ਗਗਨ ਹਰਗੁਣ, ਬਰਨਾਲਾ 06 ਨਵੰਬਰ 2023
ਪਾਵਰਕੌਮ ਅਤੇ ਟਰਾਂਸਕੋ ਪੈਨਸ਼ਨਰਜ਼ ਐਸੋਸੀਏਸ਼ਨ ਰਜਿ ਵੱਲੋਂ ਸ਼ਹਿਰੀ ਅਤੇ ਦਿਹਾਤੀ ਮੰਡਲਾਂ ਦੀ ਸਾਂਝੀ ਵੱਡੀ ਮੀਟਿੰਗ ਰਣਜੀਤ ਸਿੰਘ ਦੀ ਪ੍ਰਧਾਨਗੀ ਹੇਠ ਮੁੱਖ ਦਫਤਰ ਧਨੌਲਾ ਰੋਡ ਬਰਨਾਲਾ ਵਿਖੇ ਕੀਤੀ ਗਈ। ਇਸ ਮੀਟਿੰਗ ਸੈਂਕੜੇ ਸਾਥੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ। ਇਸ ਰੈਲੀ ਦਾ ਰੂਪ ਧਾਰਨ ਕਰ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਰਕਲ ਸਕੱਤਰ ਸ਼ਿੰਦਰ ਧੌਲਾ, ਹਰਨੇਕ ਸਿੰਘ ਸੰਘੇੜਾ, ਨਰਾਇਣ ਦੱਤ ਅਤੇ ਜੱਗਾ ਸਿੰਘ ਧਨੌਲਾ ਨੇ ਪਾਵਰਕੌਮ ਪੈਨਸ਼ਨਰਾਂ ਦੀਆਂ ਬੁਨਿਆਦੀ ਮੰਗਾਂ ਦੀ ਬਾਰੇ ਅਤੇ ਚੱਲ ਰਹੇ ਸੰਘਰਸ਼ ਬਾਰੇ ਚਰਚਾ ਕੀਤੀ। ਚੱਲ ਰਹੇ ਸੰਘਰਸ਼ ਦੌਰਾਨ ਪੰਜਾਬ ਸਰਕਾਰ ਨਾਲ ਜਥੇਬੰਦੀ ਦੇ ਸੰਘਰਸ਼ ਦੀ ਬਦੌਲਤ ਹੋਈਆਂ ਮੀਟਿੰਗਾਂ ਵਿੱਚ ਪਾਵਰਕੌਮ ਦੇ ਪੈਨਸ਼ਨਰਜ਼ ਦੀਆਂ ਮੰਗਾਂ ਅਤੇ ਪਾਵਰਕੌਮ ਦੀ ਮੈਨੇਜਮੈਂਟ ਵੱਲੋਂ ਟੈਕਨੀਕਲ ਸਰਵਿਸਿਜ਼ ਯੂਨੀਅਨ ਰਜਿ ਦੇ ਦੋ ਆਗੂਆਂ ਦੀ ਜ਼ਬਰੀ ਟਰਮੀਨੇਟ ਕੀਤੇ ਸਾਥੀਆਂ ਨੂੰ ਬਹਾਲ ਕਰਨ ਦੀ ਮੰਨੀ ਹੋਈ ਮੰਗ ਲਾਗੂ ਨਾ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਟਰਮੀਨੇਟ ਕੀਤੇ ਆਗੂਆਂ ਨੂੰ ਵਾਅਦੇ ਅਨੁਸਾਰ ਬਹਾਲ ਕਰਨ ਦੀ ਮੰਗ ਕੀਤੀ।
ਆਗੂਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਪਾਵਰਕੌਮ ਦੀ ਮੈਨੇਜਮੈਂਟ ਜਥੇਬੰਦੀ ਦੀਆਂ ਲੰਬੇ ਸਮੇਂ ਤੋਂ ਲਮਕਾ ਅਵਸਥਾ ਵਿੱਚ ਪਈਆਂ ਮੰਗਾਂ ਨੂੰ ਮੰਨਣ ਤੋਂ ਇਨਕਾਰੀ ਹੈ। ਇਸੇ ਕਰਕੇ ਸੰਘਰਸ਼ ਦੀ ਕੜੀ ਵਜੋਂ ਸਮੁੱਚੇ ਪੰਜਾਬ ਦੇ ਪੰਜੇ ਜੋਨਾਂ ਅੱਗੇ ਪਾਵਰਕੌਮ ਦੀ ਮਨੇਜਮੈਂਟ ਖ਼ਿਲਾਫ਼ ਦਿੱਤੇ ਜਾਣ ਵਾਲੇ ਧਰਨਿਆਂ ਦੀਆਂ ਤਿਆਰੀਆਂ ਵਿੱਚ ਜੁੱਟ ਜਾਣ ਦਾ ਸੱਦਾ ਦਿੱਤਾ। ਧਰਨਿਆਂ ਦੀਆਂ ਤਾਰੀਖਾਂ ਦਾ ਐਲਾਨ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਕਰਕੇ ਜਲਦੀ ਦਿੱਤਾ ਜਾਵੇਗਾ। ਪੰਜਾਬ ਅਤੇ ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਦੇ ਸੱਦੇ ਤੇ ਕੀਤੇ ਗਏ ਸੰਘਰਸ਼ ਵਿੱਚ ਸ਼ਮੂਲੀਅਤ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਪੈਨਸ਼ਨਰਜ਼ ਸਾਥੀਆਂ ਦਾ ਵਧ ਚੜ੍ਹ ਕੇ ਸ਼ਮੂਲੀਅਤ ਕਰਨ ਲਈ ਧੰਨਵਾਦ ਕੀਤਾ। ਪੰਜਾਬ ਸਰਕਾਰ ਦੀ ਮੁਲਾਜ਼ਮ ਅਤੇ ਪੈਨਸ਼ਨਰਜ਼ ਵਿਰੋਧੀ ਨੀਤੀ ਖ਼ਿਲਾਫ਼ ਅਤੇ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ ਤਿੱਖੇ ਸੰਘਰਸ਼ ਦੀ ਲੋੜ ਤੇ ਜੋਰ ਦਿੱਤਾ।
ਬੁਲਾਰੇ ਆਗੂਆਂ ਕਿਹਾ ਕਿ ਪਾਵਰਕੌਮ ਦੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮਹਿੰਗਾਈ ਭੱਤੇ ਦੀ ਤਿੰਨ ਕਿਸ਼ਤਾਂ ਦੱਬੀ ਬੈਠੀ ਹੈ। ਪਾਵਰਕੌਮ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ 46% ਮਹਿੰਗਾਈ ਭੱਤੇ ਦੀ ਥਾਂ ਸਿਰਫ਼ 34% ਮਹਿੰਗਾਈ ਭੱਤਾ ਦਿੱਤਾ ਜਾ ਰਿਹਾ ਹੈ, 5 ਸਾਲ 6 ਮਹੀਨੇ ਦਾ ਨਵੇਂ ਸਕੇਲਾਂ ਦਾ ਬਕਾਏ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ, 2.59 ਗੁਣਾਂਕ ਨਾਲ 1-1-16 ਤੋਂ ਪੈਨਸ਼ਨ ਸੋਧਣ ਦਾ ਮਸਲਾ ਲਮਕਾ ਅਵਸਥਾ ਵਿੱਚ ਪਿਆ ਹੈ। ਇਹੀ ਸਰਕਾਰ ਸਤਾ ਸੰਭਾਲਣ ਮੌਕੇ ਡੀਂਗਾਂ ਮਾਰਨ ਰਹੀ ਸੀ ਕਿ ਸਰਕਾਰ ਦੇ ਖਜ਼ਾਨੇ ਵਿੱਚ ਕੋਈ ਘਾਟਾ ਨਹੀਂ ਹੈ, ਹੁਣ ਇਹੀ ਸਰਕਾਰ 1 ਲੱਖ 83 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਦਾ ਬਹਾਨਾ ਲਗਾ ਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਬਕਾਏ ਅਦਾ ਕਰਨ ਤੋਂ ਇਨਕਾਰ ਕਰ ਰਹੀ ਹੈ। ਬੁਲਾਰਿਆਂ ਨੇ ਲੋਕ ਪੱਖੀ ਮੀਡੀਏ ਨਿਊਜ਼ ਕਲਿੱਕ ਦੇ ਸੰਪਾਦਕ ਯੂਏਪੀਏ ਵਰਗੀਆਂ ਧਾਰਾਵਾਂ ਲਗਾਕੇ ਗ੍ਰਿਫ਼ਤਾਰ ਕਰਨ ਅਤੇ 50 ਦੇ ਤਕਰੀਬਨ ਪੱਤਰਕਾਰਾਂ ਦੇ ਘਰਾਂ/ਦਫ਼ਤਰਾਂ ਦੀ ਛਾਪਾਮਾਰੀ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਨ ,ਬੁੱਧੀਜੀਵੀਆਂ, ਸਮਾਜਿਕ ਕਾਰਕੁੰਨਾਂ, ਲੇਖਕਾਂ, ਪੱਤਰਕਾਰਾਂ ਨੂੰ ਰਿਹਾਅ ਕਰਨ ਦੀ ਮੰਗ ਕੀਤੀ। ਇਜ਼ਰਾਈਲੀ ਧਾੜਵੀਆਂ ਵੱਲੋਂ ਫ਼ਲਸਤੀਨੀ ਲੋਕਾਂ ਖ਼ਿਲਾਫ਼ ਵਿੱਢੀ ਨਿਹੱਕੀ ਜੰਗ ਬੰਦ ਕਰਨ ਦੀ ਜ਼ੋਰਦਾਰ ਮੰਗ ਕੀਤੀ। ਇਸ ਮੀਟਿੰਗ ਵਿੱਚ ਬੁਲਾਰੇ ਆਗੂਆਂ ਜੋਗਿੰਦਰ ਪਾਲ,ਗੌਰੀ ਸ਼ੰਕਰ,ਜਨਕ ਸਿੰਘ, ਗੁਰਜੰਟ ਸਿੰਘ,ਜਗਰਾਜ ਸਿੰਘ,ਭਾਗ ਸਿੰਘ,ਜਗਰਾਜ ਸਿੰਘ,ਗੁਰਜੰਟ ਸਿੰਘ, ਬੂਟਾ ਸਿੰਘ,ਬਲਵੰਤ ਸਿੰਘ,ਪਿਆਰਾ ਸਿੰਘ,ਬਲਦੇਵ ਸਿੰਘ,ਤੀਰਥ ਦਾਸ, ਸੁਖਵੰਤ ਸਿੰਘ ਚੂੰਘਾਂ, ਹਰਦੇਵ ਸਿੰਘ, ਰਾਮਪਾਲ ਸਿੰਘ ਆਦਿ ਆਗੂਆਂ ਨੇ ਸਮੁੱਚੀ ਹਾਲਤ ਅਤੇ ਅਗਲੇ ਤਿੱਖੇ ਸੰਘਰਸ਼ ਬਾਰੇ ਵੀ ਵਿਚਾਰ ਚਰਚਾ ਕੀਤੀ। ਸਟੇਜ ਸਕੱਤਰ ਦੇ ਫਰਜ਼ ਸ਼ਹਿਰੀ ਮੰਡਲ ਬਰਨਾਲਾ ਦੇ ਸਕੱਤਰ ਗੁਰਚਰਨ ਸਿੰਘ ਨੇ ਬਾਖ਼ੂਬੀ ਨਿਭਾਏ।