ਅਸ਼ੋਕ ਵਰਮਾ, ਬਠਿੰਡਾ, 1 ਦਸੰਬਰ 2023
ਸੀਨੀਅਰ ਪੁਲਿਸ ਕਪਤਾਨ ਬਠਿੰਡਾ ਹਰਮਨਬੀਰ ਸਿੰਘ ਗਿੱਲ ਨੇ ਬਠਿੰਡਾ ਪੁਲੀਸ ਨੂੰ ਕਾਨੂੰਨ ਦਾ ਪਾਠ ਪੜ੍ਹਾਉਣ ਉਪਰੰਤ ਆਵਾਜਾਈ ਵਿੱਚ ਤੁਰੰਤ ਸੁਧਾਰ ਲਿਆਉਣ ਲਈ ਸ਼ਹਿਰ ਦੀਆਂ ਸੜਕਾਂ ਤੇ ਧੂੜਾਂ ਪੱਟਦੇ ਫਿਰਦੇ ਟਰੱਕ ਚਾਲਕਾਂ ਅਤੇ ਵੱਡੀਆਂ ਵੱਡੀਆਂ ਗੱਡੀਆਂ ਵਾਲਿਆਂ ਨੂੰ ਹੱਥ ਪਾ ਲਿਆ ਹੈ। ਆਵਾਜਾਈ ਨਿਰਵਿਘਨ ਚੱਲੇ ਇਸ ਲਈ ਜਿਲ੍ਹਾ ਪੁਲਿਸ ਮੁਖੀ ਨੇ ਨਵੀਂ ਰਣਨੀਤੀ ਦਾ ਐਲਾਨ ਕੀਤਾ ਹੈ ਜੋ ਤੁਰੰਤ ਲਾਗੂ ਹੋ ਗਈ ਹੈ। ਲੰਘੇ ਸਮੇਂ ਵਿੱਚ ਟਰੈਫਿਕ ਪੁਲੀਸ ਟਰੱਕ ਚਾਲਕਾਂ ਖ਼ਿਲਾਫ਼ ਕਾਰਵਾਈ ਕਰਨ ਤੋਂ ਪਾਸਾ ਵੱਟਦੀ ਰਹੀ ਹੈ ਜਦੋਂਕਿ ਹੁਣ ਕਾਨੂੰਨ ਸਿਖਾਉਣ ਦੀ ਵਾਰੀ ਆ ਗਈ ਹੈ। ਬਠਿੰਡਾ ਇੱਕ ਅਜਿਹਾ ਸ਼ਹਿਰ ਹੈ ਜਿਸ ਦੀਆਂ ਕਈ ਸੜਕਾਂ ਤਾਂ ਅਜਿਹੀਆਂ ਹਨ ਜਿੰਨ੍ਹਾਂ ਤੇ ਹੈਵੀ ਗੱਡੀਆਂ ਕਾਰਨ ਅੱਖ ਦੇ ਫੋਰੇ ’ਚ ਜਾਮ ਲੱਗ ਜਾਂਦਾ ਹੈ। ਆਵਾਜਾਈ ਪ੍ਰਬੰਧਾਂ ਦਾ ਜਾਇਜਾ ਲੈਣ ਤੋਂ ਬਾਅਦ ਐਸਐਸਪੀ ਨੇ ਜੋ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਉਨ੍ਹਾਂ ਕਾਰਨ ਲੋਕਾਂ ਨੂੰ ਸੁੱਖ ਦਾ ਸਾਹ ਆਉਣ ਦੀ ਆਸ ਬੱਝੀ ਹੈ। ਨਵੇਂ ਪ੍ਰਬੰਧਾਂ ਸਬੰਧੀ ਜਾਰੀ ਆਦੇਸ਼ਾਂ ਤੋਂ ਨਾਬਰ ਹੋਣ ਵਾਲਿਆਂ ਨੂੰ ਕਾਨੂੰਨ ਦੇ ਡੰਡੇ ਦਾ ਡਰਾਵਾ ਵੀ ਦਿੱਤਾ ਗਿਆ ਹੈ।
ਪੁਲਿਸ ਪ੍ਰਸ਼ਾਸ਼ਨ ਅਨੁਸਾਰ ਘੋੜੇ ਵਾਲਾ ਚੌਂਕ ਤੋਂ ਅਜੀਤ ਰੋਡ ਅਤੇ ਰੇਲਵੇ ਸਟੇਸ਼ਨ ਸਾਈਡ ਅੰਡਰਬਰਿੱਜ ਤੋਂ ਪਰਸ ਰਾਮ ਨਗਰ ਜਾਣ ਵਾਲੀਆਂ ਹਰ ਪ੍ਰਕਾਰ ਦੀਆਂ 4 ਪਹੀਆ ਗੱਡੀਆਂ ਤੇ ਮੁਕੰਮਲ ਰੋਕ ਲਾ ਦਿੱਤੀ ਗਈ ਹੈ। ਠੰਢੀ ਸੜਕ ਅਤੇ ਅੰਡਰਬਰਿੱਜ ਰਾਹੀਂ ਲੰਘਦੀ ਆਵਾਜਾਈ ਕਾਰਨ ਪਰਸ ਰਾਮ ਨਗਰ ’ਚ ਸਥਿਤੀ ਬੇਹੱਦੀ ਮਾੜੀ ਬਣਨ ਕਰਕੇ ਵੱਡਾ ਰੌਲਾ ਰੱਪਾ ਵੀ ਪਿਆ ਸੀ ਜਿਸ ਨੂੰ ਅਫਸਰਾਂ ਨੇ ਗੰਭੀਰਤਾ ਨਾਲ ਲਿਆ ਹੈ। ਸਵੇਰੇ 7 ਵਜੇ ਤੋਂ ਦੇਰ ਸ਼ਾਮ 8 ਵਜੇ ਤੱਕ ਯਾਤਰੀ ਬੱਸਾਂ ਨੂੰ ਛੱਡਕੇ ਹਰ ਕਿਸਮ ਦੀਆਂ ਵੱਡੀਆਂ ਗੱਡੀਆਂ ਦੇ ਸ਼ਹਿਰ ਅੰਦਰ ਦਾਖਲੇ ਤੇ ਪਾਬੰਦੀ ਰਹੇਗੀ।
ਮਾਨਸਾ ਵਾਲੇ ਪਾਸੇ ਤੋਂ ਆਉਣ ਵਾਲੀਆਂ ਹੈਵੀ ਗੱਡੀਆਂ ਨੂੰ ਆਈਟੀਆਈ ਚੌਂਕ ਦੇ ਨਾਲ ਦੀ ਰਿੰਗ ਰੋਡ ਤੇ ਜਾਣਾ ਪਵੇਗਾ ਜਦੋਂਕਿ ਡੱਬਵਾਲੀ ਤੋਂ ਆਉਣ ਵਾਲਾ ਟਰੈਫਿਕ ਵੀ ਇਸੇ ਰਸਤੇ ਮਾਨਸਾ ਵੱਲ ਜਾਏਗਾ। ਮਲੋਟ ਜਾਂ ਫਰੀਦਕੋਟ ਜਾਣ ਵਾਲੀ ਆਵਾਜਾਈ ਡੱਬਵਾਲੀ ਰੋਡ ਤੇ ਟੀ ਪੁਆਇੰਟ ਤੋਂ ਰਿੰਗ ਰੋਡ ਰਾਹੀਂ ਜਾਏਗੀ। ਮਲੋਟ ,ਸ ਮੁਕਤਸਰ ਅਤੇ ਅੰਮ੍ਰਿਤਸਰ ਤੋਂ ਚੰਡੀਗੜ੍ਹ ਪਟਿਆਲਾ ਜਾਣ ਲਈ ਬਰਨਾਲਾ ਬਾਈਪਾਸ ਅਤੇ ਫਰੀਦਕੋਟ ਤੋਂ ਡੱਬਵਾਲੀ ਜਾਂ ਮਾਨਸਾ ਲਈ ਰਿੰਗ ਰੋਡ ਫੇਜ਼ ਦੋ ਵਾਇਆ ਨੰਨ੍ਹੀ ਛਾਂ ਚੌਕ ਤੋਂ ਡੱਬਵਾਲੀ ਟੀ ਪੁਆਇੰਟ ਰਾਹੀਂ ਚੱਲੇਗਾ। ਮਲੋਟ ਤੇ ਮੁਕਤਸਰ ਸਾਹਿਬ ਤੋਂ ਅੰਮ੍ਰਿਤਸਰ ਵੱਲ ਘਨਈਆ ਚੌਂਕ ਹੋਕੇ ਜਾਇਆ ਜਾ ਸਕੇਗਾ।
ਦੱਸਣਯੋਗ ਹੈ ਕਿ ਸ਼ਹਿਰ ਚੋਂ ਆਵਾਜਾਈ ਦੇ ਬੋਝ ਨੂੰ ਘੱਟ ਕਰਨ ਲਈ ਰਿੰਗ ਰੋਡ ਫੇਜ਼ ਵਨ ਪ੍ਰਜੈਕਟ ਦਾ ਸਾਲ 2001 ‘ਚ ਨੀਂਹ ਪੱਥਰ ਰੱਖਿਆ ਗਿਆ ਸੀ ਰਿੰਗ ਰੋਡ ਦਾ ਵੱਡਾ ਹਿੱਸਾ ਬਣ ਚੁੱਕਿਆ ਹੈ ਅਤੇ ਕਰੀਬ ਇੱਕ ਕਿਲੋਮੀਟਰ ਟੋਟੇ ਦੇ ਰੱਫੜ ਨੇ ਸਾਰਾ ਤਾਣਾ ਬਾਣਾ ਉਲਝਾਇਆ ਹੋਇਆ ਹੈ। ਇਸੇ ਕਾਰਨ ਹੀ ਹਰ ਤਰਾਂ ਦੀਆਂ ਵੱਡੀਆਂ, ਛੋਟੀਆਂ ਅਤੇ ਭਾਰੀਆਂ ਗੱਡੀਆਂ ਸ਼ਹਿਰ ਵਿਚਦੀ ਲੰਘਦੀਆਂ ਆ ਰਹੀਆਂ ਹਨ। ਉੱਪਰੋਂ ਮੁੜ ਉਸਾਰੀ ਲਈ ਮੁਲਤਾਨੀਆ ਫਲਾਈਓਵਰ ਬੰਦ ਕਰ ਦਿੱਤਾ ਗਿਆ ਹੈ ਜਿਸ ਨੇ ਆਵਾਜਾਈ ਪ੍ਰਬੰਧ ਤਹਿਸ ਨਹਿਸ ਕਰਕੇ ਰੱਖ ਦਿੱਤੇ ਹਨ। ਜਿਲ੍ਹਾ ਹੈਡਕੁਆਟਰ ਅਤੇ ਵੱਡੇ ਵੱਡੇ ਹਸਪਤਾਲਾਂ ਦਾ ਗੜ੍ਹ ਹੋਣ ਕਰਕੇ ਰੋਜਾਨਾ ਹੀ ਹਜਾਰਾਂ ਲੋਕਾਂ ਦਾ ਕਾਰਾਂ ਆਦਿ ਰਾਹੀਂ ਆਉਣਾ ਜਾਣਾ ਬਣਿਆ ਰਹਿੰਦਾ ਜੋ ਸੜਕਾਂ ਤੇ ਘੜਮੱਸ ਦਾ ਕਾਰਨ ਬਣਦਾ ਹੈ।
ਸ਼ਹਿਰ ਵਿਚਦੀ ਲੰਘਦੇ ਕੌਮੀ ਮਾਰਗ , ਸੌ ਫੁੱਟੀ ਰੋਡ ਅਤੇ ਲਾਈਨੋ ਪਾਰ ਇਲਾਕੇ ਦੀਆਂ ਸੜਕਾਂ ਤੇ ਤਾਂ ਹਰ ਵਕਤ ਜਾਮ ਵਰਗੀ ਸਥਿਤੀ ਬਣੀ ਰਹਿੰਦੀ ਹੈ। ਤੇਲ ਡਿੱਪੂ ਹੋਣ ਕਰਕੇ ਰੋਜ਼ਾਨਾ ਸੈਂਕੜੇ ਗੱਡੀਆਂ ਸ਼ਹਿਰ ਦੇ ਵਿੱਚੋਂ ਦੀ ਲੰਘਦੀਆਂ ਹਨ ਜੋ ਵੀ ਆਵਾਜਾਈ ਪ੍ਰਭਾਵਿਤ ਕਰਦੀਆਂ ਹਨ। ਕਈ ਵਾਰ ਤਾਂ ਸੜਕ ਦੇ ਇੱਕ ਪਾਸਿਓਂ ਦੂਸਰੀ ਤਰਫ ਲੰਘਣਾ ਔਖਾ ਹੋ ਜਾਂਦਾ ਹੈ। ਆਵਾਜਾਈ ’ਚ ਹੋ ਰਹੇ ਹੈਰਾਨੀਜਨਕ ਵਾਧੇ ਦੇ ਬਾਵਜੂਦ ਸੜਕਾਂ ਦੀ ਚੌੜਾਈ ਪਹਿਲਾਂ ਵਾਲੀ ਹੀ ਹੈ ਜੋਕਿ ਵਧ ਵੀ ਨਹੀਂ ਸਕਦੀ ਹੈ। ਆਮ ਆਦਮੀ ਨੂੰ ਅਜਿਹੇ ਹਾਲਾਤਾਂ ਦਾ ਖਮਿਆਜਾ ਹਾਦਸਿਆਂ ਅਤੇ ਭੀੜ ਭੜੱਕੇ ’ਚ ਫਸਣ ਦੇ ਰੂਪ ’ਚ ਭੁਗਤਣਾ ਪੈ ਰਿਹਾ ਹੈ। ਹਾਲਾਂਕਿ ਟਰੈਫਿਕ ਪੁਲਿਸ ਕੋਸ਼ਿਸ਼ ਕਰਦੀ ਹੈ ਫਿਰ ਵੀ ਆਵਾਜਾਈ ਨੂੰ ਢੰਗ ਸਿਰ ਚਲਾਉਣਾ ਟੇਢੀ ਖੀਰ ਬਣਿਆ ਹੋਇਆ ਹੈ।
ਪੁਲਿਸ ਦੀ ਪਹਿਲਕਦਮੀ ਚੰਗੀ: ਬਹਿਲ
ਜੁਆਇੰਟ ਐਕਸ਼ਨ ਕਮੇਟੀ ਦੇ ਕਨਵੀਨਰ ਐਮ.ਐਮ.ਬਹਿਲ ਦਾ ਕਹਿਣਾ ਸੀ ਕਿ ਪੁਲਿਸ ਪ੍ਰਸ਼ਾਸ਼ਨ ਦੀ ਇਹ ਪਹਿਲਕਦਮੀ ਚੰਗੀ ਹੈ ਜਿਸ ਨੂੰ ਸਖਤੀ ਨਾਲ ਅਮਲ ’ਚ ਲਿਆਂਦਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇੰਨ੍ਹਾਂ ਪੁਲਿਸ ਆਪਣੀ ਜਿੰਮੇਵਾਰੀ ਸਹੀ ਢੰਗ ਨਾਲ ਨਿਭਾਵੇ ਤਾਂ ਸੜਕਾਂ ਤੇ ਲਗਦੇ ਜਾਮ ਖਤਮ ਕੀਤੇ ਜਾ ਸਕਦੇ ਹਨ। ਉਨ੍ਹਾਂ ਵੱਡੀਆਂ ਗੱਡੀਆਂ ਵਾਲਿਆਂ ਨੂੰ ਵੀ ਖੁਦ ਨੂੰ ਕਿੰਗ ਸਮਝਣ ਵਾਲੀ ਮਾਨਸਿਕਤਾ ਤਿਆਗਣੀ ਪਵੇਗੀ ਕਿਉਂਕਿ ਸੜਕ ਤੇ ਚੱਲਣ ਦਾ ਜਿੰਨਾਂ ਹੱਕ ਉਨ੍ਹਾਂ ਨੂੰ ਹੈ ਓਨਾ ਹੀ ਇੱਕ ਸਾਈਕਲ ਸਵਾਰ ਨੂੰ ਹੈ। ਹੁਕਮ ਅਦੂਲੀ ਸਖਤ ਕਾਰਵਾਈ: ਐਸ.ਐਸ.ਪੀ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਹਰਮਨਬੀਰ ਸਿੰਘ ਗਿੱਲ ਦਾ ਕਹਿਣਾ ਸੀ ਕਿ ਆਵਾਜਾਈ ਨੂੰ ਸੁਚਾਰੂ ਰੂਪ ’ਚ ਚਲਾਉਣ ਲਈ ਇਹ ਪ੍ਰਬੰਧ ਸਖਤੀ ਨਾਲ ਲਾਗੂ ਕੀਤੇ ਜਾਣਗੇ ਅਤੇ ਨਿਯਮ ਤੋੜਲ ਵਾਲਿਆਂ ਦਾ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਨਿਯਮਾਂ ਦੀ ਪਾਲਣਾ ਪ੍ਰਤੀ ਉਤਸ਼ਾਹਿਤ ਕਰਨ ਲਈ ਚੇਤਨਾ ਮੁਹਿੰਮ ਵਿੱਢਣ ਦਾ ਪ੍ਰੋਗਰਾਮ ਵੀ ਉਲੀਕਿਆ ਜਾਏਗਾ।