ਰਘਬੀਰ ਹੈਪੀ, ਬਰਨਾਲਾ, 15 ਨਵੰਬਰ 2023
ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਣ ਲਈ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਬਰਨਾਲਾ ਦੇ ਅਧਿਕਾਰੀ ਅਤੇ ਕਰਮਚਾਰੀ ਪਿੰਡ – ਪਿੰਡ ਜਾ ਕੇ ਕਿਸਾਨਾਂ ਨੂੰ ਅਪੀਲ ਕਰ ਰਹੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਜਿਥੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਪ੍ਰੇਰਿਆ ਜਾ ਰਿਹਾ ਹੈ ਉੱਥੇ ਨਾਲ ਹੀ ਪਰਾਲੀ ਪ੍ਰਬੰਧਨ ਬਾਰੇ ਵੀ ਦੱਸਿਆ ਜਾ ਰਿਹਾ ਹੈ। ਵਧੀਕ ਡਿਪਟੀ ਕਮਿਸ਼ਨਰ, ਉੱਪ ਮੰਡਲ ਮੈਜਿਸਟ੍ਰੇਟਾਂ, ਸਾਰੇ ਕਲੱਸਟਰ ਇਨ ਚਾਰਜ ਅਤੇ ਨੋਡਲ ਅਫਸਰਾਂ ਵੱਲੋਂ ਲਗਾਤਾਰ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ। ਨਾਲ ਹੀ ਅਫ਼ਸਰਾਂ ਵੱਲੋਂ ਕਿਸਾਨ ਜਥੇਬੰਦੀਆਂ, ਆੜ੍ਹਤੀਆ ਜਥੇਬੰਦੀਆਂ ਅਤੇ ਹੋਰਨਾਂ ਨਾਲ ਤਾਲਮੇਲ ਕਰਕੇ ਵੀ ਇਸ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਕੰਮ ਵਿਚ ਪੁਲਿਸ ਵਿਭਾਗ ਦੀਆਂ ਟੀਮਾਂ ਵੀ ਸਾਥ ਦੇ ਰਹੀਆਂ ਹਨ ਅਤੇ ਕਿਸਾਨਾਂ ਨੂੰ ਨਿਰੰਤਰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ।
ਟੀਮ ਵੱਲੋਂ ਨਾ ਕੇਵਲ ਜਾਗਰੂਕ ਕੀਤਾ ਜਾ ਰਿਹਾ ਹੈ ਬਲਕਿ ਮੌਕੇ ਉੱਤੇ ਲੱਗੀਆਂ ਅੱਗਾਂ ਨੂੰ ਬੁਝਾਉਣ ‘ਚ ਵੀ ਮਦਦ ਕੀਤੀ ਜਾ ਰਹੀ ਹੈ । ਪਿੰਡ ਵਜੀਦਕੇ ਕਲਾਂ ਵਿਖੇ ਟੀਮ ਨੇ ਮੌਕੇ ਉੱਤੇ ਲੱਗੀ ਅੱਗ ਟਰੈਕਟਰ ਦੇ ਮਦਦ ਨਾਲ ਬੁਝਾਈ। ਨਾਲ ਹੀ ਪੁਲਿਸ ਵੱਲੋਂ ਪਿੰਡਾਂ ਦੇ ਸਰਪੰਚਾਂ ਨਾਲ ਬੈਠਕਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਉਹ ਸਹਿ ਨਿਗਰਾਨੀ ਨਾਲ ਅੱਗ ਲਗਾਉਣ ਦੀਆਂ ਘਟਨਵਾਨਾਂ ਨੂੰ ਠੱਲ ਪਾ ਸਕਣ।
ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਸਤਵੰਤ ਸਿੰਘ ਨੇ ਪਿੰਡ ਸਹਿਜੜਾ, ਸਹੌਰ, ਖਿਆਲੀ, ਮਹਿਲ ਖੁਰਦ, ਮਹਿਲ ਕਲਾਂ ਆਦਿ ਇਲਾਕਿਆਂ ਦਾ ਦੌਰਾ ਕੀਤਾ ਅਤੇ ਕਿਸਾਨਾਂ ਨੂੰ ਜਾਗਰੂਕ ਕੀਤਾ। ਉਨ੍ਹਾਂ ਪਿੰਡ ਕੁਰੜ ਵਿਖੇ ਖੇਤਾਂ ‘ਚ ਲੱਗੀ ਅੱਗ ਮੌਕੇ ਉੱਤੇ ਪਹੁੰਚ ਕੇ ਬੁਝਵਾਈ।ਇਸੇ ਤਰ੍ਹਾਂ ਉੱਪ ਮੰਡਲ ਮੈਜਿਸਟ੍ਰੇਟ ਬਰਨਾਲਾ ਸ਼੍ਰੀ ਗੋਪਾਲ ਸਿੰਘ ਨੇ ਪਿੰਡ ਧਨੌਲਾ, ਬਡਬਰ, ਭੈਣੀ ਮਹਿਰਾਜ, ਪੱਖੋਂ ਕਲਾਂ ਆਦਿ ਇਲਾਕੇ ਅਤੇ ਉੱਪ ਮੰਡਲ ਮੈਜਿਸਟ੍ਰੇਟ ਤਪਾ ਸ਼੍ਰੀ ਸੁਖਪਾਲ ਸਿੰਘ ਨੇ ਪਿੰਡ ਮੌੜ ਨਾਭਾ, ਘੜੇਲਾਂ, ਢਿਲਵਾਂ, ਨੈਣੇਵਾਲ ਆਦਿ ਵਿਖੇ ਪਿੰਡਾਂ ਦਾ ਦੌਰਾ ਕੀਤਾ ।