ਅਸ਼ੋਕ ਧੀਮਾਨ, ਫਤਹਿਗੜ੍ਹ ਸਾਹਿਬ 6 ਨਵੰਬਰ 2023
ਸਿਵਲ ਸਰਜਨ ,ਫਤਿਹਗੜ੍ਹ ਸਾਹਿਬ, ਡਾ ਦਵਿੰਦਰਜੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਜ਼ਿਲ੍ਹਾ ਸਿਹਤ ਅਫਸਰ ਡਾ ਨਵਜੋਤ ਕੌਰ ਦੀ ਅਗਵਾਈ ਹੇਠ ਸਿਹਤ ਵਿਭਾਗ ਦੀ ਟੀਮ ਜਿਸ ਵਿਚ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ ਸਿੰਘ ,ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਜਸਵਿੰਦਰ ਕੌਰ ਅਤੇ ਬਲਵਿੰਦਰ ਸਿੰਘ ਸ਼ਾਮਲ ਸਨ ਨੇ ਅੱਜ ਚੰਡੀਗੜ੍ਹ ਰੋਡ ਅਤੇ ਭੈਰੋਂਪੁਰ ਦੇ ਏਰੀਏ ਵਿਚ ਖਾਣ ਪੀਣ ਦੀਆਂ ਵਸਤਾਂ ਦੇ ਨਾਲ ਤੰਬਾਕੂ ਉਤਪਾਦ ਵੇਚਣ ਵਾਲੇ ਦੁਕਾਨਦਾਰਾਂ ਦੀ ਚੈਕਿੰਗ ਕੀਤੀ ।
ਇਸ ਚੈਕਿੰਗ ਦੌਰਾਨ ਤੰਬਾਕੂ ਕੰਟਰੋਲ ਐਕਟ ( ਕੋਟਪਾ ) ਦੀ ਉਲੰਘਣਾ ਕਰਨ ਵਾਲੇ 9 ਦੁਕਾਨਦਾਰਾਂ ਦੇ ਚਲਾਨ ਕੀਤੇ ਗਏ । ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿਹਤ ਅਫਸਰ ਡਾ ਨਵਜੋਤ ਕੌਰ ਨੇ ਦੱਸਿਆ ਕਿ ਖਾਣ-ਪੀਣ ਦੀਆਂ ਵਸਤਾਂ ਦੇ ਨਾਲ ਤੰਬਾਕੂ ਪਦਾਰਥ ਵੇਚਣਾ ਅਪਰਾਧ ਹੈ ਇਸ ਲਈ ਕੋਟਪਾ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਦੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਚਲਾਨ ਕੀਤੇ ਜਾਂਦੇ ਹਨ ਅਤੇ ਮੌਕੇ ਤੇ ਜੁਰਮਾਨਾ ਵਸੂਲ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ “ਪੰਜਾਬ ਰਾਜ ਤੰਬਾਕੂ ਰਹਿਤ ਦਿਵਸ” ਨੂੰ ਸਮਰਪਿਤ ਅਰੰਭੀ ਗਈ ਇਸ ਮੁਹਿੰਮ ਤਹਿਤ ਆਮ ਲੋਕਾਂ ਅਤੇ ਦੁਕਾਨਦਾਰਾਂ ਨੁੰ ਤੰਬਾਕੂ ਸੇਵਨ ਨਾਲ ਮਨੁੱਖੀ ਸਿਹਤ ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਬਾਰੇ ਵੀ ਜਾਗਰੂਕ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਤੰਬਾਕੂ ਦੀ ਕਿਸੇ ਵੀ ਰੂਪ ਵਿੱਚ ਵਰਤੋਂ ਕਰਨਾ ਮਨੁੱਖੀ ਸਿਹਤ ਲਈ ਹਾਨੀਕਾਰਕ ਹੁੰਦਾ ਹੈ ਕਿਉਕਿ ਤੰਬਾਕੂ ਸੇਵਨ ਨਾਲ ਮੂੰਹ, ਗਲੇ ਅਤੇ ਫੇਫੜਿਆਂ ਦਾ ਕੈਂਸਰ ਹੋਣ ਦਾ ਖ਼ਤਰਾ ਹੁੰਦਾ ਹੈ। ਜਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ ਨੇ ਕਿਹਾ ਕਿ ਤੰਬਾਕੂ ਕੰਟਰੋਲ ਐਕਟ ਅਨੁਸਾਰ ਖਾਣ ਪੀਣ ਦੀਆਂ ਵਸਤਾਂ ਦੇ ਨਾਲ ਤੰਬਾਕੂ ਪਦਾਰਥ ਵੇਚਣਾ ,ਜਨਤਕ ਥਾਵਾਂ ਤੇ ਤੰਬਾਕੂਨੋਸ਼ੀ ਕਰਨਾ ਅਤੇ ਵਿੱਦਿਅਕ ਸੰਸਥਾਵਾਂ ਦੇ ਸੌ ਗਜ਼ ਦੇ ਘੇਰੇ ਅੰਦਰ ਤੰਬਾਕੂ ਉਤਪਾਦ ਦੀ ਵਿਕਰੀ ਕਰਨ ਤੇ ਪੂਰਨ ਪਾਬੰਦੀ ਹੈ। ਇਸ ਦੀ ਉਲੰਘਣਾ ਕਰਨ ਵਾਲੇ ਵਿਅਕਤੀ/ ਦੁਕਾਨਦਾਰ ਦਾ ਮੌਕੇ ਤੇ ਚਲਾਣ ਕਰਕੇ ਜੁਰਮਾਨਾ ਵਸੂਲ ਕੀਤਾ ਜਾਂਦਾ ਹੈ ਅਤੇ ਕੋਟਪਾ ਦੀਆਂ ਕਈ ਹੋਰ ਧਾਰਾਵਾਂ ਅੰਦਰ ਕੋਰਟ ਚਲਾਨ ਵੀ ਕੀਤੇ ਜਾ ਸਕਦੇ ਹਨ।