ਹਰਿੰਦਰ ਨਿੱਕਾ , ਬਰਨਾਲਾ 3 ਨਵੰਬਰ 2023
ਹਰਿਆਣਾ ਰਾਜ ਦੀ ਸੋਨੀਪਤ ਅਦਾਲਤ ਦੇ ਰਿਟਾਇਰਡ ਐਡੀਸ਼ਨਲ ਸ਼ੈਸ਼ਨ ਜੱਜ ਸ੍ਰੀ ਰਜਿੰਦਰਪਾਲ ਗੋਇਲ ਨੇ ਡਿਸਟ੍ਰਿਕਟ ਕੋਰਟ ਬਰਨਾਲਾ ਵਿਖੇ ਪਰਮਾਨੈਂਟ ਲੋਕ ਅਦਾਲਤ ਦੇ ਬਤੌਰ ਚੇਅਰਮੈਨ ਅਹੁਦਾ ਸੰਭਾਲ ਲਿਆ। ਸ੍ਰੀ ਗੋਇਲ ਦੀ ਇਮਾਨਦਾਰੀ ਦੇ ਸਦਕਾ ਰਿਟਾਇਰਮੈਂਟ ਤੋਂ ਪਹਿਲਾਂ ਹੀ ਉਨ੍ਹਾਂ ਨੂੰ ਪੰਜਾਬ ਸਟੇਟ ਲੀਗਲ ਸਰਵਿਸਿਜ਼ ਅਥਾਰਟੀ ਦੇ ਹੁਕਮਾਂ ਅਧੀਨ ਪਰਮਾਨੈਂਟ ਲੋਕ ਅਦਾਲਤ ਬਰਨਾਲਾ ਦੇ ਚੇਅਰਮੈਨ ਨਿਯੁਕਤ ਕਰ ਦਿੱਤਾ ਗਿਆ ਸੀ। ਸ੍ਰੀ ਰਜਿੰਦਰਪਾਲ ਗੋਇਲ ਨੇ ਅੱਜ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨ ਜੱਜ ਬਰਨਾਲਾ ਸ੍ਰੀ ਬੀ ਬੀ ਐਸ ਤੇਜੀ ਦੀ ਰਹਿਨੁਮਾਈ ਹੇਠ ਪਰਮਾਨੈਂਟ ਲੋਕ ਅਦਾਲਤ ਦੇ ਚੇਅਰਮੈਨ ਦੇ ਤੌਰ ਤੇ ਜੁਆਇਨ ਕੀਤਾ ਹੈ। ਇਹਨਾਂ ਦੇ ਨਾਲ ਪਰਮਾਨੈਂਟ ਲੋਕ ਅਦਾਲਤ ਦੇ ਦੋ ਮੈਂਬਰ ਸਹਿਬਾਨ ਸ੍ਰੀ ਬਸੰਤ ਜਿੰਦਲ ( ਰਿਟਾਇਰਡ ਚੀਫ਼ ਇੰਜੀਨੀਅਰ) ਅਤੇ ਮੁਨੀਸ਼ ਕਾਂਸਲ ਹਨ। ਇਸ ਮੌਕੇ ਜਿਲ੍ਹਾ ਬਾਰ ਐਸੋਸ਼ੀਏਸ਼ਨ ਦੇ ਪ੍ਰਧਾਨ ਨਿਤਿਨ ਬਾਂਸਲ, ਸੈਕਟਰੀ ਨਵੀਨ ਗਰਗ , ਨਿਰਭੈ ਸਿੰਘ ਵਾਈਸ ਪ੍ਰਧਾਨ, ਸਰਬਜੀਤ ਮਾਨ ਜੁਆਇੰਟ ਸਕੱਤਰ, ਐਡਵੋਕੇਟ ਸ਼ਿਵਦਰਸ਼ਨ ਬਾਂਸਲ,ਐਡਵੋਕੇਟ ਗੌਰਵ ਬਾਂਸਲ ,ਐਡਵੋਕੇਟ ਪ੍ਰਿਥੀ ਪਾਲ ਸਿੰਘ , ਐਡਵੋਕੇਟ ਸੰਦੀਪ ਕੁਮਾਰ, ਐਡਵੋਕੇਟ ਮਨੀਸ਼ ਕੁਮਾਰ ਅਤੇ ਐਡਵੋਕੇਟ ਲਖਵਿੰਦਰ ਸਿੰਘ ਆਦਿ ਹੋਰ ਅਦਾਲਤੀ ਸਟਾਫ ਵੀ ਹਾਜ਼ਰ ਸਨ। ਇਸ ਮੌਕੇ ਚੇਅਰਮੈਨ ਸ੍ਰੀ ਰਜਿੰਦਰਪਾਲ ਗੋਇਲ ਨੂੰ ਜ਼ਿਲ੍ਹਾ ਅਤੇ ਸੈਸ਼ਨ ਜੱਜ ਬਰਨਾਲਾ ਸ੍ਰੀ ਬੀ ਬੀ ਐਸ ਤੇਜੀ ਤੇ ਹੋਰਨਾਂ ਨੇ ਅਹੁਦਾ ਸੰਭਾਲੇ ਜਾਣ ਤੇ ਵਧਾਈ ਦਿੱਤੀ। ਚੇਅਰਮੈਨ ਸ੍ਰੀ ਰਜਿੰਦਰਪਾਲ ਗੋਇਲ ਨੇ ਅਹੁਦਾ ਸੰਭਾਲਣ ਉਪਰੰਤ ਕਿਹਾ ਕਿ ਪਰਮਾਨੈਂਟ ਲੋਕ ਅਦਾਲਤਾਂ ,ਲੰਬੇ ਸਮੇਂ ਤੋਂ ਪਬਲਿਕ ਯੂਟੀਲਿਟੀ ਸਰਵਿਸਜ ਦੇ ਪੈਂਡਿੰਗ ਕੇਸਾਂ ਦੇ ਨਿਪਟਾਰੇ ਲਈ ਵਰਦਾਨ ਸਾਬਿਤ ਹੋ ਰਹੀਆਂ ਹਨ । ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਦੀ ਜੁਡੀਸ਼ਿਅਲ ਸਰਵਿਸ ਵਾਂਗ ਹੀ ਇਮਾਨਦਾਰੀ ਅਤੇ ਪਾਰਦਰਸ਼ੀ ਢੰਗ ਨਾਲ, ਲੋਕਾਂ ਨੂੰ ਇਨਸਾਫ ਮੁਹੱਈਆ ਕਰਵਾਉਣ ਵਿੱਚ ਹਰ ਕੋਸ਼ਿਸ਼ ਕਰਾਂਗਾ ਤਾਂਕਿ ਲੋਕਾਂ ਦਾ ਨਿਆਂ ਪ੍ਰਣਾਲੀ ਵਿੱਚ ਭਰੋਸਾ ਬਰਕਰਾਰ ਰਹਿ ਸਕੇ।