ਨੌਵੀਂ ਜਮਾਤ ‘ਚ ਪੜ੍ਹਦੀ ਵਿਦਿਆਰਥਣ ਨੂੰ 2 ਬੱਚਿਆਂ ਦੇ ਬਾਪ ਨੇ ਬਣਾਇਆ ਹਵਸ ਦਾ ਸ਼ਿਕਾਰ
ਤਰਸੇਮ ਸਿਹੁੰ ,ਬਰਨਾਲਾ 29 ਦਸੰਬਰ 2023
ਬਰਨਾਲਾ ਸ਼ਹਿਰ ਅੰਦਰ ਦੋ ਦਿਨਾਂ ਵਿੱਚ ਇੱਕ ਤੋਂ ਬਾਅਦ ਇੱਕ ਹੋਰ ਰੇਪ ਦੀਆਂ ਵੱਖ ਵੱਖ ਘਟਨਾਵਾਂ ਸਾਹਮਣੇ ਆਈਆ ਹਨ। ਪਰੰਤੂ ਇਸ ਤੋਂ ਵੱਡਾ ਅਨਿਆਂ ਹੋਰ ਵੀ ਹੋਇਆ ਹੈ ਕਿ ਦੋਵੇਂ ਨਾਬਾਲਿਗ ਬੱਚੀਆਂ ਨਾਲ ਬਲਾਤਕਾਰ ਦੀਆਂ ਘਟਨਾਵਾਂ ਸਬੰਧੀ ਦੋਸ਼ੀਆਂ ਖਿਲਾਫ ਪੁਲਿਸ ਨੇ ਹਾਲੇ ਤੱਕ ਕੋਈ ਕੇਸ ਦਰਜ ਨਹੀਂ ਕੀਤਾ। ਅਜਿਹੇ ਘਿਨਾਉਣੇ ਜੁਰਮਾਂ ਦੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਨਾ ਹੋਣਾ, ਅਤਿਆਚਾਰ ਕਰਨ ਵਾਲੇ ਦੇ ਹੌਂਸਲੇ ਬੁਲੰਦ ਕਰਦਾ ਹੈ। ਜਦੋਂਕਿ ਪੀੜਤ ਬੱਚੀਆਂ ਸਮਾਚ ‘ਚੋਂ ਮੂੰਹ ਲੁਕਾ ਕੇ ਰਹਿਣ ਲਈ ਮਜਬੂਰ ਹਨ। ਹਾਲੀਆ ਮਾਮਲਾ ਥਾਣਾ ਸਿਟੀ 1 ਬਰਨਾਲਾ ਦੇ ਸੰਘੇੜਾ ਖੇਤਰ ਨਾਲ ਸਬੰਧਿਤ ਹੈ। ਪੀੜਤ ਬੱਚੀ ਹਸਪਤਾਲ ਵਿੱਚ ਹੈ । ਜਿਉਂ ਜਿਉਂ ਸਮਾਂ ਵਧਦਾ ਜਾ ਰਿਹਾ ਹੈ , ਦੋਸ਼ੀ ਦੇ ਪੱਖ ਵਿੱਚ ਨਿੱਤਰੇ ਕੁੱਝ ਘੜੰਮ ਚੌਧਰੀ, ਮਾਮਲੇ ਨੂੰ ਰਫਾ ਦਫਾ ਕਰਨ ਲਈ, ਗਰੀਬ ਪਰਿਵਾਰ ਉੱਤੇ ਕੋਈ ਕਾਨੂੰਨੀ ਕਾਰਵਾਈ ਨਾ ਕਰਵਾਏ ਜਾਣ ਲਈ ਦਬਾਅ ਵੀ ਵਧਾਉਂਦੇ ਜਾ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਮਜ੍ਹਬੀ ਸਿੱਖ ਪਰਿਵਾਰ ਨਾਲ ਸਬੰਧਿਤ ਨੌਵੀਂ ਜਮਾਤ ਵਿੱਚ ਪੜ੍ਹਦੀ ਲੜਕੀ ਦਾ ਭਰਾ ਬੀਮਾਰ ਸੀ। ਉਨ੍ਹਾਂ ਦਾ ਜਾਣ ਪਹਿਚਾਣ ਵਾਲਾ ਵਿਅਕਤੀ ਕੁਲਦੀਪ ਸਿੰਘ, ਜੋ ਮਿਸਤਰੀ ਦਾ ਕੰਮ ਕਰਦਾ ਹੈ। ਲੰਘੀ ਕੱਲ੍ਹ ਬਾਅਦ ਦੁਪਹਿਰ ਪੀੜਤ ਲੜਕੀ ਦੇ ਭਰਾ ਅਤੇ ਮਾਂ ਨੂੰ ਉਹ ਦਵਾਈ ਦਿਵਾਉਣ ਲਈ ਸਿਵਲ ਹਸਪਤਾਲ ਬਰਨਾਲਾ ਵਿਖੇ ਛੱਡ ਕੇ ਚਲਾ ਗਿਆ। ਪੀੜਤ ਬੱਚੀ ਦੀ ਮਾਂ ਦਾ ਕਹਿਣਾ ਹੈ ਕਿ ਦੋਸ਼ੀ ਕੁਲਦੀਪ ਸਿੰਘ, ਘਰ ਵਿੱਚ ਇਕੱਲੀ ਕੁੜੀ ਤਕਾ ਕੇ ਉਸ ਕੋਲ ਜਾ ਵੜ੍ਹਿਆ। ਪੀੜਤਾਂ ਦੀ ਮਾਂ ਨੇ ਦੱਸਿਆ ਕਿ ਉਹ ਆਪਣਾ ਪਰਸ ਘਰ, ਭੁੱਲ ਆਈ ਸੀ, ਕੁੱਝ ਸਮੇਂ ਬਾਅਦ ਹੀ, ਪਰਸ ਚੁੱਕ ਕੇ ਲਿਆਉਣ ਲਈ ਘਰ ਵਾਪਿਸ ਮੁੜ ਗਈ। ਉਸ ਨੇ ਜਾ ਕੇ ਵੇਖਿਆ ਤਾਂ ਬੱਚੀ ਘਰ ਵਿੱਚ ਦਰਦ ਨਾਲ ਕਰਾਹ ਰਹੀ ਸੀ ਤੇ ਉਸ ਨੇ ਦੱਸਿਆ ਕਿ ਕੁਲਦੀਪ ਸਿੰਘ ਨੇ ਉਸ ਨਾਲ ਜਬਰਦਸਤੀ ਬਲਾਤਕਾਰ ਕੀਤਾ ਤੇ ਫਰਾਰ ਹੋ ਗਿਆ। ਉਹ ਆਪਣੀ ਬੱਚੀ ਨੂੰ ਲੈ ਕੇ ਸਿਵਲ ਹਸਪਤਾਲ ਪਹੁੰਚ ਗਈ ਅਤੇ ਪੁਲਿਸ ਨੂੰ ਇਤਲਾਹ ਦੇਦਿੱਤੀ। ਦਲਿਤ ਆਗੂ ਕ੍ਰਿਸ਼ਨ ਸਿੰਘ ਭੰਗੂ ਨੇ ਕਿਹਾ ਕਿ ਦੋਸ਼ੀ ਨੂੰ ਬਚਾਉਣ ਲਈ, ਕੁੱਝ ਲੋਕ ਪਰਿਵਾਰ ਪਰ ਦਬਾਅ ਬਣਾ ਰਹੇ ਹਨ। ਜਦੋਂਕਿ ਸੂਚਨਾ ਮਿਲਣ ਤੋਂ ਬਾਅਦ ਵੀ ਪੁਲਿਸ ਪੀੜਤ ਬੱਚੀ ਦੇ ਬਿਆਨ ਲੈਣ ਲਈ ਨਹੀਂ ਪਹੁੰਚੀ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਨੇ ਗਰੀਬ ਪਰਿਵਾਰ ਦੀ ਬੱਚੀ ਨੂੰ ਇਨਸਾਫ ਨਾ ਦਿੱਤਾ ਅਤੇ ਦੋਸ਼ੀ ਖਿਲਾਫ ਕਾਨੂੰਨੀ ਕਾਰਵਾਈ ਕਰਕੇ, ਉਸ ਨੂੰ ਜਲਦ ਗਿਰਫਤਾਰ ਨਾ ਕੀਤਾ ਤਾਂ ਅਸੀਂ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋੋਵਾਂਗੇ। ਵਰਨਣਯੋਗ ਹੈ ਕਿ ਲੰਘੀ ਪਰਸੋਂ ਸਿਵਲ ਹਸਪਤਾਲ ਵਿੱਚ ਬਲਾਤਕਾਰ ਪੀੜਤ ਕਰੀਬ ਗਿਆਰਾਂ ਵਰ੍ਹਿਆਂ ਦੀ ਬੱਚੀ ਦਾ ਚਾਰ ਮਹੀਨਿਆਂ ਦਾ ਭਰੂਣ ਗਿਰ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਪਰੰਤੂ ਪੁਲਿਸ ਨੇ ਉਸ ਬਲਾਤਕਾਰ ਦੀ ਘਟਨਾ ਦੇ ਦੋ ਦਿਨ ਬਾਅਦ ਵੀ ਹਾਲੇ ਤੱਕ ਕੋਈ ਕੇਸ ਦਰਜ ਨਹੀਂ ਕੀਤਾ।