ਅਸ਼ੋਕ ਵਰਮਾ, ਬਠਿੰਡਾ, 3 ਨਵੰਬਰ 2023
ਬਠਿੰਡਾ ਦੀ ਮੇਅਰ ਰਮਨ ਗੋਇਲ ਨੂੰ ਅਹੁਦੇ ਤੋਂ ਹਟਾਉਣ ਲਈ ਕਾਂਗਰਸੀ ਕੌਂਸਲਰਾਂ ਵੱਲੋਂ ਦਿੱਤੇ ਬੇਵਿਸਾਹੀ ਮਤੇ ਦੇ ਅਧਾਰ ਤੇ ਬਹੁਮੱਤ ਦੀ ਪਰਖ ਲਈ ਨਗਰ ਨਿਗਮ ਬਠਿੰਡਾ ਦੇ ਕਮਿਸ਼ਨਰ ਨੇ ਪੱਤਰ ਜਾਰੀ ਕਰਕੇ 15 ਨਵੰਬਰ ਨੂੰ ਮੀਟਿੰਗ ਸੱਦ ਲਈ ਹੈ। ਡਿਪਟੀ ਕਮਿਸ਼ਨਰ ਕਮ ਵਾਧੂੰ ਚਾਰਜ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ। ਕਾਂਗਰਸੀ ਕੌਂਸਲਰਾਂ ਨੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ਤੇ ਡਿਪਟੀ ਮੇਅਰ ਹਰਮਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਲੰਘੀ 17 ਅਕਤੂਬਰ ਨੂੰੰ ਮੇਅਰ ਖਿਲਾਫ ਬਵਿਸਾਹੀ ਦਾ ਮੌਤਾ ਸੌਂਪਿਆ ਸੀ। ਮਤੇ ਰਾਹੀਂ ਮੰਗ ਕੀਤੀ ਗਈ ਕਿ ਕਮਿਸ਼ਨਰ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਸੱਦਣ ਅਤੇ ਮੇਅਰ ਰਮਨ ਗੋਇਲ ਨੂੰ ਬਹੁਮਤ ਸਾਬਤ ਕਰਨ ਲਈ ਕਹਿਣ।
ਨਿਯਮਾਂ ਮੁਤਾਬਕ ਇੱਕ ਮਹੀਨੇ ਦੇ ਅੰਦਰ ਅੰਦਰ ਜਰਨਲ ਹਾਊਸ ਦੀ ਮੀਟਿੰਗ ਸੱਦਣੀ ਹੁੰਦੀ ਹੈ ਜਿਸ ਤਹਿਤ ਹੁਣ ਸ਼ਕਤੀ ਪ੍ਰਦਰਸ਼ਨ ਲਈ 15 ਨਵੰਬਰ ਦਾ ਦਿਨ ਤੈਅ ਹੋਇਆ ਹੈ। ਨਗਰ ਨਿਗਮ ਦੇ ਜਰਨਲ ਹਾਊਸ ਦੀ ਮੀਟਿੰਗ ਦੌਰਾਨ ਮੇਅਰ ਨੂੰ ਗੱਦੀ ਤੋਂ ਉਤਾਰਨ ਲਈ ਕਾਂਗਰਸ ਪਾਰਟੀ ਨੂੰ ਮਤੇ ਦੇ ਹੱਕ ਵਿੱਚ ਦੋ ਤਿਹਾਈ ਕੌਂਸਲਰਾਂ ਦੀਆਂ ਵੋਟਾਂ ਪੁਆਉਣੀਆਂ ਪੈਣਗੀਆਂ। ਦੂਜੇ ਪਾਸੇ ਬੇਵਿਸਾਹੀ ਦੇ ਮਤੇ ਨੂੰ ਰੱਦ ਕਰਵਾਉਣ ਲਈ ਮੇਅਰ ਧੜੇ ਨੂੰ ਸਿਰਫ ਡੇਢ ਦਰਜ਼ਨ ਕੌਂਸਲਰਾਂ ਦੇ ਸਾਥ ਦੀ ਜਰੂਰਤ ਹੈ। ਇਸ ਮਾਮਲੇ ’ਚ ਅਕਾਲੀ ਦਲ ਦੀ ਭੂਮਿਕਾ ਕਾਫੀ ਅਹਿਮ ਮੰਨੀ ਜਾ ਰਹੀ ਹੈ ਜਿਸ ਦੇ ਨਿਗਮ ’ਚ ਛੇ ਕੌਂਸਲਰ ਹਨ। ਮੇਅਰ ਨੂੰ ਅਹੁਦੇ ਤੋਂ ਹਟਾਉਣ ਦੀ ਮੁਹਿੰਮ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਨ ਗਰਗ ਦੇ ਹੱਥ ਹੈ ।
ਮੇਅਰ ਧੜੇ ਦੀ ਪਿੱਠ ਮਨਪ੍ਰੀਤ ਬਾਦਲ ਦੇ ਰਿਸ਼ਤੇਦਾਰ ਅਤੇ ਜੋਜੋ ਦੇ ਨਾਮ ਨਾਲ ਜਾਣੇ ਜਾਂਦੇ ਜੈਜੀਤ ਸਿੰਘ ਜੌਹਲ ਵੱਲੋਂ ਥਾਪੜੀ ਜਾ ਰਹੀ ਹੈ। ਜਰਨਲ ਹਾਊਸ ਦੀ ਮੀਟਿੰਗ ਵਿੱਚ 12 ਦਿਨ ਬਾਕੀ ਹਨ ਫਿਰ ਵੀ ਕੋਈ ਧਿਰ ਅਜੇ ਪੱਤੇ ਖੋਹਲਣ ਤੋਂ ਬਚ ਰਹੀ ਹੈ। ਹਾਲਾਂਕਿ ਕਾਂਗਰਸ ਹਮਾਇਤੀ ਕੌਂਸਲਰ ਬੋਤਾ ਰੇਲ ਚੜ੍ਹਾਉਣ ਦਾ ਦਮ ਭਰ ਰਹੇ ਹਨ ਅਤੇ ਮੇਅਰ ਧੜਾ ਮਤਾ ਰੱਦ ਕਰਵਾਉਣ ਦੀ ਤਾਕਤ ਹੋਣ ਦਾ ਦਾਅਵਾ ਕਰ ਰਿਹਾ ਹੈ ਪਰ ਹਾਊਸ ਮੀਟਿੰਗ ’ਚ ਪਤਾ ਲੱਗੇਗਾ ਕਿ ਕਿਸ ਦੀ ਝੋਲੀ ਵਿੱਚ ਕਿੰਨੇਂ ਦਾਣੇ ਹਨ। ਮੀਟਿੰਗ ਇਹ ਵੀ ਸਪਸ਼ਟ ਕਰੇਗੀ ਕਿ ਬਠਿੰਡਾ ਦੀ ਸਿਆਸੀ ਚੌਧਰ ਦਾ ਤਾਜ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸਿਰ ਸੱਜ਼ਦਾ ਹੈ ਜਾਂ ਫਿਰ ਚੌਧਰੀ ਦੀ ਗੱਦੀ ਤੇ ਮਨਪ੍ਰੀਤ ਬਾਦਲ ਕਾਬਜ਼ ਰਹਿੰਦੇ ਹਨ।
ਸਿਆਸੀ ਮਾਹਿਰਾਂ ਨੇ ਮੇਅਰ ਖਿਲਾਫ ਸ਼ੁਰੂ ਹੋਈ ਲੜਾਈ ਨੂੰ ਰਾਜਾ ਵੜਿੰਗ ਤੇ ਮਨਪ੍ਰੀਤ ਬਾਦਲ ਵਿਚਕਾਰ ਸ਼ਰੀਕੇਬਾਜ਼ੀ ਦਾ ਸਿੱਟਾ ਕਰਾਰ ਦਿੱਤਾ ਹੈ । ਦੋਵਾਂ ਆਗੂਆਂ ਵਿਚਕਾਰ ਸਾਲ 2019 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਖੜਕਦੀ ਚਲੀ ਆ ਰਹੀ ਹੈ। ਇੰਨ੍ਹਾਂ ਚੋਣਾਂ ਮੌਕੇ ਰਾਜਾ ਵੜਿੰਗ ਸ਼ਹਿਰੀ ਹਲਕੇ ਤੋਂ ਹਾਰ ਗਏ ਸਨ ਜਿਸ ਲਈ ਉਹ ਮਨਪ੍ਰੀਤ ਬਾਦਲ ਤੇ ਸੂਈ ਟਿਕਾਉਂਦੇ ਆ ਰਹੇ ਹਨ। ਇਸ ਸਿਆਸੀ ਜੰਗ ਦਰਮਿਆਨ ਸਾਲ 2021 ’ਚ ਨਗਰ ਨਿਗਮ ਬਠਿੰਡਾ ਦੀਆਂ ਚੋਣਾਂ ਹੋਈਆਂ ਸਨ। ਇਸ ਮੌਕੇ 50 ਵਾਰਡਾਂ ਚੋਂ 43 ਵਿੱਚ ਜਿੱਤੀ ਸੀ ਅਤੇ ਸੱਤ ਵਾਰਡਾਂ ’ਚ ਅਕਾਲੀ ਦਲ ਜਿੱਤਿਆ ਸੀ। ਇੰਨ੍ਹਾਂ ਚੋਣਾਂ ਮੌਕੇ ਤੱਤਕਾਲੀ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਜੀ ਤੋੜ ਮਿਹਨਤ ਕੀਤੀ ਅਤੇ ਉਹ ਕਿਹੜਾ ਇਲਾਕਾ ਜੋ ਗਾਹਿਆ ਨਹੀਂ ਸੀ।
ਇਨ੍ਹਾਂ ਸਿਆਸੀ ਭਲਵਾਨੀ ਗੇੜਿਆਂ ਦਾ ਲਾਹਾ ਵੀ ਮਿਲਿਆ ਅਤੇ 53 ਸਾਲ ਬਾਅਦ ਸ਼ਹਿਰ ਦੇ ਮੁੱਖ ਅਹੁਦੇ ਤੇ ਕਾਂਗਰਸ ਕਬਜ਼ਾ ਜਮਾਉਣ ’ਚ ਸਫਲ ਹੋ ਗਈ। ਨਗਰ ਨਿਗਮ ਚੋਣਾਂ ਮੌਕੇ ਕਾਂਗਰਸ ਪਾਰਟੀ ਵੱਲੋਂ ਸੀਨੀਅਰ ਕਾਂਗਰਸੀ ਆਗੂ ਜਗਰੂਪ ਸਿੰਘ ਗਿੱਲ ਨੂੰ ਮੇਅਰ ਦੇ ਚਿਹਰੇ ਵਜੋਂ ਲੋਕਾਂ ਸਾਹਮਣੇ ਪੇਸ਼ ਕੀਤਾ ਗਿਆ ਸੀ ਉਦੋਂ ਮਨਪ੍ਰੀਤ ਬਾਦਲ ਵੀ ਇਹੋ ਆਖਿਆ ਕਰਦੇ ਸਨ ਅਤੇ ਲੋਕਾਂ ਨੂੰ ਇਸ ਦੀ ਉਮੀਦ ਵੀ ਸੀ । ਇਸੇ ਦੌਰਾਨ ਆਬਜ਼ਰਵਰ ਵਜੋਂ ਪੁੱਜੇ ਤੱਤਕਾਲੀ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਚੰਨੀ ਦੀ ਦੇਖ ਰੇਖ ਹੇਠ ਕਰਵਾਈ ਚੋਣ ਮੌਕੇ ਪਹਿਲੀ ਵਾਰ ਜਿੱਤ ਕੇ ਕੌਂਸਲਰ ਬਣੀ ਸਧਾਰਨ ਮਹਿਲਾ ਰਮਨ ਗੋਇਲ ਨੂੰ ਮੇਅਰ ਬਣਾ ਦਿੱਤਾ ਗਿਆ। ਇਸੇ ਕਾਰਨ ਮੇਅਰ ਨੂੰ ਮਨਪ੍ਰੀਤ ਬਾਦਲ ਦੀ ਹਮਾਇਤੀ ਮੰਨਿਆ ਜਾਂਦਾ ਹੈ।
ਮੇਅਰ ਦੀ ਚੇਅਰ ਟਿਕਦਿਆਂ ਹੀ ਜਗਰੂਪ ਗਿੱਲ ਨਰਾਜ਼ ਹੋ ਗਏ ਅਤੇ ਕਾਂਗਰਸ ਪਾਰਟੀ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਮੂਲੀਅਤ ਕਰ ਲਈ। ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਗਿੱਲ ਨੇ ਮਨਪ੍ਰੀਤ ਬਾਦਲ ਨੂੰ 63 ਹਜ਼ਾਰ ਤੋਂ ਵੱਧ ਵੋਟਾਂ ਨਾਲ ਕਰਾਰੀ ਹਾਰ ਦਿੱਤੀ ਜਿਸ ਦਾ ਇੱਕ ਕਾਰਨ ਮੇਅਰ ਦੀ ਚੋਣ ੰਨਿਆ ਜਾਂਦਾ ਹੈ। ਮਨਪ੍ਰੀਤ ਬਾਦਲ ਦੇ ਹਾਰਨ ਮਗਰੋਂ ਕਾਂਗਰਸੀ ਕੌਂਸਲਰਾਂ ਨੇ ਮੇਅਰ ਖਿਲਾਫ ਝੰਡਾ ਚੁੱਕ ਲਿਆ ਪਰ ਗੱਲ ਨਾਂ ਬਣ ਸਕੀ। ਇਸੇ ਸਾਲ ਮਨਪ੍ਰੀਤ ਬਾਦਲ ਭਾਜਪਾ ’ਚ ਸ਼ਾਮਲ ਹੋ ਗਏ ਸਨ ਜਿਸ ਤੋਂ ਪਿੱਛੋਂ ਕਾਂਗਰਸ ਨੇ ਰਮਨ ਗੋਇਲ ਸਮੇਤ ਉਨ੍ਹਾਂ ਦੇ ਹਮਾਇਤੀ ਕੌਂਸਲਰਾਂ ਨੂੰ ਪਾਰਟੀ ਚੋਂ ਕੱਢ ਦਿੱਤਾ ਅਤੇ ਕੁੱਝ ਆਪ ਲਾਂਭੇ ਹੋ ਗਏ । ਅਜਿਹੇ ਮਹੌਲ ਦੌਰਾਨ ਹੁਣ ਸਿਆਸਤ ਦਾ ਧੁਰਾ ਅਖਵਾਉਂਦੇ ਬਠਿੰਡਾ ਤੇ ਨਜ਼ਰਾਂ ਟਿਕ ਗਈਆਂ ਹਨ।