ਅਸ਼ੋਕ ਵਰਮਾ, ਬਠਿੰਡਾ, 11 ਨਵੰਬਰ 2023
ਡੇਰਾ ਸੱਚਾ ਸੌਦਾ ਸਿਰਸਾ ਦੇ ਬਠਿੰਡਾ ਨਿਵਾਸੀ ਪੈਰੋਕਾਰ ਦੀ ਮੌਤ ਉਪਰੰਤ ਉਸ ਦੀਆਂ ਅੱਖਾਂ ਅਤੇ ਸ਼ਰੀਰਦਾਨ ਕੀਤਾ ਗਿਆ ਹੈ। ਬਲਾਕ ਬਠਿੰਡਾ ਦੇ ਗੁਰੂ ਗੋਬਿੰਦ ਸਿੰਘ ਨਗਰ ਦੀ ਡੇਰਾ ਸ਼ਰਧਾਲੂ ਰਣਜੀਤ ਕੌਰ ਇੰਸਾਂ 101ਵੀਂ ਸ਼ਰੀਦਾਨੀ ਬਣ ਗਈ ਹੈ ਜਿਸ ਦੀ ਮੌਤ ਤੋਂ ਬਾਅਦ ਉਸ ਵੱਲੋਂ ਕੀਤੇ ਗਏ ਪ੍ਰਣ ਨੂੰ ਅੱਜ ਉਸਦੇ ਪਰਿਵਾਰਕ ਮੈਂਬਰਾਂ ਨੇ ਪੂਰਾ ਕੀਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀਆਂ ਅੱਖਾਂ ਵੀ ਦਾਨ ਕੀਤੀਆਂ ਗਈਆਂ ਜੋ ਦੋ ਹਨੇਰੀਆਂ ਜਿੰਦਗੀਆਂ ਨੂੰ ਰੌਸ਼ਨ ਕਰਨਗੀਆਂ। ਇਹ ਮ੍ਰਿਤਕ ਦੇਹ ਸਰਸਵਤੀ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼, ਅਨਵਾਪੁਰ, ਪਿਲਹੁਵਾ, ਹਾਪੁੜ (ਉੱਤਰ ਪ੍ਰਦੇਸ਼) ਨੂੰ ਦਾਨ ਕੀਤੀ ਗਈ ਹੈ ਜਿਸ ਤੇ ਹੁਣ ਮੈਡੀਕਲ ਸਿੱਖਿਆ ਦੇ ਵਿਦਿਆਰਥੀ ਖੋਜਾਂ ਕਰ ਸਕਣਗੇ।
ਵੇਰਵਿਆਂ ਅਨੁਸਾਰ ਸੇਵਾਦਾਰ ਭੈਣ ਰਣਜੀਤ ਕੌਰ ਇੰਸਾਂ, ਗਲੀ ਨੰ.1, ਹਜੂਰਾ ਕਪੂਰਾ ਕਲੋਨੀ, ਬਠਿੰਡਾ ਨੇ ਇਸ ਸਬੰਧ ’ਚ ਪਹਿਲਾਂ ਪ੍ਰਣ ਕੀਤਾ ਹੋਇਆ ਸੀ। ਅੱਜ ਜਦੋਂ ਉਨ੍ਹਾਂ ਦਾ ਦੇਹਾਂਤ ਹੋ ਗਿਆ ਤਾਂ ਉਨ੍ਹਾਂ ਦੇ ਪਤੀ ਚਰਨਜੀਤ ਸਿੰਘ ਇੰਸਾਂ, ਬੇਟੇ ਪ੍ਰਭਜੋਤ ਇੰਸਾਂ, ਅਮਨ ਇੰਸਾਂ, ਬੇਟੀ ਸੁਖਦੀਪ ਇੰਸਾਂ ਅਤੇ ਹੋਰ ਪਰਿਵਾਰਕ ਮੈਂਬਰਾਂ ਨੇ ਅੰਤਿਮ ਸਸਕਾਰ ਕਰਨ ਦੀ ਬਜਾਏ ਸਰੀਰ ਨੂੰ ਦਾਨ ਕਰਨ ਦਾ ਫੈਸਲਾ ਲਿਆ। ਇਸ ਮੌਕੇ ਹਾਜ਼ਰ ਵੱਡੀ ਗਿਣਤੀ ਡੇਰਾ ਸ਼ਰਧਾਲੂਆਂ ਰਿਸ਼ਤੇਦਾਰਾਂ, ਸਨੇਹੀਆਂ ਅਤੇ ਇਲਾਕਾ ਵਾਸੀਆਂ ਦੀ ਮੌਜੂਦਗੀ ’ਚ ਰਣਜੀਤ ਕੌਰ ਇੰਸਾਂ ਅਮਰ ਰਹੇ, ਜਬ ਤੱਕ ਸੂਰਜ ਚਾਂਦ ਰਹੇਗਾ ਭੈਣ ਰਣਜੀਤ ਕੌਰ ਇੰਸਾਂ ਤੇਰਾ ਨਾਮ ਰਹੇਗਾ ਦੇ ਅਕਾਸ਼ ਗੁੰਜਾਊ ਨਾਅਰਿਆਂ ਨਾਲ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਨਿਵਾਸ ਸਥਾਨ ਤੋਂ ਕਾਫਲੇ ਦੇ ਰੂਪ ’ਚ ਐਂਬੂਲੈਂਸ ਰਾਹੀਂ ਅੰਤਿਮ ਵਿਦਾਇਗੀ ਦਿੱਤੀ।
ਇਸ ਮੌਕੇ 85 ਮੈਂਬਰ ਪੰਜਾਬ ਕੁਲਬੀਰ ਸਿੰਘ ਇੰਸਾਂ , ਵਿੱਕੀ ਇੰਸਾਂ ਅਤੇ 15 ਮੈਂਬਰ ਅਸ਼ਵਨੀ ਇੰਸਾਂ ਨੇ ਦੱਸਿਆ ਕਿ ਡੇਰਾ ਮੁਖੀ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਦੇ ਨਿਰਦੇਸ਼ਾਂ ਤਹਿਤ ਡੇਰਾ ਪ੍ਰੇਮੀ 159 ਮਾਨਵਤਾ ਭਲਾਈ ਕਾਰਜ ਕਰਦੇ ਹਨ ਜਿੰਨ੍ਹਾਂ’ਚ ਅੱਖਾਂ ਅਤੇ ਸਰੀਰਦਾਨ ਵੀ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਰਣਜੀਤ ਕੌਰ ਇੰਸਾਂ ਦੇ ਸਮੂਹ ਪਰਿਵਾਰ ਨੇ ਮੌਤ ਉਪਰੰਤ ਸਰੀਰਦਾਨ ਅਤੇ ਅੱਖਾਂ ਦਾਨ ਕਰਨ ਦਾ ਪ੍ਰਣ ਲਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਤੇ ਪਹਿਰਾ ਦਿੰਦਿਆਂ ਅੱਜ ਰਣਜੀਤ ਕੌਰ ਇੰਸਾਂ ਦੀ ਇੱਛਾ ਪੂਰੀ ਕੀਤੀ ਗਈ ਹੈ। ਇਸ ਮੌਕੇ 85 ਮੈਂਬਰ ਪੰਜਾਬ ਵਿਕਾਸ ਇੰਸਾਂ, ਜਸਵਿੰਦਰ ਇੰਸਾਂ, ਪ੍ਰੇਮੀ ਸੰਮਤੀ ਏਰੀਆ ਗੁਰੂ ਗੋਬਿੰਦ ਸਿੰਘ ਨਗਰ ਦੇ ਸੇਵਾਦਾਰ ਮੋਹਨ ਲਾਲ ਇੰਸਾਂ, ਭੈਣ ਕਰਮਜੀਤ ਕੌਰ ਇੰਸਾਂ, ਬਲਾਕ ਬਠਿੰਡਾ ਦੇ ਵੱਖ-ਵੱਖ ਇਲਾਕਿਆਂ ਨਾਲ ਸਬੰਧਤ ਡੇਰਾ ਆਗੂ ਹਾਜ਼ਰ ਸਨ।