ਸ਼ਹਿਰ ਵਿੱਚ ਇਹ ਤਾਂ ਘੋਰ ਪਾਪ ਹੋ ਗਿਆ,,,!
ਹਰਿੰਦਰ ਨਿੱਕਾ , ਬਰਨਾਲਾ 28 ਦਸੰਬਰ 2023
ਗੁੱਡੀਆਂ ਪਟੋਲਿਆਂ ਨਾਲ ਖੇਲ੍ਹਣ ਦੀ ਉਮਰੇ ,ਉਹਨੂੰ ਜੰਮਣ ਪੀੜਾਂ ਦੇ ਦਰਦ ਨਾਲ ਮੇਲ੍ਹਣਾ ਪੈ ਗਿਆ। ਅਜਿਹਾ ਘਿਣਾਉਂਣਾ ਕਾਰਾ ,ਬਰਨਾਲਾ ਸ਼ਹਿਰ ਅੰਦਰ ਵਾਪਰਿਆ। ਸ਼ਹਿਰ ਦੇ ਬੱਸ ਅੱਡੇ ਨੇੜਲੇ ਖੇਤਰ ‘ਚ ਰਹਿੰਦੇ ਇੱਕ ਪ੍ਰਵਾਸੀ ਪਰਿਵਾਰ ਦੀ ਗਿਆਰਾਂ ਕੁ ਵਰ੍ਹਿਆਂ ਦੀ ਮਾਸੂਮ ਬਾਲੜੀ ਦਾ ਆਪਣੇ ਘਰ ਅੰਦਰ ਕਈ ਮਹੀਨਿਆਂ ਤੱਕ ਸ਼ਰੀਰਕ ਸ਼ੋਸ਼ਣ (RAPE) ਹੁੰਦਾ ਰਿਹਾ। ਘੋਰ ਪਾਪ ਦੀ ਇੰਤਹਾਂ ਇਹ ਵੀ ਕਿ, ਮਾਸੂਮ ਦੇ ਗਰਭ ਵਿੱਚ ਚਾਰ ਮਹੀਨਿਆਂ ਤੱਕ ਬੱਚਾ ਵੀ ਪਲਦਾ ਰਿਹਾ । ਘਟਨਾ ਲੰਘੀ ਕੱਲ੍ਹ ਸਵੇਰ ਕਰੀਬ 6 ਕੁ ਵਜੇ, ਉਦੋਂ ਸਾਹਮਣੇ ਆਈ, ਜਦੋਂ ਦਰਦ ਦੀ ਸ਼ਿਖਰ ਹੋਣ ਤੇ ਇੱਕ ਵਿਅਕਤੀ ਉਸ ਨੂੰ ਲੈ ਕੇ ਸਿਵਲ ਹਸਪਤਾਲ ਬਰਨਾਲਾ ਦੀ ਐਮਰਜੈਂਸੀ ਵਿੱਚ ਪਹੁੰਚ ਗਿਆ। ਹਸਪਤਾਲ ‘ਚ ਪਹੁੰਚਦਿਆਂ ਹੀ, ਬਾਲੜੀ ਦਾ ਗਰਭ ਗਿਰ ਗਿਆ ‘ਤੇ ਹਸਪਤਾਲ ਦੇ ਸਟਾਫ ਨੂੰ ਹੱਥਾਂ ਪੈਰਾਂ ਦੀ ਪੈ ਗਈ। ਹਸਪਤਾਲ ਵੱਲੋਂ ਇਸ ਸਬੰਧੀ ਕਾਨੂੰਨੀ ਕਾਰਵਾਈ ਲਈ ਰੁੱਕਾ (ਸੂਚਨਾ) ਥਾਣਾ ਸਿਟੀ 1 ਬਰਨਾਲਾ ਦੀ ਪੁਲਿਸ ਨੂੰ ਭੇਜ ਦਿੱਤੀ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ 27 ਦਸੰਬਰ ਨੂੰ ਪੋਹ ਫੁਟਾਲੇ ਸਮਾਂ 5:50 ਸਵੇਰ ਵਜੇ ਇੱਕ ਵਿਅਕਤੀ ਦਰਦ ਨਾਲ ਚੀਖਦੀ ਬੱਚੀ ਨੂੰ ਲੈ ਕੇ ਸਿਵਲ ਹਸਪਤਾਲ ਬਰਨਾਲਾ ਆਇਆ। ਡਾਕਟਰਾਂ ਦੀ ਮੁੱਢਲੀ ਜਾਂਚ ਦੌਰਾਨ ਹੀ, ਬੱਚੀ ਦੀ ਹਾਲਤ ਕਾਫੀ ਗੰਭੀਰ ਹੋ ਗਈ ‘ਤੇ, ਉਸ ਦਾ ਭਰੂਣ ਗਿਰ ਗਿਆ। ਬੱਚੀ ਨੂੰ ਹਸਪਤਾਲ ਲੈ ਕੇ ਆਇਆ ਵਿਅਕਤੀ ਵੀ ਕਿੱਧਰੇ ਖਿਸਕ ਗਿਆ। ਹਸਪਤਾਲ ਦੇ ਸੂਤਰਾਂ ਅਨੁਸਾਰ ਬੇਹੱਦ ਡਰੀ ਸਹਿਮੀ, ਬੱਚੀ ਨੇ ਦੱਸਿਆ ਕਿ ਉਸ ਦਾ ਤਾਇਆ ਹੀ ਉਸ ਨੂੰ ਪਿਛਲੇ ਕਰੀਬ 6 ਮਹੀਨਿਆਂ ਤੋਂ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਆ ਰਿਹਾ ਹੈ । ਬਲਾਤਕਾਰ ਦੀ ਅਜਿਹੀ ਹਿਰਦਾ ਵਲੂੰਧਰ ਦੇਣ ਵਾਲੀ ਘਟਨਾ ਦੀ ਸੂਚਨਾ ਮਿਲਦਿਆਂ ਹੀ ਇੱਕ ਮਹਿਲਾ ਸਬ ਇੰਸਪੈਕਟਰ ਮੌਕੇ ਤੇ ਪਹੁੰਚ ਗਈ। ਪਰੰਤੂ ਪੀੜਤ ਬੱਚੀ ਦੇ ਪਰਿਵਾਰ ਦਾ ਕੋਈ ਮੈਂਬਰ ਵੀ ਘਟਨਾ ਬਾਰੇ ਮੂੰਹ ਖੋਹਲਣ ਲਈ ਤਿਆਰ ਨਹੀਂ ਹੋਇਆ। ਹਸਪਤਾਲ ਦੇ ਸਟਾਫ ਨੇ ਪੁਲਿਸ ਕਾਰਵਾਈ ਦੇ ਇੰਤਜਾਰ ਤੱਕ ਚਾਰ ਕੁ ਮਹੀਨਿਆਂ ਦੇ ਭਰੂਣ ਦਾ ਪੋਸਟਮਾਰਟਮ ਕਰਨ ਲਈ, ਉਸ ਨੂੰ ਮੌਰਚਰੀ ਵਿੱਚ ਸੰਭਾਲ ਦਿੱਤਾ ਹੈ । ਹਸਪਤਾਲ ਦੇ ਸਟਾਫ ਨੂੰ ਇਹ ਵੀ ਸ਼ੱਕ ਹੈ ਕਿ ਬੱਚੀ ਦਾ ਗਰਭ ਗਿਰਾਉਣ ਲਈ, ਦੋਸ਼ੀ ਜਾਂ ਪੀੜਤ ਬੱਚੀ ਦੇ ਕਿਸੇ ਹੋਰ ਪਰਿਵਾਰਿਕ ਮੈਂਬਰ ਵੱਲੋਂ ਗਰਭਪਾਤ ਦੀ ਕੋਸ਼ਿਸ਼ ਵਜੋਂ ਕੋਈ ਦਵਾਈ ਜਾਂ ਕਿੱਟ ਦੀ ਵਰਤੋਂ ਕੀਤੀ ਗਈ ਹੋਵੇ। ਪੀੜਤ ਬੱਚੀ ਨੂੰ ਹਸਪਤਾਲ ਵਿੱਚ ਦਾਖਿਲ ਕਰਵਾਉਣ ਸਮੇਂ ਆਏ ਵਿਅਕਤੀ ਦਾ, ਐਮਰਜੈਂਸੀ ਵਾਰਡ ਵਿੱਚ ਦਰਜ ਕਰਵਾਇਆ ਮੋਬਾਇਲ ਨੰਬਰ ਵੀ ਸਵਿੱਚ ਆਫ ਆ ਰਿਹਾ ਸੀ। ਪ੍ਰਾਪਤ ਵੇਰਵਿਆਂ ਅਨੁਸਾਰ ਬੱਚੀ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਇੱਕ ਪਰਿਵਾਰ ਦੀ ਹੈ। ਇਹ ਪ੍ਰਵਾਸੀ ਪਰਿਵਾਰ ਬੱਸ ਸਟੈਂਡ ਪੁਲਿਸ ਚੌਂਕੀ ਦੇ ਖੇਤਰ ਵਿੱਚ ਰਹਿੰਦਾ ਹੈ। ਖਬਰ ਲਿਖੇ ਜਾਣ ਤੱਕ, ਕੋਈ ਪੁਲਿਸ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾ ਸਕੀ।