ਰਿਚਾ ਨਾਗਪਾਲ, ਪਟਿਆਲਾ, 29 ਨਵੰਬਰ 2023
ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬੀ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਸੰਬੰਧੀ ਚੁੱਕੇ ਜਾ ਰਹੇ ਕਦਮਾਂ ਤਹਿਤ ਸ੍ਰੀ ਤਰਸੇਮ ਚੰਦ ਐੱਸ.ਡੀ.ਐੱਮ. ਨਾਭਾ ਵੱਲੋਂ ਜ਼ਿਲ੍ਹਾ ਭਾਸ਼ਾ ਦਫ਼ਤਰ, ਪਟਿਆਲਾ ਦੇ ਸਹਿਯੋਗ ਨਾਲ ਵਿਸ਼ੇਸ਼ ਇੱਕਤਰਤਾ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਪਟਿਆਲਾ ਡਾ. ਮਨਜਿੰਦਰ ਸਿੰਘ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਪੰਜਾਬ ਦੇ ਪ੍ਰਧਾਨ ਦਰਸ਼ਨ ਬੁੱਟਰ ਤੋਂ ਇਲਾਵਾ ਇਲਾਕੇ ਦੀਆਂ ਸਿਰਮੌਰ ਸਾਹਿਤਕ-ਸਭਿਆਚਾਰਕ ਸੰਸਥਾਵਾਂ ਦੇ ਨਾਲ-ਨਾਲ ਨਗਰ ਕੌਂਸਲ ਨਾਭਾ, ਵਪਾਰ ਮੰਡਲ, ਆੜ੍ਹਤੀ ਐਸੋਸੀਏਸ਼ਨ, ਰੋਟਰੀ ਕਲੱਬ, ਆਦਿ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਸਭ ਤੋਂ ਪਹਿਲਾਂ ਐੱਸ.ਡੀ.ਐੱਮ, ਨਾਭਾ ਸ੍ਰੀ ਤਰਸੇਮ ਚੰਦ ਵੱਲੋਂ ਆਏ ਪਤਵੰਤਿਆਂ ਨੂੰ ਜੀ ਆਇਆਂ ਕਹਿੰਦਿਆਂ ਪੰਜਾਬੀ ਭਾਸ਼ਾ ਦੀ ਮਹੱਤਤਾ ਸੰਬੰਧੀ ਆਪਣੇ ਵਿਚਾਰ ਦਿੱਤੇ। ਉਹਨਾਂ ਕਿਹਾ ਕਿ ਪੰਜਾਬੀ ਭਾਸ਼ਾ ਵਿੱਚ ਸਾਡਾ ਅਮੀਰ ਵਿਰਸਾ ਸਮੋਇਆ ਹੈ, ਇਸ ਨੂੰ ਬੋਲਣ ਅਤੇ ਕੰਮ-ਕਾਜ ਦੀ ਭਾਸ਼ਾ ਬਣਾਉਣ ਵਿੱਚ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਉਹਨਾਂ ਪੰਜਾਬ ਸਰਕਾਰ ਵੱਲੋਂ ਜਾਰੀ ਪੱਤਰ ਤਹਿਤ ਇਲਾਕੇ ਦੀਆਂ ਸਾਰੀਆਂ ਦੁਕਾਨਾਂ, ਵਿਦਿਅਕ ਅਦਾਰਿਆਂ ਬੈਂਕਾਂ, ਸੜਕਾਂ ਦੇ ਕਿਨਾਰੇ ਲੱਗੇ ਸਾਈਨ ਬੋਰਡਾਂ ਉੱਪਰ ਸਾਰੇ ਨਾਂ ਪੰਜਾਬੀ ਵਿੱਚ ਸ਼ੁੱਧਤਾ ਨਾਲ ਲਿਖਵਾਉਣ ਦੀ ਅਪੀਲ ਕੀਤੀ।
ਇਸ ਉਪਰੰਤ ਜ਼ਿਲ੍ਹਾ ਭਾਸ਼ਾ ਅਫਸਰ ਪਟਿਆਲਾ ਡਾ. ਮਨਜਿੰਦਰ ਸਿੰਘ ਵੱਲੋਂ ਸਰਕਾਰ ਵੱਲੋਂ ਬਣਾਏ ‘ਪੰਜਾਬ ਰਾਜ ਭਾਸ਼ਾ ਐਕਟ’ ਅਤੇ ਜਾਰੀ ਸੋਧ ਪੱਤਰ ਵਿਚਲੀਆਂ ਹਦਾਇਤਾਂ ਨੂੰ ਵਿਸਥਾਰਪੂਰਵਕ ਪੜ੍ਹ ਕੇ ਸੁਣਾਇਆ ਅਤੇ ਪੰਜਾਬੀ ਮਾਂ ਬੋਲੀ ਨੂੰ ਬਣਦਾ ਮਾਣ-ਸਤਿਕਾਰ ਦੇਣ ਲਈ ਸਰਕਾਰ ਵੱਲੋਂ ਵਿਖਾਈ ਜਾ ਰਹੀ ਸੁਹਿਦਰਤਾ ਅਤਿ ਪਹਿਲਕਦਮੀ ਨੂੰ ਸਹਿਯੋਗ ਦੇ ਕੇ ਸਫਲ ਬਣਾਉਣ ਦੀ ਅਪੀਲ ਕੀਤੀ।
ਕੇਂਦਰੀ ਪੰਜਾਬੀ ਲੇਖਕ ਸਭਾ ਪੰਜਾਬ ਦੇ ਪ੍ਰਧਾਨ ਦਰਸ਼ਨ ਬੁੱਟਰ ਨੇ ਕਿਹਾ ਕਿ ਪੰਜਾਬੀ ਸੰਤਾਂ, ਪੀਰਾਂ-ਫਕੀਰਾਂ ਸੂਫੀਆਂ ਅਤੇ ਗੁਰੂ ਸਾਹਿਬਾਨਾਂ ਵੱਲੋਂ ਆਪਣੀ ਅਸੀਸ ਨਾਲ ਨਿਵਾਜ਼ੀ ਗਈ ਭਾਸ਼ਾ ਹੈ, ਇਸ ਲਈ ਇਸ ਨੂੰ ਆਪਣੀ ਬੋਲ-ਚਾਲ ਅਤੇ ਕੰਮ-ਕਾਜ ਦੀ ਭਾਸ਼ਾ ਬਣਾਉਣ ਵਿੱਚ ਸਾਨੂੰ ਫਖ਼ਰ ਹੋਣਾ ਚਾਹੀਦਾ ਹੈ। ਪੰਜਾਬੀ ਵਿੱਚ ਅਜਿਹੀ ਅਮੀਰਤਾ ਅਤੇ ਖੁੱਲ੍ਹਦਿਲੀ ਹੈ ਕਿ ਇਹ ਹੋਰ ਭਾਸ਼ਾਵਾਂ ਦੇ ਸ਼ਬਦਾਂ ਨੂੰ ਵੀ ਖਿੜੇ ਮੱਥੇ ਪ੍ਰਵਾਨ ਕਰ ਲੈਂਦੀ ਹੈ।
ਨਾਭਾ ਸੋਸ਼ਲ ਵੈਲਫੇਅਰ ਐਂਡ ਕਲਚਰਲ ਕਲੱਬ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਨਾਭਾ ਭਾਸ਼ਾ ਅਤੇ ਸਾਹਿਤ ਦਾ ਪ੍ਰਮੁੱਖ ਕੇਂਦਰ ਰਿਹਾ ਹੈ ਜਿੱਥੇ ਭਾਈ ਕਾਨ੍ਹ ਸਿੰਘ ਨਾਭਾ ਨੇ ਪੰਜਾਬੀ ਭਾਸ਼ਾ ਦੇ ਮਹਾਨ ਗ੍ਰੰਥ ‘ਮਹਾਨ ਕੋਸ਼’ ਦੀ ਰਚਨਾ ਕੀਤੀ ਹੈ ਜੋ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲ਼ਿਆਂ ਲਈ ਵਰਦਾਨ ਹੈ। ਇਸ ਲਈ ਨਾਭਾ ਨਿਵਾਸੀਆਂ ਨੂੰ ਪੰਜਾਬੀ ਦੀ ਅਹਿਮੀਅਤ ਜ਼ਰੂਰ ਸਮਝਣੀ ਚਾਹੀਦੀ ਹੈ।
ਭਾਈ ਕਾਨ੍ਹ ਸਿੰਘ ਜ਼ਿਲ੍ਹਾ ਲਾਇਬ੍ਰੇਰੀ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਲੇਖਕ ਅਸ਼ਵਨੀ ਬਾਗੜੀਆਂ ਨੇ ਵੀ ਰਸੂਲ ਹਮਜ਼ਾਤੋਵ ਦੀ ਪੁਸਤਕ ‘ਮੇਰਾ ਦਾਗਿਸਤਾਨ’ ਦੇ ਹਵਾਲਿਆਂ ਨਾਲ ਪੰਜਾਬੀ ਭਾਸ਼ਾ ਦੀ ਮਹੱਤਤਾ ਸੰਬੰਧੀ ਵਿਚਾਰ ਦਿੱਤੇ ਤੇ ਪੰਜਾਬੀ ਵਿੱਚ ਨਾਂ ਲਿਖਾਉਣ ਦੀ ਪ੍ਰੇਰਨਾ ਹਿੱਤ ਸ਼ਹਿਰ ਦੇ ਦੁਕਾਨਦਾਰਾਂ ਵਿੱਚ ਪੈਂਫਲੇਟ ਛਪਵਾ ਕੇ ਵੰਡਣ ਦਾ ਸੁਝਾਅ ਦਿੱਤਾ।
ਇਹਨਾਂ ਤੋਂ ਇਲਾਵਾ ਅਦਾਰਾ ‘ਸੰਵਾਦ’ ਦੇ ਪ੍ਰਬੰਧਕ ਰਾਜੇਸ਼ ਢੀਗਰਾ ਵੱਲੋਂ ਵੀ ਪੰਜਾਬੀ ਭਾਸ਼ਾ ਦੀ ਬਿਹਤਰੀ ਅਤੇ ਵਿਕਾਸ ਲਈ ਅੱਗੇ ਵਧ ਕੇ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ ਗਿਆ।ਐਂਸ.ਡੀ.ਐੱਮ. ਵੱਲੋਂ ਨਗਰ ਕੌਂਸਲ ਨਾਭਾ ਦੇ ਨੁਮਾਇੰਦਿਆਂ ਨੂੰ ਇਸ ਸੰਬੰਧੀ ਸ਼ਹਿਰ ਵਿੱਚ ਸਪੀਕਰ ਰਾਹੀਂ ਮੁਨਾਦੀ ਕਰਵਾ ਕੇ ਦੁਕਾਨਦਾਰਾਂ ਨੂੰ ਪ੍ਰੇਰਤ ਕਰਨ ਅਤੇ ਪੰਦਰਾਂ ਦਿਨਾਂ ਦੇ ਅੰਦਰ-ਅੰਦਰ ਬੋਰਡਾਂ ਦੇ ਨਾਂ ਪੰਜਾਬੀ ਵਿੱਚ ਕਰਵਾਉਣ ਦੀ ਹਦਾਇਤ ਕੀਤੀ ਗਈ।
ਇਸ ਮੌਕੇ ਪ੍ਰਦੀਪ ਕੁਮਾਰ ਜੇ.ਈ. ਨਗਰ ਸੁਧਾਰ ਟਰਸਟ, ਬਲਜੀਤ ਸਿੰਘ ਖਹਿਰਾ ਪ੍ਰਧਾਨ ਅਮਲ ਸੁਸਾਇਟੀ, ਨਰੇਸ਼ ਕੁਮਾਰ ਪ੍ਰਧਾਨ ਸੀਨੀਅਰ ਸਿਟੀਜ਼ਨ ਵੈਲਫੇਅਰ ਐਸੋਸੀਏਸ਼ਨ ਨਾਭਾ, ਸੰਜੀਵ ਕੁਮਾਰ ਨਗਰ ਕੌਂਸਲ ਨਾਭਾ, ਸੋਮਨਾਥ ਢੱਲ ਵਪਾਰ ਮੰਡਲ, ਅਸ਼ੋਕ ਜੀਂਦੀਆ ਵਪਾਰ ਮੰਡਲ ਸੁਰਿੰਦਰ ਗੁਪਤਾ ਆੜ੍ਹਤੀ ਐਸੋਸੀਏਸ਼ਨ ਨਾਭਾ, ਅਰਵਿੰਦਰ ਕੁਮਾਰ ਲੋਕ ਨਿਰਮਾਣ ਵਿਭਾਗ, ਕਰਮਜੀਤ ਸਿੰਘ ਆੜ੍ਹਤੀ ਐਸੋਸੀਏਸ਼ਨ, ਜਤਿਨ ਕਿੰਗਰ, ਨਵਨੀਤ ਕੌਰ, ਸੀਨੀ.ਸਹਾ. ਆਦਿ ਨੇ ਵੀ ਆਪਣੇ ਵਿਚਾਰ ਦਿੱਤੇ।