ਹਰਿੰਦਰ ਨਿੱਕਾ , ਬਰਨਾਲਾ 29 ਦਸੰਬਰ 2023
ਬਠਿੰਡਾ-ਚੰਡੀਗੜ੍ਹ ਮੁੱਖ ਸੜਕ ਤੇ ਸਥਿਤ GE ਸਿਨੇਮਾ ਦੇ ਸਾਹਮਣੇ ਨਿਰਮਾਣ ਅਧੀਨ ਇੱਕ ਹੋਟਲ ਦੇ ਅਧੇੜ ਉਮਰ ਦੇ ਚੌਂਕੀਦਾਰ ਨੂੰ ਲੰਘੀ ਦੇਰ ਰਾਤ, ਸ਼ੱਕੀ ਹਾਲਤ ਵਿੱਚ ਕਤਲ ਕਰ ਦਿੱਤਾ। ਕਤਲ ਨੂੰ ਲੁੱਟ ਦੀ ਵਾਰਦਾਤ ਵਜੋਂ ਵੇਖਿਆ ਜਾਵੇ । ਇਸ ਲਈ ਕਾਤਿਲ ਉੱਥੋਂ ਗੈਸ ਸਿਲੰਡਰ ਅਤੇ ਕੁੱਝ ਹੋਰ ਸਮਾਨ ਵੀ ਚੋਰੀ ਕਰਕੇ ਲੈ ਗਏ। ਕਤਲ ਦੀ ਘਟਨਾ ਦਾ ਪਤਾ ਪੁਲਿਸ ਨੂੰ ਸਵੇਰੇ ਕਰੀਬ ਸਾਢੇ 9 ਕੁ ਵਜੇ ਲੱਗਿਆ। ਸੂਚਨਾ ਮਿਲਦਿਆਂ ਹੀ ਥਾਣਾ ਸਿਟੀ 2 ਬਰਨਾਲਾ ਦੇ ਐਸ.ਐਚ.ਓ ਨਿਰਮਲਜੀਤ ਸਿੰਘ ਵੀ ਪੁਲਿਸ ਪਾਰਟੀ ਸਣੇ ਮੌਕਾ ਵਾਰਦਾਤ ਪਰ ਪਹੁੰਚ ਗਏ। ਵਾਰਦਾਤ ਦਾ ਖੁਰਾ ਖੋਜ ਲੱਭਣ ਲਈ ਸੀ.ਆਈ.ਏ. ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਵੀ ਦਲਬਲ ਨਾਲ ਉੱਥੇ ਜਾ ਪਹੁੰਚੇ ਅਤੇ ਵਾਰਦਾਤ ਦਾ ਸੁਰਾਗ ਲੱਭਣ ਲਈ, ਤੱਥ ਅਤੇ ਕੜੀਆਂ ਜੋੜਨੀਆਂ ਸ਼ੁਰੂ ਕਰ ਦਿੱਤੀਆਂ। ਕਾਤਿਲਾਂ ਦੀ ਪੈੜ ਨੱਪਣ ਲਈ, ਪੁਲਿਸ ਨੇ ਡੌਗ ਸੁਕੈਅਡ ਦੀ ਟੀਮ ਅਤੇ ਫਿੰਗਰ ਪ੍ਰਿੰਟ ਐਕਸਪਰਟ ਵੀ ਬੁਲਾਏ ਜਾ ਰਹੇ ਹਨ। ਐਸ.ਐਚ.ਓ ਨਿਰਮਲਜੀਤ ਸਿੰਘ ਨੇ ਦੱਸਿਆ ਕਿ ਨਿਰਮਾਣ ਅਧੀਨ ਇੱਕ ਹੋਟਲ ਦੇ ਚੌਕੀਦਾਰ ਦਾ ਸਿਰ ਵਿੱਚ ਕੋਈ ਭਾਰੀ ਚੀਜ ਮਾਰ ਮਾਰ ਕੇ ਕਤਲ ਕੀਤਾ ਗਿਆ ਹੈ। ਮ੍ਰਿਤਕ ਚੌਂਕੀਦਾਰ ਉਮਰ ਕਰੀਬ 62 ਸਾਲ ਦੀ ਪਹਿਚਾਣ ਮਹਿੰਦਰ ਸਿੰਘ ਵਾਸੀ ਹਰਿਆਣਾ ਦੇ ਤੌਰ ਤੇ ਹੋਈ ਹੈ। ਮ੍ਰਿਤਕ ਦੇ ਵਾਰਿਸਾਂ ਨੂੰ ਬੁਲਾਇਆ ਗਿਆ ਹੈ। ਕਤਲ ਵਾਲੀ ਥਾਂ ਤੇ ਦੇਸ਼ੀ ਸ਼ਰਾਬ ਠੇਕਾ ਦੀਆਂ ਦੋ ਲੱਗਭੱਗ ਖਾਲੀ ਕੀਤੀਆਂ ਬੋਤਲਾਂ ਅਤੇ ਇੱਕ ਖਾਰੇ ਦੀ ਖਾਲੀ ਜਿਹੀ ਬੋਤਲ ਪਈ ਹੈ। ਪਹਿਲੀ ਨਜਰੇ ਖੂਨ ਨਾਲ ਲੱਥਪੱਥ ਲਾਸ਼ ਨੂੰ ਵੇਖਿਆਂ ਲੱਗਦਾ ਹੈ ਕਿ ਕਤਲ ਕਰਨ ਲਈ, ਕਾਤਿਲਾਂ ਨੇ ਸਿਰ ਹੀ ਸਿਰ ਤੇ ਵਾਰ ਕੀਤੇ ਹੋਏ ਹਨ। ਮੌਕਾ ਦੇ ਹਾਲਤ ਇਸ ਤਰਾਂ ਜਾਪਦੇ ਹਨ, ਜਿਵੇਂ ਕਤਲ ਤੋਂ ਪਹਿਲਾਂ ਉੱਥੇ ਇੱਕ ਤੋਂ ਵਧੇਰੇ ਵਿਅਕਤੀਆਂ ਨੇ ਸ਼ਰਾਬ ਪੀਤੀ ਹੋਵੇ। ਬੇਸ਼ੱਕ ਨਿਰਮਾਣ ਅਧੀਨ ਹੋਟਲ ਵਿੱਚ ਕੋਈ ਲੁੱਟ ਦੀ ਵਾਰਦਾਤ ਵਾਲਾ ਮਾਹੌਲ ਜਾਂ ਸਮਾਨ ਮੌਜੂਦ ਨਹੀਂ ਸੀ। ਪਰੰਤੂ। ਘਟਨਾ ਨੂੰ ਪਹਿਲੀ ਨਜ਼ਰੇ, ਲੁੱਟ ਦੀ ਵਾਰਦਾਤ ਵਜੋਂ ਪੜਤਾਲਿਆ ਜਾਵੇ, ਅਜਿਹਾ ਦਰਸਾਉਣ ਲਈ, ਉੱਥੋਂ ਗੈਸ ਸਿਲੰਡਰ ਆਦਿ ਦੀ ਚੋਰੀ ਵੀ ਕੀਤੀ ਗਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਕਤਲ ਦੀ ਗੁੱਥੀ ਸੁਲਝਾਉਣ ਲਈ, ਵੱਖ ਵੱਖ ਪਹਿਲੂਆਂ ਦੀ ਜਾਂਚ ਕਰ ਰਹੀ ਹੈ। ਐਸ.ਐਚ.ਓ ਨਿਰਮਲਜੀਤ ਸਿੰਘ ਦਾ ਕਹਿਣਾ ਹੈ ਕਿ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨ ਪਰ, ਹੱਤਿਆ ਦਾ ਪਰਚਾ ਦਰਜ ਕਰਨ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।