ਧਰਮਰਾਜ ਤੇ ਭਗਵਾਨ ਨੇ ਚੰਦ ਚਾੜ੍ਹਿਆ–ਪੰਜਾਬ ਦੀ ਜਮੀਨ ਨੂੰ ਹਰਿਆਣਾ ’ਚ ਵਾੜਿਆ

Advertisement
Spread information

ਅਸ਼ੋਕ ਵਰਮਾ ,ਚੰਡੀਗੜ੍ਹ 28 ਦਸੰਬਰ 2023 

     ਪੰਜਾਬ ’ਚ ਜੱਟ ਅਤੇ ਜਮੀਨ ਦੇ ਮਾਮਲੇ ’ਚ ਪਟਵਾਰੀ ਦੀ ਸਰਦਾਰੀ ਕਿਸੇ ਤੋਂ ਲੁਕੀ ਛੁਪੀ ਨਹੀਂ । ਪਰ ਦੋ ਪਟਵਾਰੀਆਂ ਨੇ ਮਿਲ ਕੇ ਅਜਿਹਾ ਚੰਦ ਚਾੜ੍ਹਿਆ ਹੈ । ਜਿਸ ਨੂੰ ਦੇਖਕੇ  ਵਿਜੀਲੈਂਸ ਦੇ ਅਫਸਰ ਵੀ ਦੰਗ ਰਹਿ ਗਏ ਹਨ। ਮਾਮਲਾ ਜਮੀਨ ਦੇ ਤਬਾਦਲੇ ਦਾ ਹੈ ,ਜੋਕਿ ਪਟਵਾਰੀ ਵੱਲੋਂ ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਕੀਤਾ ਜਾ ਸਕਦਾ ਹੈ । ਪਰ  ਜਿਲ੍ਹਾ ਸੰਗਰੂਰ ਦੇ ਦੋ ਪਟਵਾਰੀਆਂ ਧਰਮਰਾਜ ਅਤੇ ਭਗਵਾਨ ਦਾਸ ਨੇ ਪੰਜਾਬ ਅਤੇ ਹਰਿਆਣਾ ਦੀ ਜਮੀਨ ਦਾ ਆਪਸ ’ਚ ਤਬਾਦਲਾ ਅਤੇ ਇੰਤਕਾਲ ਕਰ ਦਿੱਤਾ । ਵੱਡੀ ਗੱਲ ਇਹ ਵੀ ਹੈ ਕਿ ਇੰਨ੍ਹਾਂ  ਚੋਂ ਇੱਕ ਧਿਰ ਨੂੰ ਇਸ ਕਾਰੇ ਦੀ ਭਿਣਕ ਤੱਕ ਨਹੀਂ ਪੈਣ ਦਿੱਤੀ। ਜਦੋਂ ਦੂਸਰੀ ਧਿਰ ਨੂੰ ਪਤਾ ਲੱਗਿਆ ਤਾਂ ਦੁਹਾਈ ਦੇਣ ਦੇ ਬਾਵਜੂਦ ਮਾਲ ਵਿਭਾਗ ਨੇ ਕੋਈ ਕਾਰਵਾਈ ਨਾ ਕੀਤੀ।
      ਅੰਤ ਨੂੰ ਮੁਦਈ ਧਿਰ ਨੇ ਅਦਾਲਤ ਦਾ ਬੂਹਾ ਖੜਕਾਇਆ ਤਾਂ ਵਿਜੀਲੈਂਸ ਦੀ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਇਹ ਕਾਂਡ 7 ਲੱਖ ਰੁਪਏ ਦੀ ਰਿਸ਼ਵਤ ਲੈ ਕੇ ਕੀਤਾ ਗਿਆ ਹੈ ਜਿਸ ਨੂੰ ਦੇਖਕੇ ਅਧਿਕਾਰੀ ਵੀ ਉਂਗਲਾਂ ਟੁੱਕਣ ਲਈ ਮਜਬੂਰ ਹੋ ਗਏ। ਹੁਣ ਵਿਜੀਲੈਂਸ ਨੇ ਇਸ ਮਾਮਲੇ ’ਚ ਮੂਣਕ ਦੇ ਤਤਕਾਲੀ ਤਹਿਸੀਲਦਾਰ ( ਹੁਣ ਸੇਵਾ-ਮੁਕਤ) ਸੰਧੂਰਾ ਸਿੰਘ, ਸੰਗਰੂਰ ਜ਼ਿਲ੍ਹੇ ਦੇ ਮਾਲ ਹਲਕਾ ਪਿੰਡ ਬੱਲਰਾਂ ਦੇ ਪਟਵਾਰੀ ਧਰਮਰਾਜ ਅਤੇ ਭਗਵਾਨ ਦਾਸ ਪਟਵਾਰੀ (ਸੇਵਾਮੁਕਤ) ਨੂੰ ਵਾਹੀਯੋਗ ਜ਼ਮੀਨ ਦੇ ਗੈਰ-ਕਾਨੂੰਨੀ ਤਬਾਦਲੇ ਅਤੇ ਇੰਤਕਾਲ ਕਰਵਾਉਣ ਬਦਲੇ ਦਰਜ ਐਫਆਈਆਰ ਨੰਬਰ 18 ਮਿਤੀ 27 ਦਸੰਬਰ 2023 ਦੀ ਡੂੰਘਾਈ ਨਾਲ ਤਫ਼ਤੀਸ਼ ਕਰਨ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਹੈ। ਇਹ ਮੁਕੱਦਮਾ ਵਿਜੀਲੈਂਸ ਬਿਊਰੋ ਦੇ ਆਰਥਿਕ ਅਪਰਾਧ ਸ਼ਾਖਾ ਲੁਧਿਆਣਾ ਦੇ ਥਾਣੇ ਵਿੱਚ ਆਈਪੀਸੀ ਦੀ ਧਾਰਾ 420, 465, 467, 468, 471, 120-ਬੀ ਤਹਿਤ ਦਰਜ ਕੀਤਾ ਗਿਆ ਹੈ।
     ਇਸ  ਐਫਆਈਆਰ ਵਿੱਚ ਸੰਧੂਰਾ ਸਿੰਘ, ਤਹਿਸੀਲਦਾਰ (ਸੇਵਾਮੁਕਤ), ਧਰਮਰਾਜ ਤੇ ਮਿੱਠੂ ਸਿੰਘ ਪਟਵਾਰੀ (ਦੋਵੇਂ ਹਲਕਾ ਬੱਲਰਾਂ ), ਭਗਵਾਨ ਦਾਸ ਪਟਵਾਰੀ (ਸੇਵਾਮੁਕਤ) ਅਤੇ ਇੱਕ ਨਿੱਜੀ ਵਿਅਕਤੀ ਬਲਵੰਤ ਸਿੰਘ ਵਾਸੀ ਪਿੰਡ ਬੱਲਰਾਂ ਨਾਮਜਦ ਕੀਤੇ ਗਏ ਹਨ। ਵਿਜੀਲੈਂਸ ਅਨੁਸਾਰ ਪਿੰਡ ਬੱਲਰਾਂ ਵਿਖੇ ਗੁਰਤੇਜ ਸਿੰਘ ਅਤੇ ਹੋਰਨਾਂ ਦੀ 25 ਕਨਾਲ 15 ਮਰਲੇ ਜ਼ਮੀਨ ਦਾ ਪਿੰਡ ਰਾਏਪੁਰ, ਤਹਿਸੀਲ ਜਾਖਲ, ਹਰਿਆਣਾ ਵਿਖੇ ਬਲਵੰਤ ਸਿੰਘ ਦੀ ਜ਼ਮੀਨ ਨਾਲ ਜਾਅਲੀ ਤਬਾਦਲਾ ਤੇ ਇੰਤਕਾਲ (ਨੰਬਰ 10808) ਇੰਦਰਾਜ ਕਰਾਉਣ ਦਾ ਖੁਲਾਸਾ ਹੋਇਆ ਹੈ । ਧਰਮਰਾਜ ਪਟਵਾਰੀ ਨੇ ਇਸ ਕੰਮ ਲਈ ਬਲਵੰਤ ਸਿੰਘ ਤੋਂ 7 ਲੱਖ ਰੁਪਏ ਵੱਢੀ ਲਈ ਸੀ। ਮਗਰੋਂ ਧਰਮਰਾਜ ਨੇ ਇਸ ਇੰਤਕਾਲ ਦੀ ਪ੍ਰਵਾਨਗੀ ਤਹਿਸੀਲਦਾਰ ਸੰਧੂਰਾ ਸਿੰਘ ਤੋਂ ਜਮਾਂਬੰਦੀ ’ ਚ ਐਂਟਰੀਆਂ ਨਾਲ ਮੇਲਣ ਲਈ 15 ਮਈ.2019 ਦੀ ਬੈਕ ਡੇਟ ਤੋਂ ਪ੍ਰਾਪਤ ਕੀਤੀ, ਜਿਸ ਦੀ ਸਮਾਂ ਸੀਮਾ 15 ਮਈ 2023 ਸੀ।
      ਬੁਲਾਰੇ ਨੇ ਦੱਸਿਆ ਕਿ ਪਟਵਾਰੀ ਨੇ ਇੰਤਕਾਲ ਦੀ ਪ੍ਰਵਾਨਗੀ ਲਈ ਐਂਟਰੀ ਬਾਲਪੁਆਇੰਟ ਪੈਨ ਨਾਲ ਕੀਤੀ ਸੀ, ਉਸੇ ਮਿਤੀ ਨੂੰ ਹੋਰ ਐਂਟਰੀਆਂ ਦੇ ਉਲਟ, ਜੈੱਲ ਪੈੱਨ ਦੀ ਵਰਤੋਂ ਕਰਕੇ ਦਰਜ ਕੀਤੀਆਂ ਗਈਆਂ ਸਨ। ਇਸ ਤੋਂ ਇਲਾਵਾ ਦੋਸ਼ੀ ਪਟਵਾਰੀ ਨੇ ਆਪਣੇ ਦੋਸ਼ ਨੂੰ ਛੁਪਾਉਣ ਲਈ ਇਸ ਇੰਤਕਾਲ ਦੀ ਕਾਪੀ ਕਾਨੂੰਗੋ ਦੇ ਦਫ਼ਤਰ ਨੂੰ ਵੀ ਨਾ ਭੇਜੀ। ਜਾਂਚ ਦੌਰਾਨ ਪਤਾ ਲੱਗਾ ਕਿ ਗੁਰਤੇਜ ਸਿੰਘ ਅਤੇ ਹੋਰਾਂ ਅਤੇ ਬਲਵੰਤ ਸਿੰਘ ਵਿਚਕਾਰ ਕੋਈ ਪਰਿਵਾਰਕ ਵੰਡ ਨਹੀਂ ਹੋਈ ਸੀ। ਇਸ ਤੋਂ ਇਲਾਵਾ ਬਲਵੰਤ ਸਿੰਘ ਕੋਲ ਹਰਿਆਣਾ ਦੇ ਪਿੰਡ ਜਾਖਲ ਵਿਖੇ ਕੋਈ ਜ਼ਮੀਨ ਵੀ ਨਹੀਂ ਸੀ । ਸਾਲ 1966 ਤੋਂ ਪਿੰਡ ਬੱਲਰਾਂ ਵਿੱਚ ਜ਼ਮੀਨ ਦੇ ਮਾਲਕ ਹੋਣ ਦਾ ਦਾਅਵਾ ਕਰ ਰਹੇ ਬਲਵੰਤ ਸਿੰਘ ਨੇ ਤਬਾਦਲੇ ਰਾਹੀਂ ਜ਼ਮੀਨ ਦਾ ਮਾਲਕ ਬਣਨ ਵਾਸਤੇ ਧਰਮਰਾਜ ਪਟਵਾਰੀ ਕੋਲ ਪਹੁੰਚ ਕੀਤੀ, ਜਿਸ ਨੇ 10 ਲੱਖ ਰੁਪਏ ਦੀ ਮੰਗ ਕੀਤੀ ਸੀ।
     ਗੱਲਬਾਤ ਤੋਂ ਬਾਅਦ ਧਰਮਰਾਜ ਨੇ ਬਲਵੰਤ ਸਿੰਘ ਤੋਂ 7 ਲੱਖ ਰੁਪਏ ਰਿਸ਼ਵਤ ਵਜੋਂ  ਲੈ ਲਏ । ਬੁਲਾਰੇ ਅਨੁਸਾਰ ਧਰਮਰਾਜ ਪਟਵਾਰੀ ਦੇ ਤਬਾਦਲੇ ਤੋਂ ਬਾਅਦ ਮਿੱਠੂ ਸਿੰਘ ਪਟਵਾਰੀ ਨੇ ਸ਼ਿਕਾਇਤਕਰਤਾ ਦੇ ਮਾਲ ਰਿਕਾਰਡ ਵਿੱਚ ਫੇਰਬਦਲ ਕਰਕੇ ਧੋਖੇ ਨਾਲ ਉਨ੍ਹਾਂ ਦੇ ਹਿੱਸੇ 57 ਕਨਾਲ 11 ਮਰਲੇ ਤੋਂ ਘਟਾ ਕੇ 31 ਕਨਾਲ 16 ਮਰਲੇ ਜ਼ਮੀਨ ਕਰ ਦਿੱਤੀ। ਇਸ ਗੈਰ-ਕਾਨੂੰਨੀ ਕਾਰਵਾਈ ਰਾਹੀਂ ਬਲਵੰਤ ਸਿੰਘ ਨੂੰ 25 ਕਨਾਲ 15 ਮਰਲੇ ਜ਼ਮੀਨ ਦਾ ਮਾਲਕ ਬਣਾ ਦਿੱਤਾ। ਇਨ੍ਹਾਂ ਕਾਰਵਾਈਆਂ ਨੂੰ ਛੁਪਾਉਣ ਲਈ, ਮਿੱਠੂ ਸਿੰਘ ਪਟਵਾਰੀ ਨੇ ਜਮ੍ਹਾਂਬੰਦੀ ਰਜਿਸਟਰ ਵਿੱਚੋਂ ਪੰਨਾ ਨੰਬਰ 134 ਤੋਂ 138 ਨੂੰ ਹਟਾ ਦਿੱਤਾ ਅਤੇ ਰਜਿਸਟਰ ਦੇ ਬਾਕੀ ਪੰਨਿਆਂ ਦੇ ਉਲਟ, ਲੜੀ ਨੰਬਰਾਂ ਤੋਂ ਬਿਨਾਂ ਵਾਲੇ ਨਵੇਂ ਪੰਨੇ ਜੋੜ ਦਿੱਤੇ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮਿੱਠੂ ਸਿੰਘ ਪਟਵਾਰੀ ਨੇ 07 ਮਈ 2021 ਨੂੰ ਮਾਲ ਰਿਕਾਰਡ ਵਿੱਚ ਇਹ ਹੇਰਾਫੇਰੀ ਕੀਤੀ ਸੀ।
      ਫਿਰ ਬਲਵੰਤ ਸਿੰਘ ਨੇ ਉਕਤ ਜ਼ਮੀਨ ਆਪਣੇ ਪੋਤਰੇ ਬਲਰਾਜ ਸਿੰਘ ਨੂੰ ਵਸੀਕਾ ਨੰਬਰ 53 ਮਿਤੀ 26 ਅਪਰੈਲ 2022 ਰਾਹੀਂ ਤਬਦੀਲ ਕਰ ਦਿੱਤੀ। ਇਸ ਪਿੱਛੋਂ ਭਗਵਾਨ ਦਾਸ ਪਟਵਾਰੀ ਨੇ ਇੰਤਕਾਲ ਨੰਬਰ 11123 ਮਿਤੀ 8 ਜੁਲਾਈ 2022 ਦਰਜ ਕੀਤਾ ਅਤੇ 14 ਜੁਲਾਈ 2022 ਨੂੰ ਪ੍ਰਵਾਨਗੀ ਪ੍ਰਾਪਤ ਕਰ ਲਈ। ਜਦੋਂ ਸ਼ਿਕਾਇਤਕਰਤਾ ਗੁਰਤੇਜ ਸਿੰਘ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਸ਼ਿਕਾਇਤ ਦਰਜ ਕਰਵਾਈ ਤਾਂ ਭਗਵਾਨ ਦਾਸ ਪਟਵਾਰੀ ਨੇ ਇੰਤਕਾਲ ਨੰਬਰ 16 ਮਿਤੀ 18 ਜੁਲਾਈ 2022 ਨੂੰ ਦਰੁਸਤ ਕਰ ਦਿੱਤਾ । ਪਰ ਉਹ ਮਾਲ ਰਜਿਸਟਰ ਵਿੱਚ ਇੰਤਕਾਲ ਨੰ: 11123 ਮਿਤੀ 18 ਜੁਲਾਈ 2022 ਦੇ ਆਧਾਰ ’ਤੇ ਸੇਲ ਡੀਡ/ਵਾਸੀਕਾ ਨੰ: 53 ਮਿਤੀ 26 ਅਪਰੈਲ 2022 ਦਾ ਹਵਾਲਾ ਦੇਣ ਵਿੱਚ ਅਸਫਲ ਰਿਹਾ । ਬੁਲਾਰੇ ਨੇ ਦੱਸਿਆ ਕਿ ਮਾਮਲੇ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ ਅਤੇ ਬਾਕੀ ਦੋਸ਼ੀਆਂ ਨੂੰ ਵੀ ਜਲਦ ਹੀ ਕਾਬੂ ਕਰ ਲਿਆ ਜਾਵੇਗਾ।
ਵਿਵਾਦਾਂ ’ਚ ਰਿਹਾ ਸੰਧੂਰਾ ਸਿੰਘ
  ਮਹੱਤਵਪੂਰਨ ਵੀ ਹੈ ਕਿ ਸੇਵਾਮੁਕਤ ਤਹਿਸੀਲਦਾਰ ਸੰਧੂਰਾ ਸਿੰਘ ਨਾਲ ਨੌਕਰੀ ਦੌਰਾਨ ਪਹਿਲਾਂ ਵੀ ਵਿਵਾਦ ਜੁੜੇ ਰਹੇ ਹਨ। ਕਾਂਗਰਸ ਦੇ ਰਾਜ ਵੇਲੇ ਦਸੰਬਰ 2019 ’ਚ ਪਾਤੜਾਂ ਹਲਕੇ ਦੇ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ ਅਤੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵਿਚਕਾਰ ਖੜਕ ਗਈ ਸੀ । ਜਿਸ ਦੀ ਵਜ੍ਹਾ ਪਾਤੜਾਂ ਤਹਿਸੀਲ ’ਚ ਹੁੰਦੀ ਕਥਿਤ ਕੁਰੱਪਸ਼ਨ ਬਣੀ ਸੀ। ਉਦੋਂ ਤਹਿਸੀਲ ਪਾਤੜਾਂ ਵਿੱਚ ਸੰਧੂਰਾ ਸਿੰਘ ਬਤੌਰ ਤਹਿਸੀਲਦਾਰ ਵਜੋਂ ਤਾਇਨਾਤ ਸਨ ਜੋ ਕਿ ਮਾਨਸਾ ਜਿਲ੍ਹੇ ਨਾਲ ਸਬੰਧਤ ਸਾਬਕਾ ਐਮ.ਪੀ ਹਾਕਮ ਸਿੰਘ ਮੀਆਂ ਦੇ ਸਪੁੱਤਰ ਹਨ।

Advertisement
Advertisement
Advertisement
Advertisement
Advertisement
Advertisement
error: Content is protected !!