45 ਮਿੰਟਾਂ ਚ, ਹੋਇਆ ਲੱਖਾ ਰੁਪੱਈਆਂ ਦਾ ਨੁਕਸਾਨ
ਹਰਿੰਦਰ ਨਿੱਕਾ ਬਰਨਾਲਾ 13 ਜੂਨ 2020
ਕਰੀਬ 45 ਕੁ ਮਿੰਟ ਦੀ ਤੇਜ਼ ਹਨ੍ਹੇਰੀ ਦੇ ਚਲਦਿਆਂ ਪਿੰਡ ਠੀਕਰੀਵਾਲਾ ਚ, ਤੂਫਾਨ ਨੇ ਭਾਰੀ ਤਬਾਹੀ ਮਚਾ ਦਿੱਤੀ। ਤੂਫਾਨ ਨਾਲ ਘਰਾਂ ਨੂੰ ਲੱਗੇ ਹੋਏ ਲੋਹੇ ਦੇ ਭਾਰੇ ਗੇਟ ਟੁੱਟ ਟੁੱਟ ਕੇ ਦੂਰ ਦੂਰ ਸੜਕਾਂ ਤੇ ਜਾ ਕੇ ਡਿੱਗ ਪਏ। ਨਾਥਾਂ ਦੇ ਟਿੱਲੇ ਵਾਲੀ ਢਾਬ ਤੇ ਸਦੀਆਂ ਪੁਰਾਣੇ ਉੱਗੇ ਭਾਰੀ ਦਰਖਤ ਵੀ ਜੜ੍ਹ ਤੋਂ ਉੱਖੜ ਗਏ। ਕਈ ਦਰਖਤਾਂ ਦੇ ਡਾਹਣੇ ਵੀ ਤਾੜ ਤਾੜ ਕਰਕੇ ਇੱਧਰ ਉੱਧਰ ਖਿੰਡ-ਪੁੰਡ ਗਏ। ਬਲਵਿੰਦਰ ਸਿੰਘ ਦੀ ਕੋਠੀ ਨੂੰ ਲੱਗਿਆ ਲੋਹੇ ਦਾ ਗੇਟ ਤੂਫਾਨ ਨੇ ਪੁੱਟ ਕੇ ਮਰੋੜ ਦਿੱਤਾ। ਇਸ ਦੀ ਕੀਮਤ ਕਰੀਬ 30 ਕੁ ਹਜਾਰ ਰੁਪਏ ਦੱਸੀ ਜਾ ਰਹੀ ਹੈ। ਦਵਿੰਦਰ ਸਿੰਘ ਗਿੱਲ ਦੇ ਸ਼ਟਰ ਅਤੇ ਪਸ਼ੂਆਂ ਵਾਲਾ ਸ਼ੈਡ ਵੀ ਤੂਫਾਨ ਉਡਾ ਦੇ ਦੂਰ ਲੈ ਗਿਆ। ਇਸ ਨਾਲ ਦਵਿੰਦਰ ਗਿੱਲ ਦਾ ਭਾਰੀ ਨੁਕਸਾਨ ਹੋਇਆ ਹੈ। ਭੋਲਾ ਸਿੰਘ ਢਿੱਲੋਂ ਦੀ ਕੋਠੀ ਨੂੰ ਲਾਇਆ ਲੋਹੇ ਦਾ ਵੱਡਾ ਗੇਟ ਵੀ ਤੂਫਾਨ ਨੇ ਮਰੂਆ ਸਣੇ ਪੁੱਟ ਕੇ ਸੜਕ ਤੇ ਮਾਰਿਆ। ਪ੍ਰਭੁ ਸਿੰਘ ਮਾਨ ਦੇ ਪਸ਼ੁਆਂ ਵਾਲਾ ਕੀਮਤੀ ਸ਼ੈਡ ਅਤੇ ਕੰਬਾਈਨ ਖੜੀ ਕਰਨ ਵਾਲਾ ਪੂਰਾ ਢਾਂਚਾ ਹੀ ਸਮੇਤ ਦੀਵਾਰਾਂ ਢਹਿ ਢੇਰੀ ਹੋ ਗਏ। ਪ੍ਰਭੂ ਸਿੰਘ ਮਾਨ ਦਾ ਤੂਫਾਨ ਨਾ ਕਰੀਬ 3 ਲੱਖ ਦਾ ਨੁਕਸਾਨ ਹੋਇਆ ਹੈ। ਮਨਜੀਤ ਸਿੰਘ ਗਿੱਲ ਦੇ ਖੇਤ ਚ, ਲੱਗਿਆ ਟ੍ਰਾਂਸਫਾਰਮਰ ਵੀ ਖੰਭਿਆਂ ਸਣੇ ਟੁੱਟ ਕੇ ਡਿੱਗ ਪਿਆ। ਬਲਵਿੰਦਰ ਸਿੰਘ ਠੀਕਰੀਵਾਲਾ ਨੇ ਦੱਸਿਆ ਕਿ ਨਗਰ ਦੀ ਪੁਰਾਣੀ ਨਾਥਾਂ ਵਾਲੀ ਢਾਬ ਤੇ ਸਦੀਆਂ ਪੁਰਾਣੇ ਬਰੋਟੇ ਤੇ ਹੋਰ ਦਰਖਤ ਉੱਗੇ ਹੋਏ ਹਨ। ਜਿਨ੍ਹਾਂ ਨੇ 150/200 ਵਰ੍ਹਿਆਂ ਚ, ਕਿੱਨ੍ਹੇ ਹੀ ਤੂਫਾਨ ਤੇ ਝੱਖੜ ਝੱਲੇ ਹੋਣਗੇ। ਪਰ ਹੁਣ ੳਹ ਵੀ ਖੁਦ ਨੂੰ ਅਜਿਹੇ ਤੂਫਾਨ ਤੋਂ ਬਚਾਅ ਨਹੀਂ ਪਾਏ। ਉਨ੍ਹਾਂ ਕਿਹਾ ਕਿ ਪਿੰਡ ਅਤੇ ਆਸ ਪਾਸ ਦੇ ਹੋਰ ਕਿੰਨ੍ਹੇ ਲੋਕਾਂ ਦਾ ਕਿੰਨ੍ਹਾਂ ਵੱਡਾ ਨੁਕਸਾਨ ਹੋਇਆ ਹੋਵੇਗਾ। ਇਹ ਤਾਂ ਪ੍ਰਸ਼ਾਸ਼ਨ ਵੱਲੋਂ ਸਰਵੇ ਕਰਵਾਉਣ ਤੋਂ ਬਾਅਦ ਹੀ ਸਾਹਮਣੇ ਆ ਸਕਦਾ ਹੈ। ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸ਼ਨ ਤੋਂ ਤੂਫਾਨ ਦੀ ਵਜ੍ਹਾ ਨਾਲ ਹੋਏ ਆਰਥਿਤ ਨੁਕਸਾਨ ਦੀ ਪੂਰਤੀ ਲਈ ਲੋਕਾਂ ਨੂੰ ਆਰਥਿਕ ਸਹਾਇਤਾ ਦੇਣ ਦੀ ਮੰਗ ਵੀ ਕੀਤੀ ਹੈ।