁੰਰਤ ਕਾਰਵਾਈ ਕਰਨ ਦੇ ਦਿੱਤੇ ਹੁਕਮਾਂ ਤੋਂ ਬਾਅਦ ਪੁਲਿਸ ਪ੍ਰਸ਼ਾਸ਼ਨ ਨੇ ਜਾਂਚ ਆਰੰਭ ਦਿੱਤੀ ਹੈ।
ਐਸ ਐਸ ਪੀ ਨੂੰ ਦਿੱਤੀ ਦਰਖਾਸਤ ’ਚ ਡਾਕਟਰ ਗਗਨਦੀਪ ਗੋਇਲ ਨੇ ਦੱਸਿਆ ਕਿ 27 ਦਸੰਬਰ ਨੂੰ ਕੁੱਝ ਅਣਪਛਾਤੇ ਬੰਦੇ ਜਿੰਨ੍ਹਾਂ ਦੇ ਹੱਥਾਂ ਵਿੱਚ ਕਿਸਾਨ ਯੂਨੀਅਨ ਦੇ ਝੰਡੇ ਸਨ । ਗਗਨ ਗੈਸਟਰੋ ਕੇਅਰ ਹਸਪਤਾਲ ’ਚ ਆਏ ਅਤੇ ਚੱਲਦੀ ਓਪੀਡੀ ਦੌਰਾਨ ਹੰਗਾਮਾ ਸ਼ੁਰੂ ਕਰ ਦਿੱਤਾ। ਇੰਨ੍ਹਾਂ ਲੋਕਾਂ ਨੂੰ ਪਿਆਰ ਨਾਲ ਗੱਲ ਕਰਨ ਲਈ ਕਿਹਾ ,ਪਰ ਇਹ ਬਦਸਲੂਕੀ ਕਰਨ ਤੇ ਉੱਤਰ ਆਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ 24 ਸਤੰਬਰ 2023 ਨੂੰ ਬਲਜਿੰਦਰ ਸਿੰਘ ਨਾਮ ਦਾ ਮਰੀਜ ਆਇਆ ਸੀ ।ਜਿਸ ਦਾ ਪੂਰੀ ਤਸੱਲੀ ਨਾਲ ਇਲਾਜ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਮਰੀਜ ਦੀਆਂ ਸਾਰੀਆਂ ਰਿਪੋਰਟਾਂ ਅਤੇ ਫਾਈਲਾਂ ਆਦਿ ਹਸਪਤਾਲ ਵਿੱਚ ਮੌਜੂਦ ਹਨ। ਉਨ੍ਹਾਂ ਦੱਸਿਆ ਕਿ ਮਰੀਜ ਬਲਜਿੰਦਰ ਸਿੰਘ ਆਪਣੀ ਮਰਜੀ ਤੇ ਪ੍ਰੀਵਾਰ ਦੀ ਸਹਿਮਤੀ ਨਾਲ 2 ਅਕਤੂਬਰ 2023 ਨੂੰ ਛੁੱਟੀ ਲੈਕੇ ਚਲਾ ਗਿਆ ਸੀ।
ਉਨ੍ਹਾਂ ਦੱਸਿਆ ਕਿ ਇੱਕ ਕਿਸਾਨ ਯੂਨੀਅਨ ਨਾਲ ਸਬੰਧਤ ਅਤੇ ਕੁੱਝ ਹੋਰ ਲੋਕ ਬਲਜਿੰਦਰ ਸਿੰਘ ਦੀ ਆੜ ’ਚ ਪੈਸਿਆਂ ਦੀ ਮੰਗ ਕਰ ਰਹੇ ਸਨ । ਡਾ ਗੋਇਲ ਨੇ ਇੰਨ੍ਹਾਂ ਅਣਪਛਾਤੇ ਕਿਸਾਨ ਕਾਰੁੰਕਨਾਂ ਖਿਲਾਫ ਹਸਪਤਾਲ ’ਚ ਆਕੇ ਹੁੱਲੜ੍ਹਬਾਜੀ ਕਰਨ ਅਤੇ ਧਮਕੀਆਂ ਦੇਣ ਦੇ ਮਾਮਲੇ ’ਚ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਓਧਰ ਵੀਡੀਓ ਰਾਹੀਂ ਗਗਨਦੀਪ ਗੋਇਲ ਨੇ ਦੱਸਿਆ ਕਿ ਉਨ੍ਹਾਂ ਦੇ ਹਸਪਤਾਲ ’ਚ ਪਿੰਡਾਂ ਸ਼ਹਿਰਾਂ ਅਤੇ ਵੱਖ ਵੱਖ ਸੂਬਿਆਂ ਸਮੇਤ ਦੂਰੋਂ ਦੂਰੋਂ ਇਲਾਜ ਲਈ ਆਉਂਦੇ ਹਨ। ਉਨ੍ਹਾਂ ਕਿਹਾ ਕਿ ਬੇਸ਼ੱਕ ਮੁੱਖ ਮੰਤਰੀ ਦਾ ਪੰਜਾਬ ਨੂੰ ਰੰਗਲਾ ਪੰਜਾਬ ਬਨਾਉਣ ਦਾ ਸੁਪਨਾ ਹੈ । ਪਰ ਇਸ ਤਰਾਂ ਧਮਕੀਆਂ ਦੇਣ ਫਿਰੌਤੀਆਂ ਅਤੇ ਡਰਾ ਕੇ ਪੈਸਾ ਮੰਗਣ ਦੇ ਮਾਮਲੇ ਵਧ ਰਹੇ ਹਨ । ਜਿਸ ਨਾਲ ਰੰਗਲਾ ਪੰਜਾਬ ਬਣਨ ਤੇ ਸਵਾਲ ਖੜ੍ਹੇ ਹੁੰਦੇ ਹਨ।
ਉਨ੍ਹਾਂ ਦੱਸਿਆ ਕਿ 27 ਦਸੰਬਰ ਨੂੰ ਕਰੀਬ ਦਸ ਬੰਦੇ ਆਏ ਅਤੇ ਹੰਗਾਮਾ ਸ਼ੁਰੂ ਕਰ ਦਿੱਤਾ ਤੇ 1 ਲੱਖ 80 ਹਜ਼ਾਰ ਰੁਪਏ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੈਸੇ ਨਾਂ ਦੇਣ ਦੀ ਸੂਰਤ ’ਚ ਧਰਨਾ ਲਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਿਸਾਨ ਆਗੂਆਂ ਨੂੰ ਪੂਰੀ ਤਸੱਲੀ ਕਰਨ ਲਈ ਕਿਹਾ ਪਰ ਜਦੋਂ ਉਹ ਆਪਣੀ ਗੱਲ ਤੇ ਅੜੇ ਰਹੇ ਤਾਂ ਹੀ ਸ਼ਕਾਇਤ ਪੁਲਿਸ ਨੂੰ ਦਿੱਤੀ ਗਈ ਹੈ। ਉਨ੍ਹਾਂ ਮੁੱਖ ਮੰਤਰੀ ਤੋਂ ਇਸ ਤਰਾਂ ਦੇ ਮਾਮਲਿਆਂ ਵੱਲ ਧਿਆਨ ਦੇਣ ਦੀ ਮੰਗ ਕੀਤੀ ਹੈ। ਇਸ ਮੌਕੇ ਸੋਨੂੰ ਮਹੇਸ਼ਵਰੀ ਅਤੇ ਗੁਰਵਿੰਦਰ ਸ਼ਰਮਾ ਨੇ ਕਿਹਾ ਕਿ ਇਸ ਤਰਾਂ ਗੈਂਗਸਟਰਾਂ ਵਾਂਗ ਫਿਰੌਤੀਆਂ ਮੰਗਣਾ ਕਿਸੇ ਵੀ ਤਰਾਂ ਜਾਇਜ ਨਹੀਂ ਠਹਿਰਾਇਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਕਿਸਾਨ ਯੂਨੀਅਨ ਦੇ ਨਾਮ ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ । ਜਿਸ ਦੇ ਖਿਲਾਫ ਪੁਲਿਸ ਪ੍ਰਸ਼ਾਸ਼ਨ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਮੁੱਦੇ ਤੇ ਕਿਸਾਨ ਯੂਨੀਅਨ ਨੇ ਧਰਨਾ ਲਾਇਆ ਤਾਂ ਸਮਾਜਸੇਵੀ ਸੰਸਥਾਵਾਂ ਵਿਰੋਧ ਕਰਨਗੀਆਂ। ਉਨ੍ਹਾਂ ਕਿਹਾ ਕਿ ਜੇਕਰ ਅਜਿਹੇ ਮਾਮਲੇ ਵਧਦੇ ਹਨ ਤਾਂ ਡਾਕਟਰ ਏਦਾਂ ਦੇ ਲੋਕਾਂ ਦੇ ਇਲਾਜ ਤੋਂ ਹੱਥ ਪਿੱਛੇ ਖਿੱਚ੍ਹ ਸਕਦੇ ਹਨ । ਗੁਰਵਿੰਦਰ ਸ਼ਰਮਾ ਨੇ ਕਿਹਾ ਕਿ ਇਸ ਤਰਾਂ ਕਿਸਾਨ ਯੂਨੀਅਨ ਦੇ ਨਾਮ ਤੇ ਧੱਕਾ ਕਰਨਾ ਪੂਰੀ ਤਰਾਂ ਗਲ੍ਹਤ ਕਰਾਰ ਦਿੰਦਿਆਂ ਮੁੱਖ ਮੰਤਰੀ ਪੰਜਾਬ ਅਤੇ ਐਸਐਸਪੀ ਤੋਂ ਅਜਿਹੇ ਵਰਤਾਰੇ ਨੂੰ ਲਗਾਮ ਲਾਉਣ ਦੀ ਮੰਗ ਕੀਤੀ ਹੈ। ਥਾਣਾ ਸਿਵਲ ਲਾਈਨ ਦੇ ਮੁੱਖ ਥਾਣਾ ਅਫਸਰ ਇੰਸਪੈਕਟਰ ਯਾਦਵਿੰਦਰ ਸਿੰਘ ਬਰਾੜ ਦਾ ਕਹਿਣਾ ਸੀ ਕਿ ਕਿਸਾਨ ਜੱਥੇਬੰਦੀ ਦੇ ਆਗੂਆਂ ਨੂੰ ਸ਼ੁੱਕਵਾਰ ਨੂੰ ਸੱਦਿਆ ਗਿਆ ਹੈ। ਜਿੰਨ੍ਹਾਂ ਦੇ ਆਉਣ ਤੋਂ ਬਾਅਦ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਏਗੀ।