ਅਸ਼ੋਕ ਵਰਮਾ, ਬਠਿੰਡਾ 18 ਨਵੰਬਰ 2023
ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਦੀ ਕੋਰ ਕਮੇਟੀ ਦੇ ਮੈਂਬਰ ਮਨਪ੍ਰੀਤ ਸਿੰਘ ਬਾਦਲ ਵੱਲੋਂ ਬਠਿੰਡਾ ਵਿਕਾਸ ਅਥਾਰਟੀ ਤੋਂ ਪਲਾਟ ਖਰੀਦਣ ਦੇ ਬਹੁਚਰਚਿਤ ਮਾਮਲੇ ’ਚ ਨਾਮਜਦ ਸ਼ਰਾਬ ਕਾਰੋਬਾਰੀ ਜਸਵਿੰਦਰ ਸਿੰਘ ਉਰਫ ਜੁਗਨੂੰ ਅਤੇ ਸੀਏ ਸੰਜੀਵ ਕੁਮਾਰ ਨੂੰ ਬਠਿੰਡਾ ਦੀ ਅਦਾਲਤ ਨੇ ਅੰਤਰਿਮ ਜਮਾਨਤ ਦੇ ਦਿੱਤੀ ਹੈ। ਅਦਾਲਤ ਦੇ ਇਸ ਫੈਸਲੇ ਨੂੰ ਦੋਵਾਂ ਮੁਲਜਮਾਂ ਲਈ ਵੱਡੀ ਰਾਹਤ ਮੰਨਿਆ ਜਾ ਰਿਹਾ ਹੈ। ਅਦਾਲਤ ਵੱਲੋਂ ਇਸ ਮਾਮਲੇ ਦੀ ਅਗਲੀ ਸੁਣਵਾਈ 23 ਨਵੰਬਰ ਨੂੰ ਤੈਅ ਕੀਤੀ ਗਈ ਹੈ। ਇਸ ਮਾਮਲੇ ਨਾਲ ਸਬੰਧਿਤ ਸਿਰਫ ਇੰਨ੍ਹਾਂ ਦੋਵਾਂ ਜਣਿਆਂ ਨੂੰ ਸਥਾਨਕ ਅਦਾਲਤ ਵਿੱਚੋਂ ਰਾਹਤ ਮਿਲੀ ਹੈ ਜਦੋਂਕਿ ਮਨਪ੍ਰੀਤ ਸਿੰਘ ਬਾਦਲ, ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਪੰਕਜ਼ ਕਾਲੀਆ ਨੂੰ ਹਾਈਕੋਰਟ ਦਾ ਬੂਹਾ ਖੜਕਾਉਣਾ ਪਿਆ ਸੀ। ਜਾਣਕਾਰੀ ਅਨੁਸਾਰ ਜੁਗਨੂੰ ਅਤੇ ਸੰਜੀਵ ਕੁਮਾਰ ਦੇ ਵਕੀਲਾਂ ਨੇ ਆਦਲਤ ਨੂੰ ਦੱਸਿਆ ਸੀ ਕਿ ਉਨ੍ਹਾਂ ਦੇ ਮੁਵੱਕਿਲਾਂ ਦੀ ਇਸ ਮਾਮਲੇ ’ਚ ਕੋਈ ਭੂਮਿਕਾ ਨਹੀਂ ਬਲਕਿ ਉਨ੍ਹਾਂ ਨੂੰ ਜਾਣ ਬੁੱਝ ਕੇ ਨਾਮਜਦ ਕੀਤਾ ਗਿਆ ਹੈ। ਸੰਜੀਵ ਕੁਮਾਰ ਦੇ ਵਕੀਲ ਦਾ ਕਹਿਣਾ ਸੀ ਕਿ ਸੀਏ ਹੋਣ ਦੇ ਨਾਤੇ ਉਸ ਨੇ ਇੱਕ ਪ੍ਰੋਫੈਸ਼ਨਲ ਵਾਂਗ ਸੇਵਾਵਾਂ ਦਿੱਤੀਆਂ ਹਨ ਜੋ ਕੋਈ ਜੁਰਮ ਨਹੀਂ ਹੈ। ਵਿਜੀਲੈਂਸ ਨੇ ਦਾਅਵਾ ਕੀਤਾ ਸੀ ਕਿ ਸੰਜੀਵ ਕੁਮਾਰ ਨੇ ਜੁਗਨੂੰ ਦੇ ਸ਼ੋਅਰੂਮ ’ਚ ਬੈਠਕੇ ਬੋਲੀ ਦਿੱਤੀ ਸੀ। ਵਿਜੀਲੈਂਸ ਜਾਂਚ ਮੁਤਾਬਕ ਗ੍ਰਿਫਤਾਰ ਅਮਨਦੀਪ,ਵਿਕਾਸ ਅਤੇ ਰਾਜੀਵ ਨੇ ਮੰਨਿਆ ਸੀ ਕਿ ਪਲਾਟਾਂ ਲਈ ਬੋਲੀ ਸ਼ਰਾਬ ਕਾਰੋਬਾਰੀ ਦੇ ਕਹਿਣ ਤੇ ਦਿੱਤੀ ਗਈ ਸੀ। ਵਿਜੀਲੈਂਸ ਵੱਲੋਂ ਸੰਜੀਵ ਕਮਾਰ ਦੀ ਵੀ ਇਸ ਮਾਮਲੇ ’ਚ ਮਿਲੀਭੁਗਤ ਹੋਣ ਦਾ ਦਾਅਵਾ ਕੀਤਾ ਗਿਆ ਸੀ।
ਓਧਰ ਵਿਜੀਲੈਂਸ ਨੇ ਮਨਪ੍ਰੀਤ ਸਿੰਘ ਬਾਦਲ ਨੂੰ 22 ਨਵੰਬਰ ਨੂੰ ਇੱਕ ਵਾਰ ਮੁੜ ਤੋਂ ਜਾਂਚ ’ਚ ਸ਼ਾਮਲ ਹੋਣ ਲਈ ਸੱਦਾ ਭੇਜਿਆ ਹੈ। ਨਾਲ ਹੀ ਇਸ ਮਾਮਲੇ ’ਚ ਨਾਮਜਦ ਬਠਿੰਡਾ ਵਿਕਾਸ ਅਥਾਰਟੀ ਦੇ ਪ੍ਰਸ਼ਾਸ਼ਕ ਬਿਕਰਮਜੀਤ ਸਿੰਘ ਸ਼ੇਰਗਿੱਲ ਨੂੰ ਵੀ ਇਸੇ ਦਿਨ ਤਲਬ ਕੀਤਾ ਗਿਆ ਹੈ। ਸ਼ੇਰਗਿੱਲ ਪਹਿਲੀ ਵਾਰ ਵਿਜੀਲੈਂਸ ਦੇ ਰੂਬਰੂ ਹੋਣਗੇ ਜਿੰਨ੍ਹਾਂ ਨੂੰ ਕੁੱਝ ਦਿਨ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਅੰਤਿਰਮ ਜਮਾਨਤ ਦਿੱਤੀ ਸੀ। ਵਿਜੀਲੈਂਸ ਬਿਊਰੋ ਪੰਜਾਬ ਨੇ ਭਾਜਪਾ ਦੇ ਜਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ ਦੀ ਸ਼ਕਾਇਤ ’ਤੇ ਮਨਪ੍ਰੀਤ ਬਾਦਲ ,ਬਿਕਰਮਜੀਤ ਸਿੰਘ ਸ਼ੇਰਗਿੱਲ ਬੀਡੀਏ ਦੇ ਸੁਪਰਡੈਂਟ ਪੰਕਜ਼ ਕਾਲੀਆ, ਕਾਰੋਬਾਰੀ ਰਾਜੀਵ ਕੁਮਾਰ, ਸ਼ਰਾਬ ਵਪਾਰੀ ਦੇ ਮੁਲਾਜਮ ਅਮਨਦੀਪ ਸਿੰਘ ਅਤੇ ਵਿਕਾਸ ਕੁਮਾਰ ਖਿਲਾਫ ਲੰਘੀ 24 ਸਤੰਬਰ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਸੀ।
ਵਿਜੀਲੈਂਸ ਕੇਸ ਅਨੁਸਾਰ ਮਨਪ੍ਰੀਤ ਬਾਦਲ ਨੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਵੇਲੇ ਵਿੱਤ ਮੰਤਰੀ ਹੁੰਦਿਆਂ ਆਪਣਾ ਪ੍ਰਭਾਵ ਵਰਤਦਿਆਂ ਸਾਲ 2021 ਵਿੱਚ ਸ਼ਹਿਰ ਦੇ ਮਾਡਲ ਟਾਊਨ ਖੇਤਰ ’ਚ 1560 ਗਜ਼ ਦੇ ਦੋ ਪਲਾਟ ਖ਼ਰੀਦੇ ਸਨ। ਵਿਜੀਲੈਂਸ ਨੇ ਪੜਤਾਲ ’ਚ ਦਾਅਵਾ ਕੀਤਾ ਸੀ ਕਿ ਸਰਕਾਰੀ ਅਧਿਕਾਰੀਆਂ ਨੇ ਇਸ ਮਾਮਲੇ ’ਚ ਨਿਯਮਾਂ ਦੀ ਉਲੰਘਣਾ ਕੀਤੀ ਹੈ। ਮਹੱਤਵਪੂਰਨ ਪਹਿਲੂ ਇਹ ਵੀ ਹੈ ਕਿ ਵਿਜੀਲੈਂਸ ਨੇ ਤਿੰਨ ਪ੍ਰਾਈਵੇਟ ਲੋਕਾਂ ਨੂੰ 24 ਘੰਟੇ ਦੇ ਅੰਦਰ ਅੰਦਰ ਹੀ ਗ੍ਰਿਫਤਾਰ ਕਰ ਲਿਆ ਸੀ ਪਰ ਯਤਨਾਂ ਦੇ ਬਾਵਜੂਦ ਸਾਬਕਾ ਵਿੱਤ ਮੰਤਰੀ ਅਤੇ ਸਰਕਾਰੀ ਅਧਿਕਾਰੀਆਂ ਦੀ ਗ੍ਰਿਫਤਾਰੀ ਤਾਂ ਦੂਰ ਵਿਜੀਲੈਂਸ ਨੂੰਇੰਨ੍ਹਾਂ ਦੀ ਭਿਣਕ ਵੀ ਨਹੀਂ ਲਾ ਸਕੀ ਸੀ। ਮਨਪ੍ਰੀਤ ਬਾਦਲ ਨੂੰ ਹਾਈਕੋਰਟ ਨੇ ਲੰਘੀ 16 ਅਕਤੂਬਰ ਨੂੰ ਅੰਤਰਿਮ ਜਮਾਨਤ ਦੇ ਦਿੱਤੀ ਸੀ।
ਇਸ ਮਗਰੋਂ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਪੰਕਜ਼ ਕਾਲੀਆ ਵੀ ਅੰਤਿਰਮ ਜਮਾਨਤ ਹਾਸਲ ਕਰਨ ’ਚ ਸਫਲ ਰਹੇ ਸਨ। ਜਾਣਕਾਰੀ ਅਨੁਸਾਰ ਵਿਜੀਲੈਂਸ ਪੰਕਜ਼ ਕਾਲੀਆ ਤੋਂ ਦੋ ਵਾਰ ਪੁੱਛ ਪੜਤਾਲ ਕਰ ਚੁੱਕੀ ਹੈ। ਸੂਤਰ ਦੱਸਦੇ ਹਨ ਕਿ ਇਸ ਮਾਮਲੇ ’ਚ ਨਾਮਜਦ ਮੁਲਜਮਾਂ ਕੋਲੋਂ ਪੁੱਛਗਿੱਛ ਦੌਰਾਨ ਵਿਜੀਲੈਂਸ ਦੇ ਹੱਥ ਕਈ ਅਹਿਮ ਤੱਥ ਲੱਗੇ ਸਨ। ਇਸ ਕਰਕੇ ਤਫਤੀਸ਼ ਨੂੰ ਅੱਗੇ ਵਧਾਉਣ ਲਈ ਬਿਕਰਮਜੀਤ ਸਿੰਘ ਸ਼ੇਰਗਿੱਲ ਅਤੇ ਮਨਪ੍ਰੀਤ ਬਾਦਲ ਨੂੰ ਪੁੱਛਗਿੱਛ ਲਈ ਸੱਦਿਆ ਗਿਆ ਹੈ। ਹਾਲਾਂਕਿ ਮਾਮਲੇ ਦੇ ਜਾਂਚ ਅਧਿਕਾਰੀ ਡੀਐਸਪੀ ਵਿਜੀਲੈਂਸ ਕੁਲਵੰਤ ਸਿੰਘ ਲਹਿਰੀ ਦਾ ਫੋਨ ਬੰਦ ਕੀਤਾ ਹੋਣ ਕਰਕੇ ਕੋਈ ਵਧੇਰੇ ਜਾਣਕਾਰੀ ਅਤੇ ਪੱਖ ਨਹੀਂ ਜਾਣਿਆ ਜਾ ਸਕਿਆ ਪਰ ਸੂਤਰਾਂ ਅਨੁਸਾਰ ਦੋਵਾਂ ਜਣਿਆਂ ਤੋਂ ਵੱਖਰੋ ਵੱਖਰੇ ਅਤੇ ਫਿਰ ਆਹਮੋ ਸਾਹਮਣੇ ਬਿਠਾਕੇ ਪੁੱਛਗਿਛ ਕੀਤੀ ਜਾ ਸਕਦੀ ਹੈ।
ਵਿਜੀਲੈਂਸ ਇਸ ਮਾਮਲੇ ’ਚ ਆਪਣੀ ਜਾਂਚ ਨੂੰ ਹੋਰ ਪੁਖਤਾ ਬਨਾਉਣ ਲਈ ਦੋਵਾਂ ਤੋਂ ਕੁੱਝ ਅਹਿਮ ਜਾਣਕਾਰੀਆਂ ਹਾਸਲ ਕਰਨਾ ਚਾਹੁੰਦੀ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਮਨਪ੍ਰੀਤ ਬਾਦਲ ਲੰਘੀ 30 ਅਕਤੂਬਰ ਨੂੰ ਵਿਜੀਲੈਂਸ ਜਾਂਚ ’ਚ ਸ਼ਾਮਲ ਹੋਏ ਸਨ । ਇਸ ਮੌਕੇ ਵਿਜੀਲੈਂਸ ਨੇ ਮਨਪ੍ਰੀਤ ਬਾਦਲ ਤੋਂ ਕਰੀਬ ਢਾਈ ਘੰਟੇ ਪੁੱਛਗਿੱਛ ਕੀਤੀ ਸੀ। ਵਿਜੀਲੈਂਸ ਨੇਂ ਮਨਪ੍ਰੀਤ ਬਾਦਲ ਤੋਂ ਕੁੱਝ ਦਸਤਾਵੇਜ਼ ਮੰਗੇ ਸਨ ਜੋ ਕੋਲ ਨਾਂ ਹੋਣ ਕਰਕੇ ਉਨ੍ਹਾਂ ਅਗਲੀ ਪੇਸ਼ੀ ਤੇ ਸੌਂਪਣ ਬਾਰੇ ਕਿਹਾ ਸੀ। ਇਸ ਮੌਕੇ ਹਾਈਕੋਰਟ ਦੇ ਆਦੇਸ਼ਾਂ ਤਹਿਤ ਉਨ੍ਹਾਂ ਨੂੰ ਰਸਮੀ ਤੌਰ ਤੇ ਗ੍ਰਿਫਤਾਰ ਕਰਕੇ ਜਮਾਨਤ ਤੇ ਛੱਡ ਦਿੱਤਾ ਗਿਆ ਸੀ। ਸਾਬਕਾ ਵਿੱਤ ਮੰਤਰੀ ਨੂੰ 23 ਅਕਤੂਬਰ ਨੂੰ ਪੇਸ਼ ਹੋਣ ਲਈ ਸੰਮਣ ਭੇਜੇ ਸਨ ਪਰ ਪਿੱਠ ਦਰਦ ਦੀ ਦਲੀਲ ਦੇ ਕੇ ਉਨ੍ਹਾਂ ਪੇਸ਼ੀ ਨਹੀਂ ਭੁਗਤੀ ਸੀ।