ਹਰਪ੍ਰੀਤ ਕੌਰ ਬਬਲੀ, ਸੰਗਰੂਰ, 2 ਦਸੰਬਰ 2023
ਸਿੱਖ ਕੌਮ ਸਮੇਤ ਵੱਖ-ਵੱਖ ਘੱਟ ਗਿਣਤੀ ਕੌਮਾਂ ਦੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਮਸਲਿਆਂ ਦੇ ਹੱਲ ਅਤੇ ਬਣਦੇ ਹੱਕਾਂ ਦੀ ਬਹਾਲੀ ਲਈ ਇੱਕ ਹੋ ਕੇ ਚੱਲਣਾ ਸਮੇਂ ਦੀ ਅਹਿਮ ਮੰਗ ਹੈ | ਇਸ ਸਮੇਂ ਸਿੱਖ ਕੌਮ ਦੀ ਪੈਰਵੀ ਕਰਨ ਲਈ ਕੋਈ ਵੀ ਮਜਬੂਤ ਧਿਰ ਨਹੀਂ ਹੈ, ਜਿਸ ਕਰਕੇ ਵੱਡੇ-ਵੱਡੇ ਸਰਦਾਰ ਵੀ ਸਿੱਖ ਕੌਮ ਵਿਰੋਧੀ ਭਾਜਪਾ ਤੇ ਕਾਂਗਰਸ ਵਰਗੀਆਂ ਪਾਰਟੀਆਂ ਵਿੱਚ ਜਾ ਰਹੇ ਹਨ | ਕੌਮ ਦੀ ਭਲਾਈ ਲਈ ਮਜਬੂਤ ਪਲੇਟਫਾਰਮ ਬਨਾਉਣ ਲਈ ਏਕੇ ਦੀ ਬਹੁਤ ਲੋੜ ਹੈ, ਤਾਂ ਜੋ ਅਸੀਂ ਆਪਣੇ ਵਜੂਦ ਨੂੰ ਬਚਾ ਸਕੀਏ ਅਤੇ ਕੌਮ ਨਾਲ ਹੋਣ ਵਾਲੇ ਭੇਦਭਾਵ ਅਤੇ ਜਿਆਦਤੀਆਂ ਦਾ ਮੂੰਹ ਤੋੜ ਜਵਾਬ ਦੇ ਸਕੀਏ |
ਐਮ.ਪੀ. ਸ. ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਦੇਸ਼ ਦੀ ਸਰਕਾਰ ਅਤੇ ਨਿਆਂ ਪ੍ਰਣਾਲੀ ਹੀ ਅਜਿਹੇ ਪਲੇਟ ਫਾਰਮ ਹਨ, ਜੋ ਦੇਸ਼ ਵਿਚਲੇ ਹਰ ਵਰਗ ਦੇ ਭਵਿੱਖ ਸੰਬੰਧੀ ਫੈਸਲੇ ਲੈਣ ਦੇ ਸਮਰੱਥ ਹਨ ਪਰ ਅਫਸੋਸ ਦੀ ਗੱਲ ਹੈ ਕਿ ਸਾਡੇ ਵਿੱਚ ਏਕੇ ਦੀ ਘਾਟ ਕਰਕੇ ਨਾ ਹੀ ਅਸੀਂ ਸਰਕਾਰ ਵਿੱਚ ਐਨੀ ਮਜਬੂਤ ਪੁਜੀਸ਼ਨ ਵਿੱਚ ਹਾਂ ਅਤੇ ਨਾ ਹੀ ਦੇਸ਼ ਦੀ ਸਭ ਤੋਂ ਵੱਡੀ ਨਿਆਂ ਪ੍ਰਣਾਲੀ ਦਾ ਥੰਮ ਸੁਪਰੀਮ ਕੋਰਟ ਵਿੱਚ ਸਾਡੀ ਕੋਈ ਨੁੰਮਾਇੰਦਗੀ ਹੈ, ਜਿਸ ਕਰਕੇ ਸਾਡੇ ਵਰਗਾਂ ਨਾਲ ਜੁੜੇ ਫੈਸਲਿਆਂ ਵਿੱਚ ਕਾਫੀ ਤਰੁੱਟੀਆਂ ਰਹਿ ਜਾਂਦੀਆਂ ਹਨ | ਐਮ.ਪੀ. ਮਾਨ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਹੁਣ ਕਹਿ ਦਿੱਤਾ ਹੈ ਕਿ ਕਿਸਾਨਾਂ ਦੀ ਐਮ.ਐਸ.ਪੀ. ਬੰਦ ਕਰ ਦਿਓ | ਅਜਿਹਾ ਸੁਪਰੀਮ ਕੋਰਟ ਵੱਲੋਂ ਇਸ ਲਿਆ ਕਿਹਾ ਗਿਆ ਹੈ ਕਿਉਂਕਿ ਸੁਪਰੀਮ ਕੋਰਟ ਵਿੱਚ ਖੇਤੀ ਕਿੱਤੇ ਦੀ ਸਮਝ ਰੱਖਣ ਵਾਲਾ ਕੋਈ ਹੈ ਹੀ ਨਹੀਂ | ਕੋਈ ਅਜਿਹਾ ਸਖਸ਼ ਨਹੀਂ ਹੈ ਜੋ ਖੇਤੀ ਕਰਨ ਵਾਲੇ ਇਲਾਕਿਆਂ ਨਾਲ ਸਬੰਧਤ ਹੋਵੇ | ਉਨ੍ਹਾਂ ਨੂੰ ਤਾਂ ਇਹ ਵੀ ਨਹੀਂ ਪਤਾ ਕਿ ਕਣਕ ਦੀ ਉਪਜ ਕਿਵੇਂ ਹੁੰਦੀ ਹੈ | ਫਿਰ ਅਜਿਹੇ ਸਖਸ਼ ਖੇਤੀ ਪੱਖੀ ਫੈਸਲੇ ਕਿਵੇਂ ਲੈ ਸਕਦੇ ਹਨ | ਉਨ੍ਹਾਂ ਕਿਹਾ ਕਿ ਨਾ ਹੀ ਅਦਾਲਤਾਂ ਅਤੇ ਨਾ ਹੀ ਫੌਜ ਵਿੱਚ ਸਿੱਖਾਂ ਦੀ ਕੋਈ ਵਿਸ਼ੇਸ਼ ਨੁੰਮਾਇੰਦਗੀ ਨਹੀਂ ਹੈ | ਕਸ਼ਮੀਰ ਵਿੱਚ ਵੀ ਸਿੱਖਾਂ ਲਈ ਕੋਈ ਪ੍ਰਬੰਧਕੀ ਢਾਂਚਾ ਨਹੀਂ ਹੈ | ਸ. ਮਾਨ ਨੇ ਕਿਹਾ ਕਿ ਖੇਤੀ ਸਾਰੇ ਧੰਦਿਆਂ ਨੂੰ ਉੱਤਮ ਧੰਦਾ ਹੈ | ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਖੇਤੀ ਅਤੇ ਫੌਜ ਦੀ ਮਹੱਤਤਾ ਨੂੰ ਹੁਣ ਤੱਕ ਦੇ ਹੁਕਮਰਾਨਾਂ ਵਿੱਚ ਸਿਰਫ ਤੇ ਸਿਰਫ ਲਾਲ ਬਹਾਦਰ ਸ਼ਾਸਤਰੀ ਨੇ ਸਮਝਿਆ ਸੀ, ਜਿਸਨੇ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਦਿੱਤਾ ਸੀ ਪਰ ਹੁਣ ਵਾਲਿਆਂ ਨੇ ਤਾਂ ਜਵਾਨ ਦੀ ਪਰਿਭਾਸ਼ਾ ਵੀ ਬਦਲ ਦਿੱਤੀ | ਜਵਾਨ ਦਾ ਸੇਵਾ ਕਾਰਜਕਾਲ ਘਟਾ ਕੇ ਚਾਰ ਸਾਲ ਕਰ ਦਿੱਤਾ ਗਿਆ ਹੈ | ਹੁਣ ਜਵਾਨ ਚਾਰ ਸਾਲਾਂ ਵਿੱਚ ਕੀ ਟ੍ਰੇਨਿੰਗ ਰਾਹੀਂ ਸਿੱਖਿਆ ਲਵੇਗਾ ਅਤੇ ਕਿਹੜੇ ਸਮੇਂ ਵਿੱਚ ਟ੍ਰੇਨਿੰਗ ਵਿੱਚ ਹਾਸਿਲ ਕੀਤੀ ਸਿੱਖਿਆ ਨੂੰ ਦੇਸ਼ ਦੀ ਸੁਰੱਖਿਆ ਲਈ ਇਸਤੇਮਾਲ ਕਰੇਗਾ |
ਉਨ੍ਹਾਂ ਕਿਹਾ ਕਿ ਸਾਡੇ ਵਿੱਚ ਏਕੇ ਦੀ ਘਾਟ ਕਰਕੇ ਸਿੱਖ ਕੌਮ ਦੇ ਬਹੁਤ ਸਾਰੇ ਅਹਿਮ ਮਸਲੇ ਲੰਬੇ ਸਮੇਂ ਤੋਂ ਲਟਕਦੇ ਆ ਰਹੇ ਹਨ | ਸਿੱਖ ਕੌਮ ਨੂੰ ਉਸਦੇ ਬਣਦੇ ਹੱਕ ਦਿਵਾਉਣ ਲਈ ਅਸੀਂ ਸਮਝਦੇ ਹਾਂ ਕਿ ਇੱਕ ਹੋ ਕੇ ਚੱਲਣਾ ਸਮੇਂ ਦੀ ਅਹਿਮ ਲੋੜ ਹੈ | ਏਕੇ ਤੋਂ ਬਿਨ੍ਹਾਂ ਸਿੱਖ ਕੌਮ ਦੇ ਮਸਲੇ ਹੱਲ ਨਹੀਂ ਹੋਣੇ, ਕਿਉਂਕਿ ਸਿੱਖ ਕੌਮ ਨੂੰ ਦਬਾਉਣ ਲਈ ਬਹੁਤ ਵੱਡੇ ਪੱਧਰ ‘ਤੇ ਸਿਆਸੀ ਚਾਲਾਂ ਚੱਲੀਆਂ ਜਾ ਰਹੀਆਂ ਹਨ |
ਇਸ ਮੌਕੇ ਪਾਰਟੀ ਦੇ ਪੀਏਸੀ ਮੈਂਬਰ ਬਹਾਦਰ ਸਿੰਘ ਭਸੌੜ, ਜਥੇਬੰਦਕ ਸਕੱਤਰ ਗੁਰਨੈਬ ਸਿੰਘ ਰਾਮਪੁਰਾ, ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਜੂਮਾਂ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਅਤੇ ਵਰਕਰ ਹਾਜਰ ਸਨ |