ਪ੍ਰੈੱਸ ਕਲੱਬ ਮਹਿਲ ਕਲਾਂ ਵਲੋਂ ਨਿੰਦਾ, ਡਾਕਟਰ ਵਿਰੁੱਧ ਮੰਗੀ ਕਾਰਵਾਈ
ਬੀਟੀਐਨ ਮਹਿਲ ਕਲਾਂ, 12 ਜੂਨ 2020
ਕਮਿਊਨਿਟੀ ਹੈੱਲਥ ਸੈਂਟਰ ਮਹਿਲ ਕਲਾਂ ਦੇ ਇਕ ਡਾਕਟਰ ਵਲੋਂ ਜੰਮਣ ਪੀੜਾਂ ਨਾਲ ਜੂਝ ਰਹੀ ਇੱਕ ਔਰਤ ਦੇ ਇਲਾਜ਼ ਚ, ਕੀਤੀ ਜਾ ਰਹੀ ਕਥਿਤ ਕੋਤਾਹੀ ਬਾਰੇ ਗੱਲ ਕਰਨ ,ਡਾਕਟਰ ਉਲਟਾ ਪੱਤਰਕਾਰ ਨਾਲ ਦੁਰ-ਵਿਵਹਾਰ ਕਰਨ ਤੇ ਉੱਤਰ ਆਇਆ । ਹੋਇਆ ਇੰਜ ਕਿ ਪ੍ਰੈੱਸ ਕਲੱਬ ਰਜਿ: ਮਹਿਲ ਕਲਾਂ ਦੇ ਅਹੁਦੇਦਾਰ ਇਕ ਪੱਤਰਕਾਰ ਵਲੋਂ ਕਮਿਊਨਿਟੀ ਹੈੱਲਥ ਸੈਂਟਰ ਮਹਿਲ ਕਲਾਂ ‘ਚ ਜਨਮ ਪੀੜਾਂ ਨਾਲ ਕੁਰਲਾ ਰਹੀ ਇਕ ਗਰਭਵਤੀ ਮਹਿਲਾ ਦੀ ਕੋਈ ਸੁਣਵਾਈ ਨਾ ਹੋਣ ਕਾਰਨ ਉਸ ਦਾ ਢੁਕਵਾਂ ਇਲਾਜ ਕਰਨ ਲਈ ਮੌਕੇ ‘ਤੇ ਤਾਇਨਾਤ ਡਾਕਟਰ ਸ਼ਿਪਲਮ ਅਗਨੀਹੋਤਰੀ ਨਾਲ ਗੱਲਬਾਤ ਕੀਤੀ। ਪਰ ਉਨ੍ਹਾਂ ਕੋਈ ਧਿਆਨ ਨਾ ਦਿੱਤਾ, ਕੁਝ ਸਮੇਂ ਬਾਅਦ ਜਦੋਂ ਪੱਤਰਕਾਰ ਵਲੋਂ ਮੁੜ ਤੋਂ ਇਸ ਡਾਕਟਰ ਨੂੰ ਫੋਨ ਕੀਤਾ ਗਿਆ ਤਾਂ ਉਸ ਨੇ ਮਹਿਲਾ ਦੀ ਗੌਰ ਕਰਨ ਦੀ ਬਜਾਏ ਉਲਟਾ ਪੱਤਰਕਾਰ ਨੂੰ ਹੀ ਬੁਰਾ ਭਲਾ ਬੋਲਣਾ ਸ਼ੁਰੂ ਕਰ ਦਿੱਤਾ। ਪੱਤਰਕਾਰ ਵਲੋਂ ਵਾਰ-ਵਾਰ ਡਾਕਟਰ ਦਾ ਧਿਆਨ ਹਸਪਤਾਲ ‘ਚ ਪਈ ਮਹਿਲਾ ਦੇ ਇਲਾਜ ਵੱਲ ਦਿਵਾਏ ਜਾਣ ‘ਤੇ ਉਸ ਨੇ ਇਕ ਨਾ ਸੁਣੀ ਅਤੇ ਆਖਣ ਲੱਗ ਤੂੰ ਫੋਨ ਕਰ ਕੇ ਸਾਨੂੰ ਪੱਤਰਕਾਰੀ ਧੌਂਸ ਦਿਖਾ ਰਿਹਾ ਹੈਂ, ਤੂੰ ਖ਼ਬਰ ਹੀ ਲਾਉਣੀ ਹੈ ਜਾ ਲਾ ਦੇ ਖ਼ਬਰ? ਤੈਨੂੰ ਕੀ ਹੱਕ ਹੈ ਮੈਨੂੰ ਫੋਨ ਕਰਨ ਦਾ? ਇਸ ਤੋਂ ਇਲਾਵਾ ਇਸ ਡਾਕਟਰ ਵਲੋਂ ਪੱਤਰਕਾਰ ਨੂੰ ਹੋਰ ਵੀ ਬਹੁਤ ਕੁਝ ਬੁਰਾ ਭਲਾ ਕਿਹਾ ਗਿਆ। ਡਾਕਟਰ ਦੇ ਇਸ ਮਾੜੇ ਵਤੀਰੇ ਦਾ ਪ੍ਰੈੱਸ ਕਲੱਬ ਰਜਿ: ਮਹਿਲ ਕਲਾਂ ਦੇ ਸਮੂਹ ਅਹੁਦੇਦਾਰਾਂ ਨੇ ਗੰਭੀਰ ਨੋਟਿਸ ਲੈਂਦਿਆਂ ਸਖ਼ਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ। ਪ੍ਰੈੱਸ ਕਲੱਬ ਦੇ ਪ੍ਰਧਾਨ ਬਲਜਿੰਦਰ ਸਿੰਘ ਢਿੱਲੋਂ ਨੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਤੋਂ ਮੰਗ ਕੀਤੀ ਕਿ ਇਸ ਸੰਕਟ ਦੇ ਸਮੇਂ ‘ਚ ਆਪਣੀ ਡਿਊਟੀ ਤੋਂ ਕੁਤਾਹੀ ਵਰਤਣ ਵਾਲੇ ਅਤੇ ਮੀਡੀਆ ਕਰਮੀ ਨਾਲ ਬਿਨ੍ਹਾਂ ਕਿਸੇ ਗੱਲ ਤੋਂ ਦੁਰਵਿਹਾਰ ਕਰਨ ਵਾਲੇ ਇਸ ਡਾਕਟਰ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਪ੍ਰੈੱਸ ਕਲੱਬ ਮਹਿਲ ਕਲਾਂ ਦੇ ਸਰਪ੍ਰਸਤ ਪ੍ਰੀਤਮ ਸਿੰਘ ਦਰਦੀ, ਚੇਅਰਮੈਨ ਅਵਤਾਰ ਸਿੰਘ ਅਣਖੀ, ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਸੋਨੀ, ਮੀਤ ਪ੍ਰਧਾਨ ਗੁਰਮੁੱਖ ਸਿੰਘ ਹਮੀਦੀ, ਖਜ਼ਾਨਚੀ ਬਲਵਿੰਦਰ ਸਿੰਘ ਵਜੀਦਕੇ, ਰਮਨਦੀਪ ਸਿੰਘ ਠੁੱਲੀਵਾਲ, ਜਗਸੀਰ ਸਿੰਘ ਧਾਲੀਵਾਲ, ਗੁਰਪ੍ਰੀਤ ਸਿੰਘ ਅਣਖੀ ਦੀ ਅਗਵਾਈ ‘ਚ ਪ੍ਰੈੱਸ ਕਲੱਬ ਮਹਿਲ ਕਲਾਂ ਦੇ ਇਕ ਵਫ਼ਦ ਨੇ ਡਿਪਟੀ ਕਮਿਸ਼ਨਰ ਬਰਨਾਲਾ, ਸਿਵਲ ਸਰਜਨ ਬਰਨਾਲਾ, ਸੀਨੀਅਰ ਮੈਡੀਕਲ ਅਫ਼ਸਰ ਮਹਿਲ ਕਲਾਂ ਨੂੰ ਲਿਖਤੀ ਤੌਰ ‘ਤੇ ਜਾਣੂ ਕਰਵਾਉਂਦਿਆਂ ਇਨਸਾਫ਼ ਦੀ ਮੰਗ ਕੀਤੀ ਹੈ। ਮੀਡੀਆ ਕਰਮੀਆਂ ਨੇ ਕਿਹਾ ਕਿ ਜੇਕਰ ਇਸ ਡਾਕਟਰ ਖ਼ਿਲਾਫ਼ ਕੋਈ ਕਾਰਵਾਈ ਨਾ ਕੀਤੀ ਗਈ ਉਨ੍ਹਾਂ ਵਲੋਂ ਜ਼ਿਲ੍ਹਾ ਜਥੇਬੰਦੀ ਦੇ ਸਹਿਯੋਗ ਨਾਲ ਸੰਘਰਸ਼ ਵਿੱਢਿਆ ਜਾਵੇਗਾ। ਉੱਧਰ ਡਾਕਟਰ ਸ਼ਿਪਲਮ ਅਗਨੀਹੋਤਰੀ ਨੇ ਪੱਤਰਕਾਰਾਂ ਵੱਲੋਂ ਖੁਦ ਉਪਰ ਲਾਏ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਉਨ੍ਹਾਂ ਕੋਈ ਦੁਰਵਿਵਹਾਰ ਨਹੀਂ ਕੀਤਾ, ਪਰੰਤੂ ਐਮਰਜੈਂਸੀ ਹਾਲਤ ਚ, ਡਿਊਟੀ ਦੋ ਦੌਰਾਨ ਵਾਰ ਵਾਰ ਫੋਨ ਕਰਨ ਤੋਂ ਜਰੂਰ ਵਰਜਿਆ ਸੀ, ਕਿਉਂਕਿ ਵਾਰ ਵਾਰ ਫੋਨ ਸੁਣਦੇ ਰਹਿਣ ਨਾਲ ਮਰੀਜਾਂ ਦੇ ਇਲਾਜ ਕਰਨ ਚ, ਡਿਸਟਰਬੇਸ਼ਨ ਜਰੂਰ ਹੁੰਦੀ ਹੈ।